ਮੁਹੱਲਾ ਸਦਾਬਰਤ ’ਚ ਪਾਣੀ ਦੀ ਸਪਲਾਈ ਚਾਲੂ
Friday, Jul 27, 2018 - 03:16 AM (IST)
ਰੂਪਨਗਰ (ਕੈਲਾਸ਼)- ਮੁਹੱਲਾ ਸਦਾਬਰਤ ’ਚ ਪਾਣੀ ਦੇ ਟਿਊਬਵੈੱਲ ਦੀ ਸਪਲਾਈ ਚਾਲੂ ਹੋਣ ’ਤੇ ਮੁਹੱਲਾ ਵਾਸੀਆਂ ਨੇ ਰਾਹਤ ਦੀ ਸਾਹ ਲਈ ਹੈ। ਜਾਣਕਾਰੀ ਅਨੁਸਾਰ ਮੁਹੱਲਾ ਸਦਾਬਰਤ ’ਚ ਨਗਰ ਕੌਂਸਲ ਦੁਆਰਾ ਸਥਾਪਤ ਟਿਊਬਵੈੱਲ ਜਿਸ ਦੀ ਮੋਟਰ ਖਰਾਬ ਹੋ ਗਈ ਸੀ ਅਤੇ ਮੁਹੱਲਾ ਨਿਵਾਸੀ ਪਿਛਲੇ ਕੁਝ ਦਿਨਾਂ ਤੋਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਸੀ ਕਿ ਸਮੱਸਿਆ ਨੂੰ ਜਗ ਬਾਣੀ ਦੁਆਰਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਇਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸੀ ਕਿ ਉਨ੍ਹਾਂ ਦੇ ਘਰਾਂ ’ਚ ਤਿੰਨ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਰੇਲਵੇ ਰੋਡ ਤੋ ਪਾਣੀ ਭਰ ਕੇ ਲਿਆਉਣਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਜਗ ਬਾਣੀ ਵੱਲੋਂ ਪ੍ਰਕਾਸ਼ਤ ਖਬਰ ਦੇ ਤੁਰੰਤ ਬਾਅਦ ਨਗਰ ਕੌਂਸਲ ਨੇ ਹਰਕਤ ’ਚ ਆਉਂਦੇ ਹੋਏ ਮੁਹੱਲਾ ਸਦਾਬਰਤ ’ਚ ਖਰਾਬ ਟਿਊਬਵੈੱਲ ਦੀ ਮੋਟਰ ਨੂੰ ਠੀਕ ਕਰਵਾਇਆ ਅਤੇ ਅਗਲੇ ਦਿਨ ਹੀ ਪਾਣੀ ਦੀ ਸਪਲਾਈ ਸੰਚਾਰੂ ਰੂਪ ਨਾਲ ਸ਼ੁਰੂ ਕਰ ਦਿੱਤੀ ਗਈ, ਜਿਸ ’ਤੇ ਮੁਹੱਲਾ ਵਾਸੀਆਂ ਨੇ ਰਾਹਤ ਦੀ ਸਾਹ ਲਈ।
ਦੂਜੇ ਪਾਸੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕੁਝ ਘਰਾਂ ’ਚ ਪਾਣੀ ਦਾ ਪ੍ਰੈਸ਼ਰ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧ ’ਚ ਪੰਪ ਅਾਪ੍ਰੇਟਰ ਵਿਕਰਮ ਨੇ ਦੱਸਿਆ ਕਿ ਮੁਹੱਲਾ ਸਦਾਬਰਤ ਦੇ ਕੁਝ ਘਰਾਂ ’ਚ ਚੱਲ ਰਹੇ ਪਾਣੀ ਦੇ ਕੁਨੈਕਸ਼ਨਾਂ ਤੇ ਨਲ ਨਾ ਹੋਣ ਕਾਰਨ ਉਨ੍ਹਾਂ ਦਾ ਪਾਣੀ ਖੁੱਲਾ ਚੱਲਦਾ ਰਹਿੰਦਾ ਹੈ। ਜਿਸ ਕਾਰਨ ਇਕ ਪਾਸੇ ਤਾਂ ਪਾਣੀ ਬਰਬਾਦ ਹੁੰਦਾ ਹੈ ਅਤੇ ਦੂਜੇ ਪਾਸੇ ਲੋਕਾਂ ਦੇ ਘਰਾਂ ਤੱਕ ਪਾਣੀ ਪੂਰੇ ਪ੍ਰੈਸ਼ਰ ਤੱਕ ਨਹੀਂ ਪਹੁੰਚ ਸਕਦਾ। ਇਸ ਮੌਕੇ ਵਿਕਰਮ ਨੇ ਅਪੀਲ ਵੀ ਕੀਤੀ ਕਿ ਸਾਰੇ ਲੋਕ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਖੁੱਲ੍ਹੇ ਚੱਲ ਰਹੇ ਨਲਾਂ ’ਤੇ ਟੂਟੀਆਂ ਜ਼ਰੂਰ ਲਗਾਉਣ।
