ਬਰਸਾਤੀ ਪਾਣੀ ਦੇ ਮੁੱਦੇ ''ਤੇ ਗਰਮੋ-ਗਰਮੀ

Saturday, Jun 16, 2018 - 07:17 AM (IST)

ਬਰਸਾਤੀ ਪਾਣੀ ਦੇ ਮੁੱਦੇ ''ਤੇ ਗਰਮੋ-ਗਰਮੀ

ਮੋਹਾਲੀ  (ਨਿਆਮੀਆਂ) - ਮੋਹਾਲੀ ਨਗਰ ਨਿਗਮ ਦੀ ਮੀਟਿੰਗ ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਗਰਮੀ ਦੇ ਮੌਸਮ ਵਿਚ ਇਸ ਮੀਟਿੰਗ ਵਿਚ ਹੋਰ ਵੀ ਗਰਮੀ ਪੈਦਾ ਹੁੰਦੀ ਰਹੀ। ਮੀਟਿੰਗ ਵਿਚ ਅਕਾਲੀ ਦਲ, ਭਾਜਪਾ ਤੇ ਕਾਂਗਰਸੀ ਕੌਂਸਲਰਾਂ ਵਿਚ ਕਈ ਮੁੱਦਿਆਂ 'ਤੇ ਕਾਫੀ ਬਹਿਸਬਾਜ਼ੀ ਵੀ ਹੋਈ। ਇਥੋਂ ਤਕ ਕਿ ਇਕ ਵਾਰੀ ਤਾਂ ਕਾਂਗਰਸ ਪਾਰਟੀ ਨਾਲ ਸਬੰਧਤ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਤੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਆਰ. ਪੀ. ਸ਼ਰਮਾ ਤੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਬਹਿਸ ਕਰਨ ਲਗ ਪਏ। ਗੱਲ ਨਿੱਜੀ ਤੋਹਮਤਬਾਜ਼ੀ ਤਕ ਪਹੁੰਚ ਗਈ। ਅਕਾਲੀ-ਭਾਜਪਾ ਕੌਂਸਲਰ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਗਿਣਾ ਰਹੇ ਸਨ ਤੇ ਜੈਨ ਅਕਾਲੀ-ਭਾਜਪਾ ਸਰਕਾਰ ਵਲੋਂ ਨਿਗਮ ਦੇ ਕੰਮਾਂ ਵਿਚ ਪਾਈਆਂ ਰੋਕਾਂ ਬਾਰੇ ਉੱਚੀ-ਉੱਚੀ ਬੋਲ ਰਹੇ ਸਨ। ਇਸੇ ਤਰ੍ਹਾਂ ਪੀਣ ਵਾਲੇ ਤੇ ਬਰਸਾਤੀ ਪਾਣੀ ਦੇ ਮੁੱਦੇ ਨੇ ਤਾਂ ਮੀਟਿੰਗ ਦੇ ਮਾਹੌਲ ਨੂੰ ਪੂਰਾ ਗਰਮਾ ਦਿੱਤਾ। ਸਾਰੇ ਹੀ ਪਾਸਿਓਂ ਕੌਂਸਲਰ ਇਕ-ਦੂਜੇ ਨੂੰ ਘੇਰਨ ਵਿਚ ਲੱਗੇ ਹੋਏ ਸਨ ਪਰ ਮੇਅਰ ਕੁਲਵੰਤ ਸਿੰਘ ਦੀ ਬਦੌਲਤ ਸਾਰੇ ਹੀ ਮਤੇ ਸਰਬਸੰਮਤੀ ਨਾਲ ਪਾਸ ਹੋ ਗਏ।
ਨੈਚੂਰਲ ਗੈਸ ਸਬੰਧੀ ਮਾਹੌਲ ਗਰਮ
