''ਅਸਲੇ'' ਪਿੱਛੇ ਸ਼ੁਦਾਈ ਪੰਜਾਬੀਆਂ ਨੇ ਤੋੜੇ ਸਾਰੇ ਰਿਕਾਰਡ
Friday, Dec 14, 2018 - 09:28 AM (IST)
ਬਠਿੰਡਾ : ਜੇਕਰ ਅਸਲੇ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਨਾਂ ਪੰਜਾਬੀਆਂ ਦਾ ਆਉਂਦਾ ਹੈ। ਪੰਜਾਬੀ ਲੋਕ ਅਸਲਾ ਰੱਖਣ ਨੂੰ ਆਪਣੀ ਸ਼ਾਨ ਮੰਨਦੇ ਹਨ ਅਤੇ ਅਸਲੇ ਪਿੱਛੇ ਇੰਨੇ ਸ਼ੁਦਾਈ ਹੋ ਚੁੱਕੇ ਹਨ ਕਿ ਇਨ੍ਹਾਂ ਲੋਕਾਂ ਨੇ ਸਭ ਰਿਕਾਰਡ ਤੋੜ ਛੱਡੇ ਹਨ। ਪਿਛਲੇ ਸਾਲਾਂ ਦੌਰਾਨ ਪੰਜਾਬ 'ਚ ਜਿੰਨੇ ਅਸਲਾ ਲਾਈਸੈਂਸ ਬਣੇ ਹਨ, ਉਂਨੇ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਕਿਸੇ ਹੋਰ ਸੂਬੇ 'ਚ ਨਹੀਂ ਬਣੇ। ਉੱਤਰ ਪ੍ਰਦੇਸ਼ 'ਚ ਦੇਸ਼ ਭਰ 'ਚੋਂ ਸਭ ਤੋਂ ਵੱਧ 12.88 ਲੱਖ ਅਸਲਾ ਲਾਈਸੈਂਸ ਹਨ ਅਤੇ 1 ਜਨਵਰੀ, 2017 ਤੋਂ ਹੁਣ ਤੱਕ ਇੱਥੇ ਸਿਰਫ 11,459 ਨਵੇਂ ਅਸਲਾ ਲਾਈਸੈਂਸ ਬਣੇ ਹਨ ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬੀਤੇ 2 ਸਾਲਾਂ ਦੌਰਾਨ 26,322 ਅਸਲਾ ਲਾਈਸੈਂਸ ਬਣੇ ਹਨ। ਇਨ੍ਹਾਂ 2 ਸਾਲਾਂ 'ਚ ਹਰਿਆਣਾ 'ਚ ਸਿਰਫ 10,238 ਅਤੇ ਰਾਜਸਥਾਨ 'ਚ 6390 ਅਸਲਾ ਲਾਈਸੈਂਸ ਹੀ ਬਣੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਮੁਤਾਬਕ ਅਸਲਾ ਲਾਈਸੈਂਸਾਂ ਨੂੰ ਯੂਨੀਕ ਸ਼ਨਾਖਤ ਨੰਬਰ ਨਾਲ ਜੋੜਨ ਲਈ 'ਨੈਸ਼ਨਲ ਡਾਟਾਬੇਸ ਆਫ ਆਰਮਜ਼ ਲਾਈਸੈਂਸ' ਤਿਆਰ ਕੀਤਾ ਗਿਆ ਹੈ। ਨਵੇਂ ਡਾਟਾਬੇਸ ਨੇ ਨਵੇਂ ਤੱਥ ਉਜਾਗਰ ਕੀਤੇ ਹਨ, ਜੋ ਕਿ ਹੈਰਾਨ ਕਰ ਦੇਣ ਵਾਲੇ ਹਨ। ਦੇਸ਼ ਭਰ 'ਚ 35.87 ਲੱਖ ਅਸਲਾ ਲਾਈਸੈਂਸ ਹਨ, ਜਦੋਂ ਕਿ ਪੰਜਾਬ 'ਚ ਹੁਣ ਅਸਲਾ ਲਾਈਸੈਂਸਾਂ ਦੀ ਗਿਣਤੀ 3,85,671 ਹੋ ਗਈ ਹੈ। ਸਰਕਾਰ ਬਦਲਣ ਤੋਂ ਬਾਅਦ ਵੀ ਲਾਈਸੈਂਸਾਂ ਨੂੰ ਠੱਲ ਨਹੀਂ ਪਈ ਹੈ। ਇਨ੍ਹਾਂ ਵੇਰਵਿਆਂ ਮੁਤਾਬਕ ਦੇਸ਼ 'ਚੋਂ ਪੰਜਾਬ ਅਸਲਾ ਲਾਈਸੈਂਸ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਹੈ, ਜਦੋਂ ਕਿ ਜੰਮੂ-ਕਸ਼ਮੀਰ 4.84 ਲੱਖ ਅਸਲਾ ਲਾਈਸੈਂਸਾਂ ਨਾਲ ਦੂਜੇ ਨੰਬਰ 'ਤੇ ਹੈ।
ਪੰਜਾਬ 'ਚ ਜਦੋਂ ਤੋਂ ਗੈਂਗਸਟਰਾਂ ਦੀ ਦਹਿਸ਼ਤ ਵਧੀ ਹੈ, ਉਦੋਂ ਤੋਂ ਮੁੜ ਅਸਲਾ ਲਾਈਸੈਂਸ ਤੇਜ਼ੀ ਨਾਲ ਬਣਨੇ ਸ਼ੁਰੂ ਹੋਏ ਹਨ। ਪੰਜਾਬ ਦੇ ਖਾਂਦੇ-ਪੀਂਦੇ ਘਰਾਂ ਦੇ ਲੋਕ ਕਾਫੀ ਵੱਡੀ ਰਕਮ ਹਥਿਆਰ ਖਰੀਦਣ 'ਤੇ ਹੀ ਖਰਚ ਕਰ ਦਿੰਦੇ ਹਨ। ਪੰਜਾਬ 'ਚ ਪਿਛਲੇ ਸਮੇਂ ਦੌਰਾਨ ਕਈ ਕਤਲਾਂ 'ਚ ਲਾਈਸੈਂਸੀ ਹਥਿਆਰ ਹੀ ਵਰਤੇ ਗਏ ਹਨ, ਜਦੋਂ ਕਿ ਪੰਜਾਬ 'ਚ ਜਿਹੜਾ ਦੋ ਨੰਬਰ ਦਾ ਅਸਲਾ ਹੈ, ਉਸ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ ਹੈ।