ਰੋਡਵੇਜ਼ ਬੱਸਾਂ ''ਚ ਲੱਗਿਆ ਟ੍ਰੈਕਿੰਗ ਸਿਸਟਮ, ਬਟਨ ਦੱਬਦੇ ਹੀ ਚੰਡੀਗੜ੍ਹ ''ਚ ਵੱਜੇਗਾ ਅਲਾਰਮ

01/04/2020 1:31:04 PM

ਲੁਧਿਆਣਾ (ਮੋਹਿਨੀ) : ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਰੋਡਵੇਜ਼/ਪਨਬੱਸਾਂ 'ਚ ਵੀ. ਟੀ. ਐੱਸ. (ਵ੍ਹੀਕਲ ਟ੍ਰੈਕਿੰਗ ਸਿਸਟਮ) ਲਾਇਆ ਗਿਆ ਹੈ ਅਤੇ ਉਸ 'ਚ ਪੈਨਿਕ ਬਟਨ ਲਾ ਦਿੱਤਾ ਹੈ, ਜਦੋਂਕਿ ਪੁਰਾਣੀਆਂ ਬੱਸਾਂ ਵਿਚ ਵੀ ਇਹ ਲਾਏ ਜਾ ਰਹੇ ਹਨ। ਯਾਤਰੀਆਂ ਵੱਲੋਂ ਇਹ ਬਟਨ ਦਬਾਉਣ ਨਾਲ ਚੰਡੀਗੜ੍ਹ 'ਚ ਅਲਰਟ ਵੱਜੇਗਾ ਅਤੇ ਕੁਝ ਹੀ ਪਲਾਂ ਵਿਚ ਉਨ੍ਹਾਂ ਨੂੰ ਮਦਦ ਮਿਲੇਗੀ ਕਿਉਂਕਿ ਵਿਭਾਗ ਦੇ ਅਧਿਕਾਰੀ ਉਸੇ ਸਮੇਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਨਾਲ ਸੰਪਰਕ ਕਰ ਕੇ ਇਸ ਦਾ ਕਾਰਨ ਪੁੱਛਣਗੇ ਅਤੇ ਸਹੂਲਤ ਮੁਹੱਈਆ ਕਰਵਾਉਣਗੇ। ਇਨ੍ਹਾਂ ਬੱਸਾਂ ਦੀ ਲਿਮਟ ਸਪੀਡ 'ਤੇ ਵੀ ਕੰਟਰੋਲ ਰਹੇਗਾ।
ਬੱਸ ਦੀ ਟ੍ਰੈਕਿੰਗ ਵੀ. ਟੀ. ਐੱਸ. ਅਤੇ ਲੋਕੇਸ਼ਨ ਟ੍ਰੈਕਰ ਤੋਂ ਲੱਗੇਗੀ ਪਤਾ
ਅਲਰਟ ਜਾਣ ਤੋਂ ਬਾਅਦ ਵੀ. ਟੀ. ਐੱਸ. ਅਤੇ ਵ੍ਹੀਕਲ ਲੋਕੇਸ਼ਨ ਟ੍ਰੈਕਰ ਤੋਂ ਬੱਸ ਦੀ ਲੋਕੇਸ਼ਨ ਉਸ ਇਲਾਕੇ ਨਾਲ ਸਬੰਧਤ ਅਧਿਕਾਰੀਆਂ ਦੀ ਡਿਵਾਇਸ 'ਤੇ ਆ ਜਾਵੇਗੀ ਅਤੇ ਉਸ ਨੂੰ ਸਹੀ ਸਮੇਂ 'ਤੇ ਟਰੇਸ ਕੀਤਾ ਜਾ ਸਕੇਗਾ। ਉਸ ਨਾਲ ਇਹ ਵੀ ਪਤਾ ਲੱਗੇਗਾ ਕਿ ਬੱਸ ਕਿਸ ਰੂਟ ਤੋਂ ਹੋ ਕੇ ਕਿਸ ਰੂਟ 'ਤੇ ਜਾ ਰਹੀ ਹੈ। ਜੇਕਰ ਆਪਣੀ ਦਿਸ਼ਾ ਤੋਂ ਹਟ ਕੇ ਬਾਈਪਾਸ ਕਰ ਕੇ ਜਾ ਰਹੀ ਹੈ ਤਾਂ ਉਸ ਦਾ ਜੁਰਮਾਨਾ ਵੀ ਲੱਗੇਗਾ, ਜੋ ਡਰਾਈਵਰ ਅਤੇ ਕੰਡਕਟਰ ਨੂੰ ਭੁਗਤਣਾ ਪਵੇਗਾ।
