ਪੰਜਾਬ ਦੇ ਪੈਟਰੋਲ ਪੰਪਾਂ ''ਤੇ ਵੱਡੀ ਲਾਪਰਵਾਹੀ! ਹੁਣ ਪੁਲਸ ਨੇ ਦਿੱਤੀ ਸਖ਼ਤ ਐਕਸ਼ਨ ਦੀ ਚੇਤਾਵਨੀ

Saturday, Nov 09, 2024 - 02:35 PM (IST)

ਲੁਧਿਆਣਾ (ਖੁਰਾਣਾ)- ਪ੍ਰਸ਼ਾਸਨਿਕ ਪਾਬੰਦੀ ਦੇ ਬਾਵਜੂਦ ਮਹਾਨਗਰ ’ਚ ਜ਼ਿਆਦਾਤਰ ਪੈਟ੍ਰੋਲੀਅਮ ਕਾਰੋਬਾਰੀ ਪਲਾਸਟਿਕ ਦੀਆਂ ਬੋਤਲਾਂ ’ਚ ਪੈਟ੍ਰੋਲ ਦੀ ਗੈਰ-ਕਾਨੂੰਨੀ ਵਿਕਰੀ ਕਰ ਕੇ ਨਗਰ ’ਚ ਲਾਅ ਐਂਡ ਆਰਡਰ ਦੀ ਸਥਿਤੀ ਨਾਲ ਖੁੱਲ੍ਹੇਆਮ ਖਿਲਵਾੜ ਕਰ ਰਹੇ ਹਨ, ਜਿਸ ਕਾਰਨ ਨਾ ਸਿਰਫ ਉਦਯੋਗਿਕ ਨਗਰ ਦਾ ਮਾਹੌਲ ਲਗਾਤਾਰ ਖਰਾਬ ਹੁੰਦਾ ਹੈ, ਸਗੋਂ ਸਿਆਸੀ ਨੇਤਾਵਾਂ ਅਤੇ ਵਪਾਰੀ ਵਰਗ ਦੀ ਜਾਨ-ਮਾਲ ਨੂੰ ਵੀ ਖ਼ਤਰਾ ਪੈਦਾ ਹੋਣ ਲੱਗਾ ਹੈ।

ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!

ਅਜਿਹੇ ਪੈਟ੍ਰੋਲੀਅਮ ਡੀਲਰਾਂ ਦੀ ਲਾਪਰਵਾਹੀ ਦਾ ਫਾਇਦਾ ਉਠਾ ਕੇ ਨਗਰ ’ਚ ਅੱਤ ਮਚਾਉਣ ਵਾਲੇ ਸ਼ਰਾਰਤੀ ਤੱਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਲਗਾਤਾਰ ਪੈਟ੍ਰੋਲ ਬੰਬ ਧਮਾਕੇ ਕਰ ਕੇ ਆਮ ਜਨਤਾ ’ਚ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਕੁਝ ਹੀ ਦਿਨਾਂ ’ਚ ਸ਼ਿਵਸੈਨਾ ਨੇਤਾ ਯੋਗੇਸ਼ ਬਖਸ਼ੀ ਅਤੇ ਹਰਕੀਰਤ ਸਿੰਘ ਖੁਰਾਣਾ ਦੇ ਘਰ ਸ਼ੱਕੀ ਨੌਜਵਾਨਾਂ ਵੱਲੋਂ, ਜਿਨ੍ਹਾਂ ਦੇ ਸਬੰਧ ਅੱਤਵਾਦੀ ਜਥੇਬੰਦੀਆਂ ਨਾਲ ਦੱਸੇ ਜਾ ਰਹੇ ਹਨ, ਵੱਲੋਂ ਪੈਟ੍ਰੋਲ ਬੰਬ ਧਮਾਕੇ ਕਰ ਕੇ ਪੁਲਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ। ਇਸ ਕੜੀ ਤਹਿਤ, ਅਜਿਹੇ ਬੇਪ੍ਰਵਾਹ ਪੈਟ੍ਰੋਲ ਪੰਪ ਡੀਲਰਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਜੋ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਦੀਆਂ ਖੁੱਲ੍ਹੇਆਮ ਧੱਜੀਆਂ ਉਡਾਉਂਦੇ ਹੋਏ ਪਾਬੰਦੀਸ਼ੁਦਾ ਪਲਾਸਟਿਕ ਬੋਤਲਾਂ ’ਚ ਖੁੱਲ੍ਹੇਆਮ ਪੈਟ੍ਰੋਲ ਵੇਚ ਰਹੇ ਹਨ। ਪੁਲਸ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਜਿਹੇ ਪੈਟ੍ਰੋਲੀਅਮ ਕਾਰੋਬਾਰੀਆਂ ਖਿਲਾਫ ਸਖ਼ਤ ਐਕਸ਼ਨ ਲੈਣ ਦੀ ਲੋੜ ਹੈ, ਤਾਂ ਕਿ ਸ਼ਹਿਰ ਦਾ ਮਾਹੌਲ ਖੁਸ਼ਨੁਮਾ ਬਣਿਆ ਰਹੇ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਕਾਰੋਬਾਰੀ ਪ੍ਰਿੰਕਲ 'ਤੇ ਫ਼ਾਇਰਿੰਗ ਮਾਮਲੇ ਵਿਚ ਨਵਾਂ ਮੋੜ