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਵਿਚ ਅੰਡਰ ਗਰਾਊਂਡ ਗੈਸ ਪਾਈਪ ਲਾਈਨ ਪਾਉਣ ਸਬੰਧੀ ਇਕ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਵਲੋਂ ਮੁੱਢਲੀ ਜਾਣਕਾਰੀ ਦਿੱਤੀ ਗਈ। ਭਾਰਤ ਭੂਸ਼ਨ ਮੈਣੀ ਨੇ ਸ਼ੁਰੂ ਵਿਚ ਹੀ ਕਿਹਾ ਕਿ ਪਹਿਲਾਂ ਉਹ ਬੋਲਣਗੇ ਤੇ ਇਸ ਤੋਂ ਬਾਅਦ ਹੀ ਇਸ ਕੰਪਨੀ ਬਾਰੇ ਜਾਣਕਾਰੀ ਹਾਊਸ ਨੂੰ ਦਿੱਤੀ ਜਾਵੇ। ਮੇਅਰ ਨੇ ਕਿਹਾ ਕਿ ਜਦੋਂ ਤਕ ਕਿਸੇ ਨੂੰ ਕੰਪਨੀ ਦੇ ਕੰਮਾਂ ਬਾਰੇ ਜਾਣਕਾਰੀ ਹੀ ਨਹੀਂ ਹੈ ਤਾਂ ਕੋਈ ਉਸ ਬਾਰੇ ਵਿਚਾਰ-ਵਟਾਂਦਰਾ ਕਿਸ ਤਰ੍ਹਾਂ ਕਰ ਸਕਦਾ ਹੈ।
ਅਖੀਰ ਮੇਅਰ ਦੀ ਹੀ ਚੱਲੀ ਤੇ ਪਹਿਲਾਂ ਕੰਪਨੀ ਬਾਰੇ ਜਾਣਕਾਰੀ ਦਿੱਤੀ ਗਈ। ਇਹ ਵੀ ਦੱਸਿਆ ਗਿਆ ਕਿ 25 ਸਾਲ ਤਕ ਕੰਪਨੀ ਇਹ ਕੰਮ ਦੇਖੇਗੀ ਤੇ ਇਸ ਸਮੇਂ ਦੌਰਾਨ ਹੋਰ ਕੋਈ ਵੀ ਕੰਪਨੀ ਸ਼ਹਿਰ ਵਿਚ ਨਹੀਂ ਆ ਸਕਦੀ। ਇਸ ਮੁੱਦੇ 'ਤੇ ਤਿੱਖੀ ਬਹਿਸ ਕਰਦਿਆਂ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਭਾਵੇਂ ਨਵੀਆਂ ਤਕਨੀਕਾਂ ਦੀ ਲੋੜ ਹੈ ਪਰ ਇਕੋ ਕੰਪਨੀ ਨੂੰ 25 ਸਾਲ ਤਕ ਸ਼ਹਿਰ ਨੂੰ ਗਹਿਣੇ ਰੱਖਣਾ ਕਿਸੇ ਵੀ ਪੱਖੋਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਹਿਯੋਗ ਨਾਲ ਨਗਰ ਨਿਗਮ ਵਲੋਂ ਸਮੁੱਚੇ ਸ਼ਹਿਰ ਵਿਚ ਨਵੀਆਂ ਸੜਕਾਂ ਬਣਾਈਆਂ ਗਈਆਂ ਹਨ ਤੇ ਕੁਝ ਬਣ ਰਹੀਆਂ ਹਨ ਪਰ ਹੁਣ ਪਾਈਪ ਲਾਈਨ ਪਾਉਣ ਕਾਰਨ ਫਿਰ ਸਾਰਾ ਸ਼ਹਿਰ ਪੁੱਟਿਆ ਜਾਣਾ ਹੈ।
ਸ਼ਹਿਰ ਵਾਸੀਆਂ ਨੂੰ ਨੈਚੂਰਲ ਗੈਸ ਦਾ ਹੋਵੇਗਾ ਬਹੁਤ ਲਾਭ
ਬੇਦੀ ਨੇ ਇਹ ਵੀ ਪੁੱਛਿਆ ਕਿ ਹਾਊਸ ਨੂੰ ਦੱਸਿਆ ਜਾਵੇ ਕਿ ਪਾਈਪ ਲਾਈਨ ਪਾਉਣ ਤੋਂ ਬਾਅਦ ਮੁਰੰਮਤ ਦਾ ਕੰਮ ਕੰਪਨੀ ਕਰਕੇ ਦੇਵੇਗੀ ਜਾਂ ਨਗਰ ਨਿਗਮ ਵਲੋਂ ਕੀਤਾ ਜਾਣਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਿਸੇ ਵੀ ਕੰਪਨੀ ਨੂੰ ਇਹ ਕੰਮ ਦੇਣ ਤੋਂ ਪਹਿਲਾਂ ਖੁੱਲ੍ਹਾ ਟੈਂਡਰ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੇਬਲ ਤਾਰਾਂ ਪਾਉਣ ਕਾਰਨ ਸਾਰਾ ਸ਼ਹਿਰ ਹੇਠੋਂ ਖੋਖਲਾ ਹੋ ਚੁੱਕਾ ਹੈ।
 ਉਨ੍ਹਾਂ ਕਿਹਾ ਕਿ ਅਜੇ ਤਕ ਕੰਪਨੀ ਨੇ ਨਕਸ਼ਾ ਵੀ ਨਹੀਂ ਦਿੱਤਾ ਹੈ। ਇਸ ਦੇ ਜਵਾਬ ਵਿਚ ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਗੈਸ ਪਾਈਪ ਲਾਈਨ ਪੈਣ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਨਵੀਂ ਤਕਨੀਕ ਹੈ ਪਰ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੈ। ਅਜੋਕੇ ਯੁੱਗ ਵਿਚ ਨਵੀਆਂ ਤਕਨੀਕਾਂ ਅਤੇ ਤਜਰਬਿਆਂ ਦੀ ਸਖ਼ਤ ਲੋੜ ਹੈ। ਇਹ ਪ੍ਰਾਜੈਕਟ ਸਿਰੇ ਚੜ੍ਹਨ ਨਾਲ ਲੋਕਾਂ ਨੂੰ ਗੈਸ ਸਿਲੰਡਰਾਂ ਤੋਂ ਮੁਕਤੀ ਮਿਲੇਗੀ। ਉਂਝ ਮੇਅਰ ਨੇ ਇਹ ਵੀ ਕਿਹਾ ਕਿ ਅਜੇ ਕੰਪਨੀ ਨੇ ਮੁੱਢਲੀ ਜਾਣਕਾਰੀ ਦਿੱਤੀ ਹੈ। ਜਦੋਂ ਇਹ ਮਤਾ ਹਾਊਸ ਵਿਚ ਪੇਸ਼ ਕੀਤਾ ਜਾਵੇਗਾ, ਉਦੋਂ ਪੂਰੀ ਜਾਣਕਾਰੀ ਅਤੇ ਸਹੀ ਜਵਾਬ ਵੀ ਦਿਆਂਗੇ। ਕੌਂਸਲਰ ਮੈਣੀ ਨੇ ਮੇਅਰ ਨੂੰ ਕਿਹਾ ਕਿ ਇਹ ਤੁਹਾਡੀ ਸੋਚ ਹੋ ਸਕਦੀ ਹੈ। ਉਨ੍ਹਾਂ ਮੇਅਰ ਨੂੰ ਕਿਹਾ ਕਿ ਉਹ ਹਾਊਸ ਨੂੰ ਦੱਸਣ ਕਿ ਕੀ ਇਸ ਸਬੰਧੀ ਪੰਜਾਬ ਸਰਕਾਰ ਨੇ ਕੋਈ ਹਦਾਇਤ ਕੀਤੀ ਹੈ ਜਾਂ ਸਰਕਾਰ ਨੂੰ ਨਿਗਮ ਨੇ ਕੋਈ ਪੱਤਰ ਲਿਖਿਆ ਹੈ। ਇਸ ਸਬੰਧੀ ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਸਰਕਾਰ ਨੂੰ ਪੱਤਰ ਲਿਖਿਆ ਹੈ ਤੇ ਨਾ ਹੀ ਸਰਕਾਰ ਨੇ ਕੋਈ ਹਦਾਇਤ ਕੀਤੀ ਹੈ ਪਰ ਇਹ ਇਕ ਵਧੀਆ ਪ੍ਰਾਜੈਕਟ ਹੈ, ਇਸ ਲਈ ਉਹ ਸਾਰੇ ਕੌਂਸਲਰਾਂ ਨੂੰ ਵਿਖਾਉਣਾ ਚਾਹੁੰਦੇ ਹਨ।


Related News