ਯਾਦਗਾਰੀ ਹੋ ਨਿਬੜਿਆ ਪੰਜਾਬ ਸਰਕਾਰ ਵੱਲੋਂ ‘ਧੀਆਂ ਦੀ ਲੋਹੜੀ’ ਨੂੰ ਸਮਰਪਿਤ ਕੀਤਾ ਹਫ਼ਤਾ
Friday, Jan 20, 2023 - 11:49 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਲਵਾਨ ਵਿਖੇ ‘ਧੀਆਂ ਦੀ ਲੋਹੜੀ’ ਨੂੰ ਸਮਰਪਿਤ ਹਫ਼ਤੇ ਦੇ ਸਮਾਪਤੀ ਸਮਾਰੋਹ ਨੂੰ ਮੁੱਖ ਰੱਖਦਿਆਂ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ’ਚ ਪੰਜਾਬ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ, ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਨਵਜੰਮੀਆਂ ਧੀਆਂ ਅਤੇ ਸਿੱਖਿਆ ਤੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੀਆਂ ਕੁੜੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਹਰ ਖੇਤਰ ’ਚ ਮੋਹਰੀ ਬਣ ਕੇ ਉੱਭਰ ਰਹੀਆਂ ਹਨ ਅਤੇ ਸੂਬਾ ਸਰਕਾਰ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਡੱਟ ਕੇ ਖੜੀ ਹੈ।
ਇਹ ਖ਼ਬਰ ਵੀ ਪੜ੍ਹੋ - ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ 'ਚ ਪ੍ਰਿੰਸੀਪਲ ਦੀ ਮੌਤ, ਬੱਚੇ ਦੀ ਦਵਾਈ ਲੈਣ ਜਾ ਰਹੇ ਪਰਿਵਾਰਕ ਮੈਂਬਰ ਵੀ ਹੋਏ ਜ਼ਖ਼ਮੀ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਾਂਹਵਧੂ ਸੋਚ ਅਨੁਸਾਰ ਪੰਜਾਬ ਦੀਆਂ ਧੀਆਂ ਨੂੰ ਹਰ ਖੇਤਰ ਵਿਚ ਅੱਗੇ ਲੈ ਕੇ ਆਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਦੀ ਸ਼ਾਨਦਾਰ ਸ਼ੁਰੂਆਤ ‘ਧੀਆਂ ਦੀ ਲੋਹੜੀ’ ਮਨਾ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰਾਂ ਦੀ ਅਣਗਹਿਲੀ ਕਾਰਨ ਰਾਜ ਵਿਚ ਲਿੰਗ ਅਨੁਪਾਤ ਦਰ ਬਹੁਤ ਹੇਠਾਂ ਸੀ ਜਿਸ ਨੂੰ ਉੱਚਾ ਚੁੱਕਣ ਲਈ ਕੋਸ਼ਿਸ਼ਾਂ ਗੰਭੀਰਤਾ ਨਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਧੀਆਂ ਦੇ ਜਨਮ ’ਤੇ ਸਮਾਜ ਵੱਲੋਂ ਖ਼ੁਸ਼ੀ ਨਹੀਂ ਮਨਾਈ ਜਾਂਦੀ ਜਿਸ ਮਾੜੀ ਪ੍ਰਥਾ ਨੂੰ ਬਦਲਣ ਲਈ ਹੀ ਪੰਜਾਬ ਸਰਕਾਰ ਵੱਲੋਂ ‘ਧੀਆਂ ਦੀ ਲੋਹੜੀ’ ਮਨਾਉਣ ਦੀ ਪਿਰਤ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਲੈ ਕੇ ਹੁਣ ਤਕ ਔਰਤਾਂ ਨੇ ਸਮਾਜ ਦੀ ਤਰੱਕੀ ’ਚ ਆਪਣਾ ਵਿਲੱਖਣ ਯੋਗਦਾਨ ਪਾਇਆ ਹੈ ਅਤੇ ਹਰ ਖੇਤਰ ਵਿਚ ਨਾਂ ਰੌਸ਼ਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪਤੀ ਦੇ ਸ਼ੱਕ ਕਾਰਨ ਉਜੜਿਆ ਹੱਸਦਾ-ਵਸਦਾ ਪਰਿਵਾਰ, ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਕਰ 'ਤਾ ਕਤਲ