ਇਸ ਤਰ੍ਹਾਂ ਕੰਮ ਕਰੇਗਾ ਸਿਸਟਮ
ਇਨ੍ਹਾਂ ਸਾਰੀਆਂ ਬੱਸਾਂ ਵਿਚ ਡਰਾਈਵਰ ਦੀ ਸੀਟ ਦੇ ਨਾਲ ਹੀ ਹੋਰ ਜਗ੍ਹਾ 'ਤੇ ਲਾਲ ਰੰਗ ਦਾ ਪੈਨਿਕ ਬਟਨ ਲਾਇਆ ਗਿਆ ਹੈ। ਬੱਸ ਦੇ ਅੱਗੇ ਯਾਤਰੀਆਂ ਵੱਲ ਅਤੇ ਪਿੱਛੇ 2 ਸੀ. ਸੀ. ਟੀ. ਵੀ. ਲਾਏ ਗਏ ਹਨ। ਜੇਕਰ ਕਿਸੇ ਔਰਤ ਯਾਤਰੀ ਦੇ ਨਾਲ ਬੱਸ ਵਿਚ ਕੋਈ ਵਿਅਕਤੀ ਛੇੜਛਾੜ ਜਾਂ ਭੱਦਾ ਵਿਵਹਾਰ ਕਰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਪੈਨਿਕ ਬਟਨ ਨੂੰ ਦਬਾਉਣਾ ਹੋਵੇਗਾ। ਬਟਨ ਦੇ ਵ੍ਹੀਕਲ ਟ੍ਰੈਕਿੰਗ ਸਿਸਟਮ ਨਾਲ ਜੁੜੇ ਹੋਣ ਕਾਰਨ ਅਜਿਹੀ ਸਥਿਤੀ ਵਿਚ ਰੋਡਵੇਜ਼ ਡਿਪੂ ਦੇ ਜਨਰਲ ਮੈਨੇਜਰ, ਟਰੈਫਿਕ ਮੈਨੇਜਰ ਅਤੇ ਮੁੱਖ ਦਫਤਰ ਦੇ ਕੰਟਰੋਲ ਰੂਪ ਵਿਚ ਮੈਸੇਜ ਜਾਵੇਗਾ। ਇਸ ਮੈਸੇਜ ਵਿਚ ਗੱਡੀ ਨੰਬਰ, ਉਸ ਦੀ ਲੋਕੇਸ਼ਨ ਅਤੇ ਪੈਨਿਕ ਬਟਨ ਪ੍ਰੈੱਸ ਕਰਨ ਦਾ ਸਮਾਂ ਹੋਵੇਗਾ।
ਲੋਕੇਸ਼ਨ ਮੁਤਾਬਕ ਨੇੜੇ ਦੇ ਰੋਡਵੇਜ਼ ਡਿਪੂ ਪ੍ਰਬੰਧਕ ਨੂੰ ਮੈਸੇਜ ਕੀਤਾ ਜਾਵੇਗਾ ਕਿ ਇਸ ਨੰਬਰ ਦੀ ਬੱਸ ਵਿਚ ਸਮੱਸਿਆ ਹੈ, ਜਿਸ ਤੋਂ ਤੁਰੰਤ ਬਾਅਦ ਉੱਡਣ ਦਸਤਾ ਲੋਕੇਸ਼ਨ ਲਈ ਰਵਾਨਾ ਹੋਵੇਗਾ। ਸਬੰਧਤ ਡਿਪੂ ਮੈਨੇਜਰ ਉੱਡਣ ਦਸਤੇ ਨੂੰ ਭੇਜਣ ਦੇ ਨਾਲ ਹੀ ਬੱਸ ਦੀ ਲੋਕੇਸ਼ਨ ਦੇ ਹਿਸਾਬ ਨਾਲ ਆਉਣ ਵਾਲੇ ਥਾਣੇ ਨੂੰ ਵੀ ਸੂਚਿਤ ਕਰੇਗਾ।


Babita

Content Editor

Related News