ਵਿਦੇਸ਼ ਭੇਜਣ ਦੇ ਨਾਂ ''ਤੇ ਮੋਟੀ ਠੱਗੀ: ਤਿੰਨ ਨੌਜਵਾਨਾਂ ਤੋਂ ਠੱਗੇ ਲੱਖਾਂ ਰੁਪਏ
Thursday, May 14, 2026 - 06:30 PM (IST)
ਲੁਧਿਆਣਾ (ਰਾਜ): ਵਿਦੇਸ਼ ਜਾ ਕੇ ਸੁਨਹਿਰੇ ਭਵਿੱਖ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਨੂੰ ਠੱਗਣ ਵਾਲੇ ਕਬੂਤਰਬਾਜ਼ਾਂ ਦਾ ਜਾਲ ਲਗਾਤਾਰ ਫੈਲਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿਚ ਇਕ ਸ਼ਾਤਿਰ ਠੱਗ ਨੇ ਤਿੰਨ ਵੱਖ-ਵੱਖ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਠੱਗ ਲਏ। ਪੁਲਸ ਨੇ ਜਾਂਚ ਤੋਂ ਬਾਅਦ ਹੁਣ ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਸ ਨੇ ਮੁਲਜ਼ਮ ਕੁਲਬੀਰ ਸਿੰਘ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਮਾਮਲਾ ਅਜੈ ਕੁਮਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਲੰਬੀ ਪੜਤਾਲ ਤੋਂ ਬਾਅਦ ਦਰਜ ਕੀਤਾ ਗਿਆ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਅਜੈ ਕੁਮਾਰ ਤੋਂ 1,45,000/- ਰੁਪਏ, ਸੁਖਵਿੰਦਰ ਸਿੰਘ ਤੋਂ 1,24,500/- ਰੁਪਏ ਅਤੇ ਨੂਰ ਮੁਹੰਮਦ ਤੋਂ 1,22,500/- ਰੁਪਏ ਦੀ ਮੋਟੀ ਰਕਮ ਹਾਸਲ ਕੀਤੀ। ਤਿੰਨਾਂ ਨੌਜਵਾਨਾਂ ਤੋਂ ਕੁੱਲ ਮਿਲਾ ਕੇ ਲੱਖਾਂ ਰੁਪਏ ਲੈਣ ਦੇ ਬਾਵਜੂਦ ਮੁਲਜ਼ਮ ਨੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਪੁਲਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
