ਹੈਰਾਨੀਜਨਕ: ਪਾਪੜਾ ਵਾਲਾ ਬਾਜ਼ਾਰ ਦੇ ਗ਼ਰੀਬ ਨੌਜਵਾਨ ਕੋਲ ਕਿੱਥੋਂ ਆਈ 6 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ
Tuesday, Sep 20, 2022 - 11:58 AM (IST)
ਅੰਮ੍ਰਿਤਸਰ (ਨੀਰਜ)- ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ 6.05 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਨੂੰ ਫੜਨ ਲਈ ਕਸਟਮ ਵਿਭਾਗ ਦੀ ਇਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ। ਇੱਥੇ ਵੱਡਾ ਸਵਾਲ ਵੀ ਖੜ੍ਹਾ ਹੋ ਗਿਆ ਹੈ ਕਿ ਆਖਰਕਾਰ ਪਾਪੜਾ ਵਾਲਾ ਬਾਜ਼ਾਰ ਦੇ ਰਹਿਣ ਵਾਲੇ ਇਕ ਗਰੀਬ ਨੌਜਵਾਨ ਕੋਲ ਕਰੋੜਾਂ ਰੁਪਏ ਦੀ ਵਿਦੇਸ਼ੀ ਕਰੰਸੀ ਕਿੱਥੋ ਆਈ ਹੈ। ਦੂਜੇ ਪਾਸੇ ਸੁਰੱਖਿਆ ਏਜੰਸੀਆਂ ਵਲੋਂ ਇਹ ਕਈ ਵਾਰ ਖੁਲਾਸਾ ਕੀਤਾ ਜਾ ਚੁੱਕਿਆ ਹੈ ਕਿ ਮਹਾਨਗਰਾ ’ਚ ਕੁਝ ਅਨਰਜਿਸਟਰਡ ਮਨੀ ਐਕਸਚੇਂਜ ਜਿਨ੍ਹਾਂ ਕੋਲ ਪੈਸੇ ਦਾ ਐਕਸਚੇਂਜ ਲਾਇਸੈਂਸ ਨਹੀਂ, ਉਹ ਵਿਦੇਸ਼ੀ ਕਰੰਸੀ ਦਾ ਕਾਲਾ ਕਾਰੋਬਾਰ ਕਰ ਰਹੇ ਹਨ ਅਤੇ ਹਵਾਲਾ ਕਾਰੋਬਾਰ ਕਰ ਰਹੇ ਹਨ।
ਮੁੱਖ ਤੌਰ ’ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਲੰਡਾ ਬਾਜ਼ਾਰ ਉਰਫ਼ ਚੋਰ ਬਾਜ਼ਾਰ ’ਚ ਕੁਝ ਅਜਿਹੇ ਕਾਰੋਬਾਰੀ ਹਨ, ਜੋ ਗੈਰ-ਕਾਨੂੰਨੀ ਤੌਰ ’ਤੇ ਵਿਦੇਸ਼ੀ ਕਰੰਸੀ ਦੀ ਖਰੀਦ ਅਤੇ ਵਿਕਰੀ ਦਾ ਕਾਲਾ ਧੰਦਾ ਕਰ ਰਹੇ ਹਨ ਅਤੇ ਦੇਸ਼ ਦੀ ਆਰਥਿਕਤਾ ਨੂੰ ਖੋਖਲਾ ਕਰਨ ਨਾਲ-ਨਾਲ ਹਵਾਲਾ ਦੇ ਜਰੀਏ ਵਿਦੇਸ਼ਾ ’ਚ ਬੈਠੇ ਅੱਤਵਾਦੀ, ਗੈਂਗਸਟਰਸ ਅਤੇ ਸਮੱਗਲਰਾਂ ਨੂੰ ਫੰਡਿੰਗ ਕਰ ਰਹੇ ਹਨ। ਕਸਟਮ ਵਿਭਾਗ ਵੀ ਇਸ ਜਾਂਚ ਲੱਗ ਗਿਆ ਹੈ ਅਤੇ ਵਿਭਾਗ ਦੇ ਰਡਾਰ ’ਤੇ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ੀ ਕਰੰਸੀ ਦਾ ਕੰਮ ਕਰਨ ਵਾਲੇ ਅਨਰਜਿਸਟਰਡ ਡੀਲਰ ਹਨ, ਜਿਨ੍ਹਾਂ ’ਤੇ ਜਲਦ ਹੀ ਸ਼ਿਕੰਜ਼ਾ ਕੱਸਿਆ ਜਾ ਸਕਦਾ ਹੈ।
ਚੋਣਾਂ ’ਚ ਵੀ ਇਕ ਮਨੀ ਐਕਚੇਂਜਰ ਤੋਂ ਫੜੀ ਗਈ ਸੀ 63 ਲੱਖ ਦੀ ਵਿਦੇਸ਼ੀ ਕਰੰਸੀ
