ਵਿਰਾਸਤ-ਏ-ਖਾਲਸਾ 'ਵਰਲਡ ਬੁੱਕ ਆਫ ਰਿਕਾਰਡਜ਼' 'ਚ ਸ਼ਾਮਲ, ਪੁੱਜੇ 1.7 ਕਰੋੜ ਸੈਲਾਨੀ

Monday, Nov 25, 2019 - 02:57 PM (IST)

ਵਿਰਾਸਤ-ਏ-ਖਾਲਸਾ 'ਵਰਲਡ ਬੁੱਕ ਆਫ ਰਿਕਾਰਡਜ਼' 'ਚ ਸ਼ਾਮਲ, ਪੁੱਜੇ 1.7 ਕਰੋੜ ਸੈਲਾਨੀ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਅਤਿ ਆਧੁਨਿਕ ਅਜਾਇਬ ਘਰ, ਵਿਰਾਸਤ-ਏ-ਖਾਲਸਾ ਨੇ ਰੋਜ਼ਾਨਾ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਸਦਕਾ ਸਾਲਾਨਾ ਹਵਾਲਾ ਪੁਸਤਕ 'ਵਰਲਡ ਬੁੱਕ ਆਫ ਰਿਕਾਰਡਜ਼' ਵਿਚ ਸੂਚੀਬੱਧ ਹੋ ਕੇ ਇੱਕ ਹੋਰ ਨਵਾਂ ਰਿਕਾਰਡ ਬਣਾ ਲਿਆ ਹੈ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 'ਵਰਲਡ ਬੁੱਕ ਆਫ ਰਿਕਾਰਡਜ' ਦੇ ਵਫਦ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜੋ ਅੱਜ ਇਥੇ ਆਯੋਜਿਤ ਸਮਾਰੋਹ ਵਿੱਚ ਪੁਰਸਕਾਰ ਦੇਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮਿਊਜੀਅਮ ਵਿੱਚ 20 ਮਾਰਚ, 2019 ਨੂੰ 20569 ਦਰਸ਼ਕਾਂ ਦੀ ਰਿਕਾਰਡ ਤੋੜ ਆਮਦ ਵੇਖਣ ਨੂੰ ਮਿਲੀ।

