ਪੰਜਾਬ ''ਚ ਪਹਿਲੀ ਵਾਰ ''ਵੋਟ'' ਦੇ ਹੱਕ ਦੀ ਵਰਤੋਂ ਕਰਨਗੇ 10 ਲੱਖ ਨੌਜਵਾਨ

Monday, Apr 01, 2019 - 11:59 AM (IST)

ਪੰਜਾਬ ''ਚ ਪਹਿਲੀ ਵਾਰ ''ਵੋਟ'' ਦੇ ਹੱਕ ਦੀ ਵਰਤੋਂ ਕਰਨਗੇ 10 ਲੱਖ ਨੌਜਵਾਨ

ਚੰਡੀਗੜ੍ਹ : ਪੰਜਾਬ 'ਚ ਇਸ ਵਾਰ ਕਰੀਬ 10 ਲੱਖ ਵੋਟਰ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਜਮਹੂਰੀ ਹੱਕ ਦੀ ਪਹਿਲੀ ਵਾਰ ਵਰਤੋਂ ਕਰਨੀ ਹੈ। ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਇਨ੍ਹਾਂ ਨੌਜਵਾਨਾਂ ਦੀਆਂ ਵੋਟਾਂ ਪਹਿਲੀ ਜਨਵਰੀ ਤੱਕ ਬਣਨੀਆਂ ਚਾਹੀਦੀਆਂ ਸਨ। ਸੂਬੇ 'ਚ 18 ਤੋਂ 19 ਸਾਲ ਦੇ ਗੱਭਰੂਆਂ ਦੀਆਂ ਵੋਟਾਂ ਬਣਾਉਣਾ ਚੋਣ ਕਮਿਸ਼ਨ ਲਈ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਆਉਣ ਵਾਲੀਆਂ ਚੋਣਾਂ ਲਈ ਕਮਿਸ਼ਨ ਵਲੋਂ ਜਿਹੜੀਆਂ ਵੋਟਰ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਮੁਤਾਬਕ ਇਸ ਉਮਰ ਗਰੁੱਪ ਦੇ ਸਾਢੇ ਨੌਂ ਲੱਖ ਯੋਗ ਵਿਅਕਤੀਆਂ 'ਚੋਂ ਸਿਰਫ 2 ਲੱਖ, 55 ਹਜ਼ਾਰ, 887 ਵੋਟਾਂ ਹੀ ਬਣੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ 'ਚ 7 ਲੱਖ ਨੌਜਵਾਨਾਂ ਦੀਆਂ ਵੋਟਾਂ ਨਹੀਂ ਬਣੀਆਂ।

ਚੋਣ ਕਮਿਸ਼ਨ ਵਲੋਂ ਇਨ੍ਹਾਂ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਅਤੇ ਆਪਣੇ ਅਧਿਕਾਰੀਆਂ ਨੂੰ ਭੇਜਿਆ ਪਰ ਨੌਜਵਾਨਾਂ ਨੇ ਵੋਟਾਂ ਬਣਾਉਣ 'ਚ ਦਿਲਚਸਪੀ ਨਹੀਂ ਦਿਖਾਈ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਨਵੇਂ ਵੋਟਰ ਸ਼ਾਮਲ ਕਰਨਾ ਕਮਿਸ਼ਨ ਦੇ ਏਜੰਡੇ 'ਤੇ ਹੁੰਦਾ ਹੈ। ਪੰਜਾਬ ਦੇ ਨੌਜਵਾਨਾਂ ਦੀਆਂ ਵੋਟਾਂ ਦੇ ਰੁਝਾਨ 'ਚ ਦਿਲਚਸਪ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 18 ਤੋਂ 19 ਸਾਲ ਦੀ ਉਮਰ ਗਰੁੱਪ ਦੇ ਵੋਟਰਾਂ ਦੀ ਗਿਣਤੀ ਜ਼ਿਆਦਾ ਸੀ। ਚੋਣ ਕਮਿਸ਼ਨ ਦੇ ਆਂਕੜਿਆਂ ਮੁਤਾਬਕ ਵਿਧਾਨ ਸਭਾ ਚੋਣਾਂ ਸਮੇਂ ਆਬਾਦੀ ਦੇ ਹਿਸਾਬ ਨਾਲ ਇਹੀ ਅੰਦਾਜ਼ਾ ਲਾਇਆ ਗਿਆ ਸੀ ਕਿ ਇਸ ਉਮਰ ਦੇ ਯੋਗ ਵਿਅਕਤੀਆਂ ਦੀ ਗਿਣਤੀ 9 ਲੱਖ, 66 ਹਜ਼ਾਰ ਹੈ ਤੇ ਇਸ 'ਚੋਂ 3 ਲੱਖ, 43 ਹਜ਼ਾਰ ਨੌਜਵਾਨਾਂ ਦੀਆਂ ਵੋਟਾਂ ਬਣੀਆਂ ਸਨ। ਪੰਜਾਬ 'ਚ ਇਸ ਸਮੇਂ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ, 3 ਲੱਖ, 74 ਹਜ਼ਾਰ, 365 ਹੈ।


author

Babita

Content Editor

Related News