ਕਈ ਪਿੰਡਾਂ ਦੇ ਜਲ ਘਰਾਂ ਦੀ ਬਿਜਲੀ ਸਪਲਾਈ ’ਤੇ ਕਿਸੇ ਵੀ ਸਮੇਂ ਚੱਲ ਸਕਦਾ ਹੈ ਪਾਵਰਕਾਮ ਮਹਿਕਮੇ ਦਾ ਪਲਾਸ

03/17/2021 1:08:44 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪੰਜਾਬ ਸਰਕਾਰ ਨੇ ਪੇਂਡੂ ਜਲ ਘਰਾਂ ਦਾ ਮਰਿਆ ਸੱਪ ਆਪਣੇ ਗਲੋਂ ਲਾਹ ਕੇ ਪਿੰਡਾਂ ਦੀਆਂ ਪੰਚਾਇਤਾਂ ਦੇ ਗਲ ਵਿੱਚ ਪਾ ਦਿੱਤਾ ਹੈ, ਜਿਸ ਕਰਕੇ ਕਈ ਪੰਚਾਇਤਾਂ ਕੋਲੋਂ ਜਲ ਘਰਾਂ ਦਾ ਕੰਮ-ਕਾਜ ਸੰਭਾਲਿਆ ਨਹੀਂ ਜਾ ਰਿਹਾ। ਬਿਜਲੀ ਦਾ ਬਿੱਲ ਕਈ ਥਾਵਾਂ ’ਤੇ ਲੱਖਾਂ ਰੁਪਏ ਹੋ ਗਿਆ ਹੈ। ਪਾਵਰਕਾਮ ਮਹਿਕਮੇ ਦੇ ਅਧਿਕਾਰੀ ਪੰਚਾਇਤਾਂ ਕੋਲੋਂ ਬਿਜਲੀ ਦਾ ਬਿੱਲ ਮੰਗ ਰਹੇ ਹਨ ਪਰ ਪੰਚਾਇਤਾਂ ਬਿੱਲ ਭਰਨ ਦੇ ਸਮਰੱਥ ਨਹੀਂ ਹਨ, ਜਿਸ ਕਰਕੇ ਬਿੱਲ ਨਾ ਭਰਨ ਵਾਲੇ ਪਿੰਡਾਂ ਦੇ ਜਲ ਘਰਾਂ ਦੀ ਬਿਜਲੀ ਸਪਲਾਈ ’ਤੇ ਕਿਸੇ ਸਮੇਂ ਪਾਵਰਕਾਮ ਮਹਿਕਮੇ ਦਾ ਪਲਾਸ ਚੱਲ ਸਕਦਾ ਹੈ।

ਪਿੰਡ ਭਾਗਸਰ ਦੇ ਜਲ ਘਰ ਵੱਲ 46 ਲੱਖ ਰੁਪਏ ਦੇ ਕਰੀਬ ਹੋਇਆ ਪਿਆ ਹੈ ਬਿੱਲ 
ਇਸ ਖ਼ੇਤਰ ਦੇ ਵੱਡੇ ਪਿੰਡ ਭਾਗਸਰ ਦੇ ਜਲ ਘਰ‌ ਦਾ ਬਿਜਲੀ ਦਾ ਬਿੱਲ ਇਸ ਵੇਲੇ ਲਗਭਗ 46 ਲੱਖ ਰੁਪਏ ਦੇ ਕਰੀਬ ਹੋਇਆ ਪਿਆ ਹੈ। ਮੁੱਖ ਜਲ ਘਰ ਵੱਲ 40 ਲੱਖ 4 ਹਜ਼ਾਰ 380 ਰੁਪਏ ਹਨ, ਜਦੋਂਕਿ ਸ਼ਮਸ਼ਾਨਘਾਟ ਵਿੱਚ ਚੱਲ ਰਹੇ ਮਿੰਨੀ ਜਲ ਘਰ ਵੱਲ 5 ਲੱਖ 90 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਖੜ੍ਹਾ ਹੈ। ਇਸੇ ਤਰ੍ਹਾਂ ਪਿੰਡ ਨੰਦਗੜ੍ਹ ਦੇ ਜਲ ਘਰ ਵੱਲ ਬਿਜਲੀ ਦਾ ਬਿੱਲ 15 ਲੱਖ 9 ਹਜ਼ਾਰ 640 ਰੁਪਏ ਅਤੇ ਪਿੰਡ ਗੰਧੜ ਦੇ ਜਲ ਘਰ ਵੱਲ ਬਿਜਲੀ ਦਾ ਬਿੱਲ 2 ਲੱਖ 67 ਹਜ਼ਾਰ 460 ਰੁਪਏ ਬਕਾਇਆ ਖੜ੍ਹਾ ਹੈ। ਜ਼ਿਲ੍ਹੇ ਦੇ ਹੋਰ ਬਹੁਤ ਸਾਰੇ ਪਿੰਡ ਹਨ, ਜਿੰਨਾ ਵੱਲ ਬਿਜਲੀ ਦੇ ਵੱਡੇ ਬਿੱਲ ਖੜ੍ਹੇ ਹਨ। 