ਕੀ ਕਹਿੰਦੇ ਹਨ ਪੈਟ੍ਰੋਲੀਅਮ ਡੀਲਰ ਐਸੋਸੀਏਸ਼ਨ ਦੇ ਚੇਅਰਮੈਨ?

ਲੁਧਿਆਣਾ ਪੈਟ੍ਰੋਲੀਅਮ ਡੀਲਰ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਚਦੇਵਾ ਨੇ ਕਿਹਾ ਕਿ ਕੁਝ ਪੈਟ੍ਰੋਲ ਪੰਪ ਡੀਲਰਾਂ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਬੋਤਲਾਂ ’ਚ ਪੈਟ੍ਰੋਲ ਵੇਚਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਪੈਟ੍ਰੋਲੀਅਮ ਕਾਰੋਬਾਰੀ ਮਜਬੂਰੀ ’ਚ ਕਿਸੇ ਔਰਤ ਜਾਂ ਕਿਸੇ ਪਰਿਵਾਰ ਨੂੰ ਮੁਸੀਬਤ ’ਚ ਹੋਣ ਕਾਰਨ ਪਲਾਸਟਿਕ ਬੋਤਲ ’ਚ ਪੈਟ੍ਰੋਲ ਭਰ ਦਿੰਦੇ ਹਨ ਪਰ ਇਸ ਦੌਰਾਨ ਕੁਝ ਲੋਕ ਇਸ ਦੀ ਦੁਰਵਰਤੋਂ ਕਰਦੇ ਹਨ, ਜੋ ਕਿ ਪੈਟ੍ਰੋਲੀਅਮ ਕਾਰੋਬਾਰੀਆਂ ਦੇ ਨਾਲ ਹੀ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਲਈ ਚੁਣੌਤੀ ਭਰਿਆ ਸਾਬਤ ਹੁੰਦਾ ਹੈ। ਅਸ਼ੋਕ ਸਚਦੇਵਾ ਨੇ ਪੈਟ੍ਰੋਲੀਅਮ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੀਆਂ ਬੋਤਲਾਂ ’ਚ ਪੈਟ੍ਰੋਲ ਨਾ ਵੇਚਣ। ਉਨ੍ਹਾਂ ਕਿਹਾ ਕਿ ਟ੍ਰੇਡ ਨਾਲ ਜੁੜੇ ਭਾਈਚਾਰੇ ਨੂੰ ਪ੍ਰਸ਼ਾਸਨਿਕ ਹੁਕਮਾਂ ਦੇ ਨਾਲ ਹੀ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਲਈ ਗੰਭੀਰ ਹੋਣ ਦੀ ਲੋੜ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਸਖ਼ਤ ਹੁਕਮ

ਪੁਲਸ ਵੱਲੋਂ ਸਖ਼ਤ ਐਕਸ਼ਨ ਦੀ ਚੇਤਾਵਨੀ

ਏ. ਸੀ. ਪੀ. ਪੂਰਬੀ ਸੁਮਿਤ ਸੂਦ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪੈਟ੍ਰੋਲ ਪੰਪ ਸੰਚਾਲਕਾਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਧੇ ਤੌਰ ’ਤੇ ਸ਼ਹਿਰ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News