ਸੋਸ਼ਲ ਮੀਡੀਆ ’ਤੇ ਵਾਇਰਲ ਪੱਤਰ ਨੇ ਵਧਾਈ ਸਿੱਖਿਆ ਵਿਭਾਗ ਦੀ ਸਿਰਦਰਦੀ, ਅਧਿਕਾਰੀਆਂ ਨੇ ਕੀਤਾ ਖੰਡਨ
Monday, Aug 09, 2021 - 03:16 PM (IST)
ਲੁਧਿਆਣਾ (ਵਿੱਕੀ) : ਕੋਵਿਡ-19 ਦੇ ਸਬੰਧ ’ਚ ਵੱਖ-ਵੱਖ ਕਲਾਸਾਂ ਲਈ ਸਕੂਲ ਸੰਚਾਲਨ ਲਈ ਸੋਸ਼ਲ ਮੀਡੀਆ ’ਤੇ ਇਕ ਪੱਤਰ ਖੂਬ ਵਾਇਰਲ ਹੋਇਆ ਪਰ ਬਾਅਦ ’ਚ ਸਿੱਖਿਆ ਵਿਭਾਗ ਵੱਲੋਂ ਇਸ ਪੱਤਰ ਨੂੰ ਫਰਜ਼ੀ ਦੱਸਦਿਆਂ ਇਸ ਦਾ ਖੰਡਨ ਕਰ ਦਿੱਤਾ। ਵਾਇਰਲ ਹੋਏ ਪੱਤਰ ’ਚ ਕਿਹਾ ਗਿਆ ਸੀ ਕਿ ਸੂਬੇ ਭਰ ਦੇ ਸਾਰੇ ਸਕੂਲਾਂ ’ਚ ਵੱਖ-ਵੱਖ ਕਲਾਸਾਂ ਲਈ ਵੱਖ-ਵੱਖ ਦਿਨ ਨਿਰਧਾਰਤ ਕੀਤੇ ਗਏ ਹਨ, ਜਿਸ ਵਿਚ ਸੋਮਵਾਰ ਅਤੇ ਵੀਰਵਾਰ ਨੂੰ 11ਵੀਂ, 9ਵੀਂ, 7ਵੀਂ ਅਤੇ 6ਵੀਂ ਕਲਾਸ ਦੇ ਵਿਦਿਆਰਥੀ ਹੀ ਸਕੂਲ ਆਉਣਗੇ, ਜਦੋਂਕਿ ਹਫਤੇ ਵਿਚ 4 ਦਿਨ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੋਰਡ ਕਲਾਸ 8ਵੀਂ, 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀ ਸਕੂਲ ਆਉਣਗੇ, ਭਾਵੇਂਕਿ ਇਸ ਪੱਤਰ ਵਿਚ ਪ੍ਰਾਇਮਰੀ ਸੈਕਸ਼ਨ ਲਈ ਕੁਝ ਵੀ ਨਹੀਂ ਕਿਹਾ ਗਿਆ ਸੀ। ਦੁਪਹਿਰ ਬਾਅਦ ਇਹ ਪੱਤਰ ਲਗਭਗ ਅਧਿਆਪਕਾਂ ਦੇ ਸਾਰੇ ਵਟਸਐਪ ਗਰੁੱਪਾਂ ’ਚ ਘੁੰਮ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਸ ਦਾ ਨੋਟਿਸ ਲੈਂਦਿਆਂ ਪੱਤਰ ਦਾ ਖੰਡਨ ਕੀਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸਾਲ 8.5 ਲੱਖ ਕਿਸਾਨ ਪਰਿਵਾਰਾਂ ਨੂੰ ਸਿਹਤ ਬੀਮਾ ਸਕੀਮ ਹੇਠ ਲਿਆਉਣ ਦਾ ਫੈਸਲਾ
ਡਿਪਟੀ ਡੀ. ਈ. ਓ. ਸੈਕੰਡਰੀ ਸਿੱਖਿਆ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਪੱਤਰ ਪੂਰੀ ਤਰ੍ਹਾਂ ਫਰਜ਼ੀ ਹੈ। ਸਿੱਖਿਆ ਵਿਭਾਗ ਵੱਲੋਂ ਇਸ ਤਰ੍ਹਾਂ ਦਾ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਸਕੂਲ ਪਹਿਲਾਂ ਦੀ ਤਰ੍ਹਾਂ ਹੀ ਖੁੱਲ੍ਹਣਗੇ ਅਤੇ ਵਿਭਾਗ ਵੱਲੋਂ ਜੋ ਗਾਈਡਲਾਈਨਜ਼ ਪਹਿਲਾਂ ਜਾਰੀ ਕੀਤੀਆਂ ਗਈਆਂ ਹਨ, ਉਸ ਨੂੰ ਹੀ ਫਾਲੋਅਪ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਕਮਰਿਆਂ ਦੀ ਗਿਣਤੀ ਘੱਟ ਹੈ, ਉਥੇ ਸਕੂਲ ਪ੍ਰਮੁੱਖ ਆਪਣੇ ਪੱਧਰ ’ਤੇ ਨਾਨ-ਕਲਾਸਾਂ ਦੇ ਸਬੰਧ ’ਚ ਫੈਸਲਾ ਲੈ ਸਕਦੇ ਹਨ, ਜਦਕਿ ਬੋਰਡ ਕਲਾਸਾਂ ਦੇ ਵਿਦਿਆਰਥੀ ਰੋਜ਼ਾਨਾਂ ਸਕੂਲ ਆਉਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਜੇਕਰ ਫੈਸਲਾ ਲੈਣ ’ਚ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਸਕੂਲ ਪ੍ਰਮੁੱਖ ਜ਼ਿਲਾ ਸਿੱਖਿਆ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿਨ ਦਿਹਾੜੇ ਵਿੱਕੀ ਮਿੱਡੂਖੇੜਾਂ ਦਾ ਕਤਲ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