ਕੀ ਕਹਿਣਾ ਹੈ ਪਾਵਰਕਾਮ ਦੇ ਐੱਸ.ਡੀ.ਓ ਦਾ
ਜਦੋਂ ਪਾਵਰਕਾਮ ਦੇ ਲੱਖੇਵਾਲੀ ਸਥਿਤ ਐੱਸ.ਡੀ.ਓ. ਗੁਰਮੀਤ ਸਿੰਘ ਨਾਲ ਜਗਬਾਣੀ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿਕਮੇ ਦੇ ਉਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਬਿਜਲੀ ਦੇ ਬਿੱਲਾਂ ਦੀ ਉਗਰਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਕਾਇਆ ਖ਼ੜੇ ਬਿਜਲੀ ਦੇ ਬਿੱਲ ਸਭ ਨੂੰ ਭਰਨੇ ਚਾਹੀਦੇ ਹਨ, ਨਹੀਂ ਤਾਂ ਕੁਨੇਕਸ਼ਨ ਕੱਟਣ ਲਈ ਮਹਿਕਮੇ ਦੀਆਂ ਸਖ਼ਤ ਹਦਾਇਤਾਂ ਹਨ। 

ਬਿੱਲ ਪੂਰੇ ਇਕੱਠੇ ਨਹੀਂ ਹੋ ਰਹੇ : ਸਰਪੰਚ ਪਰਮਜੀਤ ਸਿੰਘ ਬਰਾੜ
ਜਦੋਂ ਪਿੰਡ ਭਾਗਸਰ ਦੇ ਸਰਪੰਚ ਪਰਮਜੀਤ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਾਟਰ ਵਰਕਸ ਦੀਆਂ ਟੂਟੀਆਂ ਦੇ ਬਿੱਲ ਪੂਰੇ ਇਕੱਠੇ ਨਹੀਂ ਹੋ ਰਹੇ। ਪੰਚਾਇਤ ਵੱਲੋਂ 3 ਮੁਲਾਜ਼ਮ ਪ੍ਰਾਈਵੇਟ ਤੌਰ ’ਤੇ ਰੱਖੇ ਗਏ ਹਨ ਤੇ ਉਨ੍ਹਾਂ ਦੀਆਂ ਤਨਖ਼ਾਹਾਂ ਦੇ ਕੇ ਤੇ ਹੋਰ ਖ਼ਰਚੇ ਕਰਕੇ ਹਰ ਮਹੀਨੇ 40 ਹਜ਼ਾਰ ਦੇ ਕਰੀਬ ਖ਼ਰਚਾ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਪੰਜਾਬ ਸਰਕਾਰ ਨੂੰ ਸੰਭਾਲਣਾ ਚਾਹੀਦਾ ਹੈ ਤੇ ਸਰਕਾਰੀ ਮੁਲਾਜ਼ਮ ਜਲ ਘਰਾਂ ਨੂੰ ਚਲਾਉਣ।

ਉਤੋਂ ਗਰਮੀਂ ਦਾ ਮੌਸਮ ਹੋ ਚੁੱਕਾ ਹੈ ਸ਼ੁਰੂ 
ਗਰਮੀਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਜਿੰਨਾ ਪਿੰਡਾਂ ਦੇ ਜਲ ਘਰਾਂ ਵੱਲ ਬਿਜਲੀ ਦਾ ਵੱਡਾ ਬਿੱਲ ਖੜ੍ਹਾ ਹੈ, ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਜਲ ਘਰਾਂ ਦੀਆਂ ਟੂਟੀਆਂ ਦਾ ਪਾਣੀ ਬੰਦ ਹੋ ਸਕਦਾ ਹੈ। ਧਰਤੀ ਹੇਠਲਾ ਪਾਣੀ ਤਾਂ ਪਹਿਲਾਂ ਹੀ ਜ਼ਿਆਦਾ ਪਿੰਡਾਂ ਵਿੱਚ ਪੀਣ ਯੋਗ ਨਹੀਂ ਹੈ ਤੇ ਮਾੜਾ ਪਾਣੀ ਪੀ ਕੇ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ।


rajwinder kaur

Content Editor

Related News