ਆਖ਼ਿਰ ਕਿਸ ਪਾਰਟੀ ਨੂੰ ਮਿਲੇਗੀ ਜਲੰਧਰ ਵੈਸਟ ਹਲਕੇ ਦੀ ਸੀਟ, ਦਾਅ ''ਤੇ ਲੱਗੀ ਦਿੱਗਜਾਂ ਦੀ ਸਾਖ਼

Tuesday, Jul 09, 2024 - 06:57 PM (IST)

ਜਲੰਧਰ (ਵੈੱਬ ਡੈਸਕ)- ਜਲੰਧਰ ਵੈਸਟ ਵਿਧਾਨ ਸਭਾ ਹਲਕੇ ’ਚ ਭਲਕੇ ਯਾਨੀ ਕਿ ਕੱਲ੍ਹ 10 ਜੁਲਾਈ ਨੂੰ ਵੋਟਾਂ ਪੈ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਸੀਟ ਨੂੰ ਜਿੱਤਣਾ ਭਾਜਪਾ, ‘ਆਪ’ਅਤੇ ਕਾਂਗਰਸ ਦੇ ਵੱਕਾਰ ਦਾ ਸਵਾਲ ਬਣ ਚੁੱਕਾ ਹੈ। ਜਲੰਧਰ ਵੈਸਟ ਦੀ ਇਹ ਸੀਟ ਕਿਸ ਪਾਰਟੀ ਦੀ ਝੋਲੀ ’ਚ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸੱਤਾ ਧਿਰ ਸਣੇ ਸਾਰੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਅਨੁਸੂਚਿਤ ਜਾਤੀ ਲਈ ਰਾਖਵੀਂ ਇਸ ਸੀਟ ’ਤੇ ਆਪਣੇ ਉਮੀਦਵਾਰ ਦੀ ਜਿੱਤ ਲਈ ਸੂਬਾਈ ਲੀਡਰਸ਼ਿਪ ਤੋਂ ਲੈ ਕੇ ਕੇਂਦਰ ਤੱਕ ਦੇ ਆਗੂਆਂ ਨੇ ਪ੍ਰਚਾਰ ’ਚ ਪੂਰਾ ਜ਼ੋਰ ਲਗਾਇਆ।

ਜ਼ਿਕਰਯੋਗ ਹੈ ਕਿ ਸਾਲ 2022 ’ਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਕੇ ਸ਼ੀਤਲ ਅੰਗੂਰਾਲ ਜਲੰਧਰ ਵੈਸਟ ਤੋਂ ਵਿਧਾਇਕ ਬਣੇ ਸਨ ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ’ਚ ਸ਼ਾਮਲ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਅਸਤੀਫ਼ਾ ਵਾਪਸ ਲੈਣ ਚਾਹਿਆ ਪਰ ਇਸ ਤੋਂ ਪਹਿਲਾਂ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੋ ਚੁੱਕਾ ਸੀ। ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਉਪਰੰਤ ਅਸਤੀਫ਼ਾ ਦੇਣ ਕਾਰਨ ਇਹ ਸੀਟ ਖਾਲੀ ਹੋਈ ਸੀ। ਇਸ ਲਈ ਇਸ ’ਤੇ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। 

ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਹਾਦਸੇ 'ਚ ਔਰਤ ਦੀ ਮੌਤ, ਟੁਕੜਿਆਂ 'ਚ ਮਿਲੀ ਲਾਸ਼, ਰਾਤ ਭਰ ਲੰਘਦੇ ਰਹੇ ਮ੍ਰਿਤਕ ਦੇਹ ਤੋਂ ਵਾਹਨ

ਜਲੰਧਰ ਵੈਸਟ ਹਲਕੇ ਵਿਚ ਮੁੱਖ ਮੁਕਾਬਲਾ ਸੱਤਾਧਾਰੀ 'ਆਪ', ਕਾਂਗਰਸ ਅਤੇ ਭਾਜਪਾ ਵਿਚਾਲੇ ਵੇਖਣ ਨੂੰ ਮਿਲੇਗਾ। 'ਆਪ' ਵੱਲੋਂ ਇਸ ਵਾਰ ਭਾਜਪਾ ਛੱਡ ਕੇ ਆਏ ਸਾਬਕਾ ਭਾਜਪਾ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤਰ ਮੋਹਿੰਦਰ ਪਾਲ ਭਗਤ, ਕਾਂਗਰਸ ਵੱਲੋਂ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਅਤੇ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਆਏ ਸਾਬਕਾ ਵਿਧਾਇਕ ਸ਼ੀਤਲ ਅੰਗੂੰਰਾਲ ਚੋਣ ਲੜ ਰਹੇ ਹਨ। ਅਕਾਲੀ ਦਲ ਵੱਲੋਂ ਸੁਰਜੀਤ ਕੌਰ ਚੋਣ ਲੜ ਰਹੇ ਹਨ, ਜਿਸ ਦੀ ਹਮਾਇਤ ’ਚ ਪਾਰਟੀ ਦਾ ਬਾਗ਼ੀ ਧੜਾ ਡਟਿਆ ਹੋਇਆ ਹੈ। ਚੋਣ ਪ੍ਰਚਾਰ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆ ਨੇ ਖੁੱਲ੍ਹ ਕੇ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕੀਤੀ। ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਆਪਣਾ ਅਕਸ ਬਚਾਉਣ ਦਾ ਸਵਾਲ ਬਣ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸਣੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਦੇ ਵੱਡੇ ਆਗੂਆਂ ਨੇ ਚੋਣ ਪ੍ਰਚਾਰ ’ਚ ਪੂਰਾ ਜ਼ੋਰ ਲਾਇਆ ਹੈ। ਇਥੋਂ ਤਕ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਪਰਿਵਾਰ ਸਮੇਤ 15 ਦਿਨਾਂ ਤੋਂ ਜਲੰਧਰ ’ਚ ਡੇਰੇ ਲਾਏ।

ਉਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਜਿਸ ਨੇ ਕਿ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਵਿਚੋਂ 45 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਜਿੱਤ ਦਰਜ ਕੀਤੀ ਸੀ, ਨੇ ਵੀ ਆਪਣਾ ਦਬਦਬਾ ਕਾਇਮ ਰੱਖਣ ਲਈ ਪੂਰਾ ਜ਼ੋਰ ਲਾਇਆ ਹੈ। ਭਾਜਪਾ ਪਾਰਟੀ ਵੀ ਹਰ ਹਾਲ ’ਚ ਇਸ ਹਲਕੇ ਤੋਂ ਚੋਣ ਜਿੱਤਣਾ ਚਾਹੁੰਦੀ ਹੈ। ਸੂਬੇ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋਕਿ ਇਸ ਸਮੇਂ ਦੋ ਧੜਿਆਂ ’ਚ ਵੰਡੀ ਜਾ ਚੁੱਕੀ ਹੈ, ਦੇ ਵੱਖ ਹੋਏ ਧੜੇ ਲਈ ਵੀ ਇਹ ਚੋਣ ਇਸ ਲਈ ਵੱਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ ਉਹ ਪਾਰਟੀ ਪ੍ਰਧਾਨ ਉਮੀਦਵਾਰ ਦੀ ਹਮਾਇਤ ਤੋਂ ਪਿੱਛੇ ਹਟ ਚੁੱਕੇ ਹਨ ਅਤੇ ਹੁਣ ਬਾਗ਼ੀ ਧੜਾ ਇਹ ਸਿੱਧ ਕਰਨਾ ਚਾਹੁੰਦਾ ਹੈ ਕਿ 'ਤੱਕੜੀ' ਚੋਣ ਨਿਸ਼ਾਨ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਅਧਿਕਾਰ ਹੈ ਨਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਧੜੇ ਦਾ। ਇਹ ਪਹਿਲੀ ਵਾਰ ਹੋ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਧੜੇ ਵੱਲੋਂ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਲਈ ਖੜ੍ਹਨ ਦੀ ਬਜਾਏ 'ਬਸਪਾ' ਉਮੀਦਵਾਰ ਬਿੰਦਰ ਲੱਖਾ ਦੇ ਹੱਕ ’ਚ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਦੱਸਣਯੋਗ ਹੈ ਕਿ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੂਰਾਲ ਤੋਂ ਇਲਾਵਾ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਦੀ ਲੰਬੀ ਚੌੜੀ ਫ਼ੌਜ ਹੋਣ ਦੇ ਬਾਵਜੂਦ ਭਾਜਪਾ ਨੂੰ ਲਗਭਗ 1550 ਵੋਟ ਤੋਂ ਵੈਸਟ ਹਲਕੇ ’ਚ ਹਾਰ ਮਿਲੀ। ਹੁਣ ਭਾਜਪਾ ਇਸ ਸੀਟ ਨੂੰ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ।  ਉਥੇ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ ਨਾਲ ਕਾਂਗਰਸੀ ਕਾਫ਼ੀ ਉਤਸ਼ਾਹਤ ਹਨ। ਵੈਸਟ ਹਲਕੇ ’ਚ ਕਾਂਗਰਸ ਨੂੰ ਮਿਲੀ ਜਿੱਤ ਨਾਲ ਵੀ ਕਾਂਗਰਸ ਦੇ ਹੌਂਸਲੇ ਬੁਲੰਦ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀ ਇਸ ਸੀਟ ਨੂੰ ਜਿੱਤਣ ਲਈ ਪੂਰਾ ਜ਼ੋਰ ਲਾ ਰਹੇ ਹਨ। ਇਸ ਸੀਟ ’ਤੇ 10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 13 ਜੁਲਾਈ ਨੂੰ ਨਤੀਜਾ ਐਲਾਨ ਕੀਤਾ ਜਾਵੇਗਾ।
 

ਇਹ ਵੀ ਪੜ੍ਹੋ- ਬੰਦ ਹੋ ਗਏ ਸ਼ਰਾਬ ਦੇ ਠੇਕੇ, ਦੋ ਦਿਨ ਨਹੀਂ ਮਿਲੇਗੀ ਦਾਰੂ, ਜਾਣੋ ਕੀ ਹੈ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News