ਜਦੋਂ ਨਸ਼ੇ 'ਚ ਧੁੱਤ ਬੱਸ ਡਰਾਈਵਰ ਸਟੇਅਰਿੰਗ ਛੱਡ ਪਾਉਣ ਲੱਗਾ ਭੰਗੜਾ
Thursday, May 09, 2019 - 01:38 AM (IST)

ਫਿਲੌਰ- ਮੁੱਖ ਨੈਸ਼ਨਲ ਹਾਈਵੇਅ ਉਸ ਵਕਤ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ ਜੱਦੋ ਤੇਜ਼ ਰਫਤਾਰ ਨਾਲ ਦੋੜ ਰਹੀ ਸਵਾਰੀਆਂ ਨਾਲ ਭਰੀ ਨਿਜੀ ਕੰਪਨੀ ਦੀ ਬੱਸ ਦਾ ਡਰਾਈਵਰ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋਣ ਕਾਰਨ ਬੱਸ ਦਾ ਸਟੇਅਰਿੰਗ ਛੱਡ ਕੇ ਭੰਗੜਾ ਪਾਉਣ ਲਗ ਪਿਆ। ਜਦੋਂ ਸਵਾਰੀਆਂ ਨੇ ਬੱਸ ਰੋਕਣ ਲਈ ਕਿਹਾ ਤਾਂ ਬੱਸ ਵਿਚ ਸਵਾਰ ਚਾਲਕ ਦੇ ਨਾਲ ਬੈਠਾ ਇਕ ਹੋਰ ਵਿਅਕਤੀ ਜੱਸਾ ਜੋ ਖੁਦ ਵੀ ਨਸ਼ੇ ਵਿਚ ਧੁੱਤ ਸੀ ਤੇ ਆਪਣੇ ਆਪ ਨੂੰ ਬੱਸ ਦਾ ਮਾਲਕ ਦੱਸਦੇ ਹੋਏ ਉਲਟਾ ਸਵਾਰੀਆਂ ਨੂੰ ਧਮਕਾਉਣ ਲਗ ਪਿਆ ।ਜਿਸ ਤੋਂ ਬਾਅਦ ਸਵਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ।ਹੱਦ ਤਾਂ ਉਦੋਂ ਹੋ ਗਈ ਜਦੋਂ ਤੇਜ਼ ਰਫਤਾਰ ਨਾਲ ਦੌੜ ਰਹੀ ਬੱਸ ਦਾ ਚਾਲਕ ਸਟੇਅਰਿੰਗ ਛੱਡ ਕੇ ਖੜਾ ਹੋ ਗਿਆ ਅਤੇ ਉਸ ਦੇ ਨਾਲ ਖੜ੍ਹਾ ਵਿਅਕਤੀ ਡਰਾਈਵਰ ਸੀਟ 'ਤੇ ਜਾ ਬੈਠਾ।
ਇਸ ਦੌਰਾਨ ਉਨ੍ਹਾਂ ਦੀ ਬੱਸ ਆਪਣੇ ਅੱਗੇ ਜਾ ਰਹੀਆਂ ਦੋ ਬੱਸ ਨਾਲ ਜਾ ਟਕਰਾਈ ਜਦੋਂ ਚਾਲਕ ਨੇ ਬੱਸ ਫ਼ਿਰ ਵੀ ਬੱਸ ਨਾ ਰੋਕੀ ਤਾਂ ਉਨ੍ਹਾਂ ਦੀ ਬੱਸ ਆਪਣੇ ਅੱਗੇ ਜਾ ਰਹੇ ਲੱਕੜਾਂ ਨਾਲ ਭਾਰੇ ਆਟੋ ਰਿਕਸ਼ੇ ਨਾਲ ਜਾ ਟਕਰਾਈ। ਜਿਸ ਤੋਂ ਬਾਅਦ ਆਟੋ ਰਿਕਸ਼ੇ ਦੇ ਪਲਟਨ ਨਾਲ ਬੱਸ ਦੇ ਟਾਇਰਾਂ ਵਿਚ ਫਸਣ ਕਾਰਨ ਬੱਸ ਕੀਤੇ ਜਾ ਰੁਕੀ ਪ੍ਰੰਤੂ ਦੁਰਘਟਨਾ ਵਿਚ ਆਟੋ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਉਸ ਦੇ ਚਾਲਕ ਬਲਬੀਰ ਚੰਦ ਜ਼ਖਮੀ ਹੋ ਗਿਆ ।ਬੱਸ ਦੇ ਰੁਕਦੇ ਹੀ ਸਵਾਰੀਆਂ ਦੇ ਨਾਲ ਰਾਹ ਜਾਂਦੇ ਲੋਕਾਂ ਨੇ ਬੱਸ ਦੇ ਡਰਾਈਵਰ ਅਮਨਦੀਪ ਅਤੇ ਜੱਸਾ ਨੂੰ ਫੜ ਕੇ ਚੰਗਾ ਕੁਟਾਪਾ ਚਾੜਣਾ ਸ਼ੁਰੂ ਕਰ ਦਿੱਤਾ ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦਾ ਗੁੱਸਾ ਸ਼ਾਂਤ ਕੀਤਾ ਤੇ ਬੱਸ ਦੇ ਡਰਾਈਵਰ ਅਤੇ ਮਾਲਕ ਨੂੰ ਗਿਰਫ਼ਤਾਰ ਕਰ ਬੱਸ ਨੂੰ ਕਬਜ਼ੇ ਵਿਚ ਲੈ ਲਿਆ ।ਬੱਸ ਵਿਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਉਹ ਹੁਸ਼ਆਿਰਪੁਰ ਤੋਂ ਲੁਧਿਆਣਾ ਜਾਣ ਲਈ ਬੱਸ ਵਿਚ ਬੈਠੇ ਸਨ ਰਸਤੇ ਵਿਚ ਉਸ ਦੇ ਨਾਲ ਬੈਠੇ ਵਿਅਕਤੀ ਨੇ ਸ਼ਰਾਬ ਲੈ ਕੇ ਉਸ ਨੂੰ ਕੋਲਡ ਡ੍ਰਿੰਕ ਦੀ ਬੋਤਲ 'ਚ ਭਰ ਕੇ ਪੀਣਾ ਸ਼ੁਰੂ ਕਰ ਦਿੱਤਾ। ਫਲੌਰ ਪੁੱਜਦੇ ਹੋਏ ਉਹ ਦੋਵੇਂ ਨਸ਼ੇ ਵਿਚ ਧੁੱਤ ਹੋਣ ਕਾਰਨ ਇਹ ਕਾਰਨਾਮਾ ਕਰ ਦਿਖਾਇਆ।ਇਸ ਤੋਂ ਬਾਅਦ ਸਾਰੀਆਂ ਸਵਾਰੀਆ ਨੇ ਪੁਲਸ ਤੋਂ ਮੰਗ ਕੀਤੀ ਕਿ ਬੱਸ ਦਾ ਪਰਮਿਟ ਰੱਦ ਕਰਕੇ ਉਕਤ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।