ਦਾਣਾ ਮੰਡੀਆਂ ''ਚੋਂ ਸਿਰਫ 10 ਫੀਸਦੀ ਹੋਈ ਕਣਕ ਦੀ ਲਿਫਟਿੰਗ

04/26/2018 12:48:54 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ,   (ਬਾਵਾ/ਜਗਸੀਰ)-  ਦਾਣਾ ਮੰਡੀ ਨਿਹਾਲ ਸਿੰਘ ਵਾਲਾ ਅਤੇ ਹੋਰ ਲੋਕਲ ਮੰਡੀਆਂ 'ਚ ਲਿਫਟਿੰਗ ਨਾ ਹੋਣ 'ਤੇ ਆੜ੍ਹਤੀਆ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਨੰਗਲ ਦੀ ਅਗਵਾਈ 'ਚ ਪੰਜਾਬ ਦੀਆਂ ਵੱਖ-ਵੱਖ ਖਰੀਦ ਏਜੰਸੀਆਂ (ਪਨਗ੍ਰੇਨ, ਪੰਜਾਬ ਐਗਰੋ, ਮਾਰਕਫੈੱਡ ਅਤੇ ਵੇਅਰ ਹਾਊਸ) ਦੇ ਅਧਿਕਾਰੀਆਂ ਨੂੰ ਮੰਗ-ਪੱਤਰ ਦਿੱਤਾ ਗਿਆ। 
ਸਮੂਹ ਆੜ੍ਹਤੀਆ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਨਿਹਾਲ ਸਿੰਘ ਵਾਲਾ ਦੀ ਅਨਾਜ ਮੰਡੀ ਸਮੇਤ ਲੋਕਲ ਮੰਡੀਆਂ 'ਚ ਇਨ੍ਹਾਂ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਖਰੀਦੀ ਹੋਈ ਕਣਕ ਦੀ ਅਜੇ ਤੱਕ ਸਿਰਫ 10 ਫੀਸਦੀ ਲਿਫਟਿੰਗ ਹੀ ਹੋਈ ਹੈ, ਜਦੋਂ ਕਿ ਕਣਕ ਦੀ ਖਰੀਦ 98 ਫੀਸਦੀ ਹੋ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਅੱਗੇ ਮੌਸਮ ਖਰਾਬ ਹੁੰਦਾ ਹੈ ਜਾਂ ਕੋਈ ਬਾਰਦਾਨਾ ਫਟ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਏਜੰਸੀਆਂ ਅਤੇ ਅਧਿਕਾਰੀਆਂ ਦੀ ਹੋਵੇਗੀ ਅਤੇ ਇਸ ਲਈ ਆੜ੍ਹਤੀਏ ਜ਼ਿੰਮੇਵਾਰ ਨਹੀਂ ਹੋਣਗੇ।  ਉਨ੍ਹਾਂ ਕਿਹਾ ਕਿ ਸਾਡੀ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਨਾ ਆਵੇ।  ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਕਾ ਬਰਾੜ, ਪ੍ਰਧਾਨ ਹਰਨੇਕ ਸਿੰਘ ਬਰਾੜ, ਸਾਬਕਾ ਚੇਅਰਮੈਨ ਪ੍ਰੀਤਮ ਸਿੰਘ ਕੁੱਸਾ, ਪ੍ਰਦੀਪ ਗਰਗ, ਨਿਰਮਲ ਨਿੰਮਾ, ਸੋਨੀ ਅਰੋੜਾ, ਕ੍ਰਿਸ਼ਨ ਗਰਗ, ਬੱਬਲ ਜੈਨ, ਧਰਮਵੀਰ ਜੈਨ, ਮੇਸ਼ੀ ਸੈਦੋਕੇ, ਸ਼ਿੰਦਰ ਸ਼ਰਮਾ ਤੋਂ ਇਲਾਵਾ ਸਮੂਹ ਆੜ੍ਹਤੀਏ ਹਾਜ਼ਰ ਸਨ।


Related News