ਗੈਰ-ਕਾਨੂੰਨੀ ਵਿਦੇਸ਼ੀ ਕਰੰਸੀ ਬਾਰੇ ਗੱਲ ਕਰੀਏ ਤਾਂ ਅੰਮ੍ਰਿਤਸਰ ’ਚ ਇਸ ਤੋਂ ਪਹਿਲਾਂ ਵੀ ਗੈਰ-ਕਾਨੂੰਨੀ ਤੌਰ ’ਤੇ ਲਿਆਂਦੀ ਜਾ ਰਹੀ ਵਿਦੇਸ਼ੀ ਕਰੰਸੀ ਫੜੀ ਗਈ ਸੀ। ਵਿਧਾਨ ਸਭਾ ਚੋਣਾਂ ਦੌਰਾਨ ਇਕ ਵਿਅਕਤੀ ਕੋਲੋਂ ਸਰਵਿਲੈਂਸ ਟੀਮ ਨੇ 63 ਲੱਖ ਰੁਪਏ ਦੀ ਕੀਮਤ ਦੇ ਯੂ. ਐੱਸ. ਡਾਲਰ ਨੂੰ ਜ਼ਬਤ ਕੀਤਾ ਸੀ, ਜਿਸ ਦਾ ਕੇਸ ਇਨਕਮ ਟੈਕਸ ਵਿਭਾਗ ਨੂੰ ਸੌਪਿਆਂ ਗਿਆ ਅਤੇ ਹੁਣ ਈ. ਡੀ. ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੈਂਕ ਤੋਂ ਜ਼ਿਆਦਾ ਕੀਮਤ ਦਿੰਦੇ ਹਨ ਅਨਰਜਿਸਟਰਡ ਮਨੀ ਐਕਸਚੇਂਜਰ
ਅਨਰਿਜਸਟਰਡ ਮਨੀ ਐਕਸਚੇਂਜ ਵਿਦੇਸ਼ੀ ਕਰੰਸੀ ਬਦਲਣ ਲਈ ਬੈਂਕ ਨਾਲੋਂ ਜ਼ਿਆਦਾ ਕੀਮਤ ਦਿੰਦੇ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਭਾਰਤੀ ਆਮ ਤੌਰ ’ਤੇ ਰਜਿਸਟਰਡ ਮਨੀ ਐਕਸਚੇਂਜਰਾਂ ਅਤੇ ਬੈਂਕਾਂ ’ਚ ਹੀ ਵਿਦੇਸ਼ੀ ਕਰੰਸੀ ਨੂੰ ਭਾਰਤੀ ਕਰੰਸੀ ’ਚ ਬਦਲਦੇ ਹਨ। ਪਰ ਗੈਰ-ਰਜਿਸਟਰਡ ਮਨੀ ਐਕਸਚੇਂਜਰ ਬੈਂਕ ਦੀ ਤੁਲਨਾ ’ਚ ਜ਼ਿਆਦਾ ਕੀਮਤ ਦੇ ਕੇ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਫਸਾਉਂਦੇ ਹਨ ਅਤੇ ਵਿਦੇਸ਼ੀ ਕਰੰਸੀ ਦਾ ਗੈਰ-ਕਾਨੂੰਨੀ ਗਤੀਵਿਧੀਆਂ ’ਚ ਵਰਤੋਂ ਕਰਦੇ ਹਨ।
ਸ਼ੂਗਰ ਦਾ ਮਰੀਜ਼ ਹੋਣ ਕਾਰਨ ਨੌਜਵਾਨ ਦੇ ਪਿਤਾ ਨੂੰ ਕਸਟਮ ਨੇ ਛੱਡਿਆ
ਐੱਸ. ਜੀ. ਆਰ. ਡੀ. ਹਵਾਈ ਅੱਡੇ ’ਤੇ ਕਸਟਮ ਟੀਮ ਨੇ ਜਿਸ ਨੌਜਵਾਨ ਨੂੰ ਕਰੋੜਾਂ ਦੀ ਵਿਦੇਸ਼ੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਉਸ ਨੌਜਵਾਨ ਦਾ ਪਿਤਾ ਵੀ ਨੌਜਵਾਨ ਨਾਲ ਫੜਿਆ ਗਿਆ ਸੀ ਪਰ ਕਸਟਮ ਵਿਭਾਗ ਨੇ ਨੌਜਵਾਨ ਦੇ ਪਿਤਾ ਨੂੰ ਹਾਈ ਸ਼ੂਗਰ ਦਾ ਮਰੀਜ਼ ਹੋਣ ਕਾਰਨ ਰਿਹਾਅ ਕਰ ਦਿੱਤਾ ਅਤੇ ਨੌਜਵਾਨ ਦਾ ਰਿਮਾਂਡ ਲੈ ਕੇ ਉਸ ਦੇ ਹੋਰ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਨੌਜਵਾਨ ਸਿਰਫ ਕੋਰੀਅਰ ਹੈ, ਜਿਸ ਦਾ ਕੰਮ ਵਿਦੇਸ਼ੀ ਕਰੰਸੀ ਦੁਬਈ ਤੱਕ ਪਹੁੰਚਾਉਣਾ ਸੀ ਪਰ ਇਸ ਨੌਜਵਾਨ ਦੀ ਸੁਰੱਖਿਆ ਕਰਨ ਵਾਲਾ ਵਿਅਕਤੀ ਸੋਨੇ ਦੀ ਸਮੱਗਲਿੰਗ ਦਾ ਪੁਰਾਣਾ ਖਿਡਾਰੀ ਹੈ, ਜਿਸ ਬਾਰੇ ’ਚ ਵਿਭਾਗ ਨੂੰ ਜਾਣਕਾਰੀ ਮਿਲੀ ਚੁੱਕੀ ਹੈ। ਪਤਾ ਲੱਗਾ ਹੈ ਕਿ ਫੜਿਆ ਗਿਆ ਨੌਜਵਾਨ ਦੂਜੀ ਵਾਰ ਦੁਬਈ ਜਾ ਰਿਹਾ ਸੀ ਅਤੇ ਨੌਜਵਾਨ ਨੂੰ ਵਿਦੇਸ਼ੀ ਕਰੰਸੀ ਦੇਣ ਵਾਲਾ ਸਮੱਗਲਰ ਦਿੱਲੀ ਦਾ ਵਸਨੀਕ ਹੈ।