ਵਾਟਰ ਵਰਕਸ ਦਾ ਬਿਜਲੀ ਬਿੱਲ ਲੱਖਾਂ ''ਚ, ਵਸੂਲੀ ਹਜ਼ਾਰ ਵੀ ਨਹੀਂ

Wednesday, Oct 11, 2017 - 07:02 AM (IST)

ਸ਼ਹਿਣਾ(ਸਿੰਗਲਾ)- ਕਸਬੇ ਦੇ ਬੱਸ ਸਟੈਂਡ ਸਥਿਤ ਵਾਟਰ ਵਰਕਸ ਨੂੰ 28 ਲੱਖ 8 ਹਜ਼ਾਰ 590 ਰੁਪਏ ਦਾ ਬਿਜਲੀ ਬਿੱਲ ਆਇਆ ਹੈ। ਜਦੋਂਕਿ ਇਸ ਵਾਟਰ ਵਰਕਸ ਤੋਂ 80 ਫੀਸਦੀ ਕਸਬੇ ਦੀ ਆਬਾਦੀ ਨੂੰ ਪਾਣੀ ਦੀ ਕੋਈ ਸਪਲਾਈ ਨਹੀਂ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਜਿਹੜੇ ਲੋਕ ਇਸ ਵਾਟਰ ਵਰਕਸ ਦਾ ਪਾਣੀ ਵਰਤਦੇ ਹਨ, ਉਨ੍ਹਾਂ ਵੱਲੋਂ ਕੋਈ ਬਿੱਲ ਨਹੀਂ ਭਰਿਆ ਜਾਂਦਾ। ਲੱਖਾਂ ਰੁਪਏ ਦਾ ਬਿਜਲੀ ਬਿੱਲ ਆ ਰਿਹਾ ਹੈ ਅਤੇ ਕੁਨੈਕਸ਼ਨਾਂ ਤੋਂ ਇਕ ਹਜ਼ਾਰ ਤੋਂ ਵੱਧ ਰੁਪਏ ਵੀ ਇਕੱਠੇ ਨਹੀਂ ਹੁੰਦੇ ਹਨ। ਵਿਭਾਗ ਫਿਰ ਵੀ ਪਾਣੀ ਦੀ ਸਪਲਾਈ ਦੇ ਰਿਹਾ ਹੈ। ਦੂਜੇ ਪਾਸੇ ਕਸਬੇ ਦੀ 80 ਫੀਸਦੀ ਆਬਾਦੀ ਪੂਰੀ ਤਰ੍ਹਾਂ ਸਬਮਰਸੀਬਲ ਪੰਪਾਂ 'ਤੇ ਨਿਰਭਰ ਹੈ। ਮੰਡੀ ਕੋਲ ਲੱਗਭਗ ਢਾਈ ਸਾਲ ਪਹਿਲਾਂ ਆਰ.ਓ. ਪਲਾਂਟ ਲੱਗਿਆ ਸੀ। ਉਸਨੂੰ ਵੀ ਬਿਜਲੀ ਦਾ ਬਿੱਲ 4 ਲੱਖ 37 ਹਜ਼ਾਰ 270 ਰੁਪਏ ਆਇਆ ਸੀ। ਇਸ ਆਰ. ਓ. ਪਲਾਂਟ ਨੂੰ ਅੱਜ ਤੱਕ ਕਿਸੇ ਨੇ ਟੂਟੀ ਕੁਨੈਕਸ਼ਨ ਦਾ ਬਿੱਲ ਨਹੀਂ ਭਰਿਆ ਹੈ। ਬਿੱਲ ਨਾ ਭਰੇ ਜਾਣ ਕਾਰਨ ਇਹ ਰਕਮ ਲੱਖਾਂ 'ਚ ਹੋ ਗਈ ਹੈ। ਵਾਟਰ ਵਰਕਸ ਦੇ ਕਰਮਚਾਰੀਆਂ ਨੇ ਦੱਸਿਆ ਕਿ ਇੰਨੀ ਭਾਰੀ ਰਕਮ ਦੇ ਬਿਜਲੀ ਬਿੱਲ ਆਏ ਹਨ, ਜੋ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੇ ਹਨ। ਮੁਲਾਜ਼ਮ ਆਗੂ ਕਰਮਜੀਤ ਸਿੰਘ ਬੀਹਲਾ ਦਾ ਕਹਿਣਾ ਹੈ ਕਿ ਇਹ ਬਿੱਲ ਇਕ ਮਹੀਨੇ ਦਾ ਨਹੀਂ ਹੈ, ਸਗੋਂ ਕਈ ਸਾਲਾਂ ਦਾ ਹੈ ਅਤੇ ਹਰੇਕ ਮਹੀਨੇ ਦਾ ਇਕੱਠਾ ਹੋ ਕੇ ਵੱਡੀ ਰਕਮ ਬਣ ਗਈ ਹੈ।
ਆਮਦਨ ਨਾ ਹੋਣ ਕਾਰਨ ਨਹੀਂ ਭਰ ਸਕੇ ਬਿੱਲ : ਐੈੱਸ. ਡੀ. ਓ. 
ਓਧਰ, ਵਾਟਰ ਵਰਕਸ ਵਿਭਾਗ ਦੇ ਐੈੱਸ.ਡੀ.ਓ. ਚਮਕ ਸਿੰਗਲਾ ਨੇ ਦੱਸਿਆ ਕਿ ਕਸਬੇ ਦੇ ਲੋਕਾਂ ਤੋਂ ਕੋਈ ਆਮਦਨ ਨਹੀਂ ਹੋ ਰਹੀ। ਵਿਭਾਗ ਨੇ ਆਮਦਨ 'ਚੋਂ ਹੀ ਬਿੱਲ ਭਰਨਾ ਹੁੰਦਾ ਹੈ। ਸਰਕਾਰ ਵੱਲੋਂ ਤਾਂ ਕੋਈ ਫੰਡ ਹੁੰਦਾ ਹੀ ਨਹੀਂ। ਜਦੋਂ ਆਮਦਨ ਇਕੱਠੀ ਨਹੀਂ ਹੋਈ ਤਾਂ ਬਿਜਲੀ ਬਿੱਲ ਨਹੀਂ ਭਰਿਆ ਗਿਆ ਅਤੇ ਰਕਮ ਇੰਨੀ ਵੱਡੀ ਬਣ ਗਈ। ਉਂਝ ਮਨੁੱਖੀ ਅਧਿਕਾਰ ਅਤੇ ਜ਼ਰੂਰੀ ਸੇਵਾਵਾਂ ਕਾਰਨ ਪਾਣੀ ਦੀ ਸਪਲਾਈ ਬੰਦ ਨਹੀਂ ਕਰ ਸਕਦੇ।
ਵਿਭਾਗ ਨੂੰ ਵਾਰ-ਵਾਰ ਲਿਖਿਆ ਜਾ ਚੁੱਕੈ : ਐੈੱਸ. ਡੀ. ਓ.
ਪਾਵਰਕਾਮ ਸ਼ਹਿਣਾ ਦੇ ਐੈੱਸ. ਡੀ. ਓ. ਸਵਰਨ ਸਿੰਘ ਨੇ ਦੱਸਿਆ ਕਿ ਇੰਨੀ ਵੱਡੀ ਰਕਮ ਖੜ੍ਹੀ ਹੈ ਪਰ ਲੋਕਾਂ ਦੀ ਮੁੱਖ ਲੋੜ ਪਾਣੀ ਕਾਰਨ ਬਿਜਲੀ ਕੁਨੈਕਸ਼ਨ ਨਹੀਂ ਕੱਟ ਸਕਦੇ। ਵਿਭਾਗ ਨੂੰ ਬਿਜਲੀ ਬਿੱਲ ਭਰਨ ਲਈ ਵਾਰ-ਵਾਰ ਲਿਖਿਆ ਜਾ ਰਿਹਾ ਹੈ। 


Related News