ਡਾ. ਬਲਜੀਤ ਕੌਰ ਨੇ ਕਿਹਾ ਕਿ ਸ਼ਾਨਾ ਮੱਤੇ ਇਤਿਹਾਸ ਵਾਲੇ ਸੂਬੇ ਲਈ ਇਹ ਬੜੇ ਚਿੰਤਨ ਦੀ ਗੱਲ ਹੈ ਕਿ ਇੱਥੇ ਭਰੂਣ ਹੱਤਿਆ ਵਰਗੀਆਂ ਦੁਖਾਂਤਕ ਘਟਨਾਵਾਂ ਹੋਈਆਂ ਤੇ ਇਸ ਮਾੜੀ ਸੋਚ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਲਈ ਹੀ ਪੰਜਾਬ ਸਰਕਾਰ ਵੱਲੋਂ ਧੀਆਂ ਦੀ ਲੋਹੜੀ ਹਫ਼ਤੇ ਮਨਾਉਣ ਦਾ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਦੇ ਨਾਂ ’ਤੇ ਜੋ ਧੱਬਾ ਪੰਜਾਬ ਦੇ ਮੱਥੇ ਲੱਗਿਆ ਹੈ ਉਸਨੂੰ ਧੋਣ ਲਈ ਸੂਬਾ ਸਰਕਾਰ ਵੱਲੋਂ ਧੀਆਂ ਦੀ ਆਮਦ ਹੀ ਨਹੀਂ ਸਗੋਂ ਜੀਵਨ ਦੇ ਹਰ ਪੜਾਅ ਨੂੰ ਖੁਸ਼ਹਾਲ ਤਰੀਕੇ ਨਾਲ ਮਨਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, 40 ਦਿਨਾਂ ਲਈ ਜੇਲ੍ਹ ਤੋਂ ਆਵੇਗਾ ਬਾਹਰ
ਇਸ ਮੌਕੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਧਾਈ ਦੇ ਪਾਤਰ ਹਨ ਜਿਨ੍ਹਾਂ ਵੱਲੋਂ ਧੀਆਂ ਦੀ ਅਹਿਮੀਅਤ ਨੂੰ ਸਮਾਜ ਦੇ ਅੱਗੇ ਰੱਖਣ ਲਈ ਅਜਿਹਾ ਵੱਡਾ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰਾਂ ਜੇਕਰ ਧੀਆਂ ਨੂੰ ਘਰਾਂ ’ਚ ਖੁੱਲਾ ਤੇ ਉਸਾਰੂ ਮਾਹੌਲ ਮਿਲੇ ਤਾਂ ਉਹ ਹਰ ਖੇਤਰ ’ਚ ਆਪਣੇ ਹੁਨਰ ਦਾ ਲੋਹਾ ਮਨਵਾ ਸਕਦੀਆਂ ਹਨ। ਸਮਾਗਮ ਦੌਰਾਨ ਲੋਕ ਕਲਾ ਮੰਚ ਜ਼ੀਰਾ ਦੀ ਟੀਮ ਵੱਲੋਂ ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ 'ਮੈਨੂੰ ਕੁੱਖ ਵਿਚ ਨਾ ਮਾਰੋ' ਨਾਂ ਹੇਠ ਨਾਟਕ ਦਾ ਮੰਚਨ ਕੀਤਾ ਗਿਆ। ਇਸ ਤੋਂ ਇਲਾਵਾ ਆਦਰਸ਼ ਸਕੂਲ ਦੀਆਂ ਵਿਦਿਆਰਥਣਾਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਮੁੱਖ ਸਖਸ਼ੀਅਤਾਂ ਵੱਲੋ ਇਸ ਮੌਕੇ 51 ਨਵ ਜੰਮੀਆਂ ਧੀਆਂ ਦੇ ਮਾਪਿਆਂ ਨੂੰ ਸਨਮਾਨ ਪੱਤਰ ਅਤੇ ਵਿਸ਼ੇਸ਼ ਕਿੱਟਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ 11 ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਅਤੇ 20 ਮੈਰੀਟੋਰੀਅਸ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।