ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਗੈਂਗਸਟਰ ਦੀ ਮਾਂ ਗ੍ਰਿਫਤਾਰ
Friday, Nov 10, 2017 - 07:17 PM (IST)
ਅੰਮ੍ਰਿਤਸਰ (ਸੁਮਿਤ) : ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਦੇ ਦੋਸ਼ੀ ਗੈਂਗਸਟਰ ਸਾਰਜ ਸਿੰਘ ਉਰਫ ਮਿੰਟੂ ਮੰਡੀ ਵਾਲਾ ਦੀ ਮਾਂ ਸੁਖਰਾਜ ਕੌਰ ਨੂੰ ਥਾਣਾ ਸੁਲਤਾਨ ਵਿੰਡ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸੁਖਰਾਜ ਕੌਰ 'ਤੇ ਸਾਰਜ ਅਤੇ ਉਸ ਦੇ ਸਾਥੀਆਂ ਦੀਆਂ ਅਪਰਾਧਕ ਗਤੀਵਿਧੀਆਂ ਨੂੰ ਲੁਕਾਉਣ ਅਤੇ ਉਨ੍ਹਾਂ ਨੂੰ ਸ਼ਰਨ ਦੇਣ ਦੋਸ਼ ਲੱਗੇ ਹਨ। ਫਿਲਹਾਲ ਸੀ. ਆਈ. ਏ. ਸਟਾਫ ਵੱਲੋਂ ਸੁਖਰਾਜ ਕੌਰ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਸਾਰਜ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।
ਐੱਫ. ਆਈ. ਆਰ. ਮੁਤਾਬਕ ਸਾਰਜ ਸਿੰਘ ਉਰਫ ਮਿੰਟੂ ਮੰਡੀ ਵਾਲਾ ਪੁਲਸ ਹਿਰਾਸਤ ਤੋਂ ਫਰਾਰ ਗੈਂਗਸਟਰ ਪਰਮਿੰਦਰ ਸਿੰਘ ਉਰਫ ਗੋਲੀ ਤੇ ਅਰੁਣ ਦੇ ਨਾਲ ਮਿਲ ਕੇ ਕਈ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਹੈ। ਪਿਛਲੇ ਚਾਰ ਮਹੀਨਿਆਂ ਤੋਂ ਉਹ ਅੰਮ੍ਰਿਤਸਰ ਦੇ ਤਰਨਤਾਰਨ ਰੋਡ, ਸੁਲਤਾਨ ਵਿੰਡ ਰੋਡ, ਬਟਾਲਾ ਰੋਡ, ਜੌੜਾ ਫਾਟਕ ਦੇ ਆਸ-ਪਾਸ ਦੇ ਇਲਾਕਿਆਂ 'ਚ ਘੁੰਮਦੇ ਦਿਖਾਈ ਦਿੱਤੇ ਹਨ। ਦੋਸ਼ੀ ਕਈ ਵਾਰ ਸੁਖਰਾਜ ਕੌਰ ਦੇ ਘਰ ਵੀ ਠਹਿਰੇ ਪਰ ਉਸ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ, ਜਿਸ ਦੇ ਚੱਲਦੇ ਪੁਲਸ ਨੇ ਸੁਖਰਾਜ ਕੌਰ ਨੂੰ ਹਿਰਾਸਤ 'ਚ ਲਿਆ ਹੈ।