ਘਰ ''ਚ ਵੜ ਕੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਨੌਜਵਾਨ ਗੰਭੀਰ ਜ਼ਖ਼ਮੀ

Friday, Aug 09, 2019 - 06:39 PM (IST)

ਘਰ ''ਚ ਵੜ ਕੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਨੌਜਵਾਨ ਗੰਭੀਰ ਜ਼ਖ਼ਮੀ

ਅੰਮ੍ਰਿਤਸਰ (ਅਗਨੀਹੋਤਰੀ) : ਪੁਲਸ ਚੌਂਕੀ ਟਾਊਨ ਛੇਹਰਟਾ ਦੇ ਅਧੀਨ ਆਉਂਦੇ ਨਾਰਾਇਣਗੜ੍ਹ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਬੀਤੀ ਰਾਤ ਪਠਾਨਕੋਟ ਤੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਕੁੱਝ ਲੋਕਾਂ ਵਲੋਂ ਬਿਕਰਮ (18) ਪੁੱਤਰ ਰਮੇਸ਼ ਵਾਸੀ ਨਾਰਾਇਣਗੜ੍ਹ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਚੌਂਕੀ ਦੇ ਮੁਲਾਜ਼ਮਾਂ ਵਲੋਂ ਪਰਿਵਾਰਕ ਮੈਂਬਰਾਂ ਨਾਲ ਆਏ ਜ਼ਖ਼ਮੀ ਬਿਕਰਮ ਨੂੰ ਡਾਕਟ ਕੱਟਕੇ ਕੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ। ਇਸ ਮੌਕੇ ਬਿਕਰਮ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਬਿਕਰਮ ਦੀ ਦਾਦੀ ਜਿਸਦੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਦੇ ਤਿੰਨ ਬੇਟੇ ਹਨ ਜਿਨ੍ਹਾਂ 'ਚੋ ਇਕ ਬੇਟੇ ਨੇ ਕਥਿਤ ਤੌਰ 'ਤੇ ਜਾਇਦਾਦ ਨੂੰ ਲੈ ਕੇ ਇਹ ਝਗੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਹਮਲਾਵਰ ਜੋ ਪਠਾਨਕੋਟ ਤੋਂ ਆਏ ਹਨ ਵਲੋਂ ਬਿਨਾਂ ਕੋਈ ਗੱਲਬਾਤ ਕੀਤੇ ਪੀੜਤ ਪਰਿਵਾਰ ਦੇ ਘਰ 'ਚ ਵੜ੍ਹ ਕੇ ਹਮਲਾ ਕੀਤਾ ਤੇ ਹਮਲਾਵਰਾਂ ਵਲੋਂ ਬਿਕਰਮ ਦੀ ਬਾਂਹ 'ਤੇ ਗੰਡਾਸੀ ਮਾਰ ਕੇ ਬਿਕਰਮ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਕਤ ਪਰਿਵਾਰ ਦੇ ਮੈਂਬਰਾਂ ਨੇ ਬਿਕਰਮ ਨੂੰ ਜ਼ਖ਼ਮੀ ਹਾਲਤ 'ਚ ਪੁਲਸ ਚੌਂਕੀ ਪੁੱਜ ਕੇ ਪੁਲਸ ਮੁਲਾਜ਼ਮਾਂ ਨੂੰ ਉਕਤ ਘਟਨਾ ਸਬੰਧੀ ਜਾਣਕਾਰੀ ਦਿੱਤੀ ਜਿਸ ਉਪਰੰਤ ਪੁਲਸ ਮੁਲਾਜ਼ਮਾਂ ਨੇ ਜ਼ਖ਼ਮੀ ਨੌਜਵਾਨ ਨੂੰ ਡਾਕਟ ਕੱਟ ਕੇ ਡਾਕਟਰੀ ਜਾਂਚ ਲਈ ਹਸਪਤਾਲ ਭੇਜਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਉਕਤ ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ।
ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ
ਉਕਤ ਝਗੜੇ ਸਬੰਧੀ ਜਦੋਂ ਚੌਂਕੀ ਪੁਲਸ ਟਾਊਨ ਛੇਹਰਟਾ ਦੇ ਇੰਚਾਰਜ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਦੋਵੇਂ ਪਰਿਵਾਰ ਰਿਸ਼ਤੇ 'ਚ ਸਕੇ ਭਰਾ ਹਨ ਜਿਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਹਾਲਤ 'ਚ ਪੁੱਜੇ ਲੜਕੇ ਨੂੰ ਡਾਕਟਰੀ ਜਾਂਚ ਲਈ ਡਾਕਟ ਕੱਟਕੇ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਮ.ਐਲ.ਆਰ. 'ਚ ਜੋ ਰਿਪੋਰਟ ਆਏਗੀ ਉਸ ਤਹਿਤ ਕਥਿਤ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News