PunjabKesari
ਵਿਰਾਸਤ-ਏ-ਖਾਲਸਾ ਵਿਖੇ ਆਯੋਜਿਤ ਕੀਤੇ ਜਾ ਰਹੇ ਅਜਾਇਬ ਘਰ ਦੇ ਰਿਕਾਰਡ ਤੋੜ ਹਵਾਲੇ ਅਤੇ ਉਦਘਾਟਨ ਦਿਵਸ ਸਮਾਰੋਹ ਦੇ ਵਿਸ਼ੇਸ਼ ਮੌਕੇ ਮੰਤਰੀ ਨੇ ਕਿਹਾ ਕਿ ਇਹ ਲਗਾਤਾਰ ਚੌਥਾ ਪੁਰਸਕਾਰ ਹੈ, ਜੋ ਵਿਰਾਸਤ-ਏ-ਖਾਲਸਾ ਵਿਖੇ ਇਸ ਸਾਲ ਦਰਸ਼ਕਾਂ ਦੀ ਰਿਕਾਰਡ ਤੋੜ ਆਮਦ ਲਈ ਦਿੱਤਾ ਗਿਆ ਹੈ। ਵਿਰਾਸਤ-ਏ-ਖਾਲਸਾ ਨੂੰ ਇਸ ਸਾਲ 'ਲਿਮਕਾ ਬੁੱਕ ਆਫ ਰਿਕਾਰਡਸ', 'ਇੰਡੀਆ ਬੁੱਕ ਆਫ ਰਿਕਾਰਡਸ', 'ਏਸੀਆ ਬੁੱਕ ਆਫ ਰਿਕਾਰਡਸ' ਵਿੱਚ ਸੂਚੀਬੱਧ ਕੀਤਾ ਗਿਆ ਅਤੇ ਵਿਸ਼ਵ ਪੱਧਰੀ ਵੈਬਸਾਈਟ ਵਲੋਂ 'ਸਰਟੀਫਿਕੇਟ ਆਫ ਐਕਸੀਲੈਂਸ' ਦਾ ਪੁਰਸਕਾਰ ਵੀ  ਦਿੱਤਾ ਗਿਆ ਹੈ।
ਚੰਨੀ ਨੇ ਕਿਹਾ, ''ਮਿਊਜੀਅਮ ਵੱਲੋਂ ਸਕੂਲਾਂ ਅਤੇ ਕਾਲਜਾਂ ਨਾਲ ਮਿਲ ਕੇ ਸੈਂਕਿੰਡ ਹਾਫ-ਮੈਰਾਥਨ, ਵਿਦਿਅਕ ਮੁਕਾਬਲੇ, ਸੱਭਿਆਚਾਰਕ ਪ੍ਰੋਗਰਾਮ ਅਤੇ ''550 ਰੁੱਖ ਗੁਰੂ ਨਾਨਕ ਦੇ ਨਾਮ'' ਤਹਿਤ 550 ਸਕੂਲਾਂ ਤੇ ਕਾਲਜਾਂ ਵਿੱਚ ਬੂਟੇ ਲਗਾ ਕੇ ਲੋਕਾਂ ਨਾਲ ਖੁਸੀ ਸਾਂਝੀ ਕੀਤੀ ਗਈ।'' ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ 23 ਨਵੰਬਰ ਤੋਂ 25 ਨਵੰਬਰ ਨੂੰ ਤਿੰਨ ਦਿਨਾਂ ਤੱਕ ਇਹ ਸਮਾਗਮ ਆਯੋਜਤ ਕੀਤੇ ਗਏ, ਜਿਨਾਂ ਨੇ ਏਕਤਾ ਦੀ ਵਿਚਾਰਧਾਰਾ ਦਾ ਪ੍ਰਚਾਰ, ਲੋਕ ਭਲਾਈ, ਵਾਤਾਵਰਣ ਦੀ ਸੰਭਾਲ ਅਤੇ ਅਗਿਆਨ ਲੋਕਾਂ ਨੂੰ ਜਾਗਰੂਕ ਕਰਨ ਲਈ ਚਾਰਾਂ ਦਿਸ਼ਾਵਾਂ ਵਿੱਚ ਉਦਾਸੀਆਂ ਕੀਤੀਆਂ ਸਨ।
ਸੂਬਾ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਰਾਸਤ-ਏ-ਖਾਲਸਾ, ਜਿਸ ਦਾ ਉਦਘਾਟਨ 25 ਨਵੰਬਰ, 2011 ਅਤੇ 25 ਨਵੰਬਰ, 2016 ਨੂੰ ਦੋ ਪੜਾਵਾਂ ਵਿੱਚ ਕੀਤਾ ਗਿਆ ਸੀ, ਪੰਜਾਬ ਅਤੇ ਸਿੱਖ ਧਰਮ ਦੀ 550 ਸਾਲਾਂ ਦੀ ਮਹਾਨ ਵਿਰਾਸਤ ਅਤੇ ਸਭਿਆਚਾਰ ਦੀ ਯਾਦ ਦਿਵਾਉਂਦਾ ਹੈ। ਮੰਤਰੀ ਨੇ ਕਿਹਾ, ''ਵਿਰਾਸਤ-ਏ-ਖਾਲਸਾ ਮਿਊਜ਼ੀਅਮ ਨੂੰ ਉਚਾਈਆਂ ਛੂਹੰਦਿਆਂ ਵੇਖਣਾ ਅਤੇ 8 ਸਾਲਾਂ ਦੇ ਥੋੜੇ ਸਮੇਂ ਦੌਰਾਨ ਮਿਊਜੀਅਮ ਵਿੱਚ 1.7 ਕਰੋੜ ਦੀ ਆਮਦ ਸਮੁੱਚੇ ਸੈਰ-ਸਪਾਟਾ ਅਤੇ ਸਭਿਆਚਾਰ ਵਿਭਾਗ ਲਈ ਇੱਕ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਰਾਸਤ-ਏ-ਖਾਲਸਾ ਵਿਖੇ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਆਮਦ ਇਕ ਹੈਰਾਨੀਜਨਕ ਤਜ਼ਰਬਾ ਹੈ, ਜਿਸ ਨਾਲ ਇਹ ਮਿਊਜ਼ੀਅਮ ਵਿਸ਼ਵ ਪੱਧਰ 'ਤੇ ਆਪਣੀ ਅਨੋਖੀ ਛਾਪ ਛੱਡ ਰਿਹਾ ਹੈ।


author

Babita

Content Editor

Related News