ਪੰਜਾਬ ਸਾਂਝੇ ਸੱਭਿਆਚਾਰ ਦੀ ਤਸਵੀਰ, ਹਿੰਦੂ ਤੇ ਸਿੱਖ ਨਹੁੰ-ਮਾਸ ਦੇ ਰਿਸ਼ਤੇ ਵਾਂਗ : ਦੀਪਕ ਬਾਲੀ
Monday, Nov 04, 2024 - 10:46 PM (IST)
ਜਲੰਧਰ : ਕੈਨੇਡਾ ਦੇ ਬਰੈਂਪਟਨ ਵਿਚ ਇਹ ਹਿੰਦੂ ਮੰਦਰ 'ਤੇ ਹੋਏ ਹਮਲੇ ਤੋਂ ਬਾਅਦ ਹਰ ਪਾਸੇ ਇਸ ਘਟਨਾ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਾਂਝੇ ਸੱਭਿਆਚਾਰ ਦੀ ਤਸਵੀਰ ਹੈ ਤੇ ਹਿੰਦੂ ਤੇ ਸਿੱਖ ਨਹੁੰ ਮਾਸ ਦੇ ਰਿਸ਼ਤੇ ਵਾਂਗ ਹਨ।
ਅੱਜ ਬਹੁਤ ਮਨ ਨੂੰ ਦੁੱਖ ਪਹੁੰਚਿਆ ਜਦੋਂ ਪਤਾ ਲੱਗਿਆ ਕਿ ਕੈਨੇਡਾ ਦੇ ਬਰੈਂਪਟਨ ਵਿਚ ਇਕ ਮੰਦਰ ਦੇ ਬਾਹਰ ਕੁਝ ਕੱਟੜਪੰਥੀਆਂ ਨੇ ਮੁਜ਼ਾਹਰਾ ਕੀਤਾ ਤੇ ਮੰਦਰ ਵਿਚ ਤੋੜਭੰਨ੍ਹ ਕੀਤੀ। ਮੈਂ ਕਦੇ ਆਪਣੇ ਜੀਵਨ ਵਿਚ ਸੋਚ ਨਹੀਂ ਸਕਦਾ ਕਿ ਪੰਜਾਬ ਜਿਹੜਾ ਕਿ ਗੁਰੂਆਂ ਦੇ ਨਾਂ 'ਤੇ ਵੱਸਦਾ ਹੈ, ਜਿਸ ਦੇ ਵਿਚ ਕਿਹਾ ਜਾਂਦਾ ਹੈ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ। ਮੈਂ ਇਸੇ ਪੰਜਾਬ ਵਿਚ ਰਿਹਾ ਹਾਂ ਪਰ ਮੈਂ ਕਦੇ ਵੀ ਅਜਿਹਾ ਮਾਹੌਲ ਨਹੀਂ ਦੇਖਿਆ। ਪੰਜਾਬ ਦੀ ਵਿਰਾਸਤ ਨੂੰ ਮੈਂ ਮਾਣ ਰਿਹਾ, ਪੰਜਾਬ ਦੇ ਸੱਭਿਆਚਾਰ ਨੂੰ ਜੀਅ ਰਿਹਾ। ਇਥੇ ਹਿੰਦੂ ਤੇ ਸਿੱਖ ਨੂੰ ਇਕ ਦੂਜੇ ਦੀ ਜਾਨ ਬਣਦੇ ਦੇਖਿਆ, ਇਕ ਦੂਜੇ ਦੀ ਜਾਨ ਲੈਂਦੇ ਨਹੀਂ ਦੇਖਿਆ। ਕਾਲੇ ਤੇ ਭਿਆਨਕ ਦੌਰ ਵਿਚ ਵੀ ਕੋਈ ਇਕ ਦੂਜੇ ਦੇ ਖਿਲਾਫ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੱਟੜਪੰਥੀਆਂ ਦਾ ਕੀਤਾ ਇਹ ਕਾਰਾ ਸਮੁੱਚੇ ਪੰਜਾਬੀਆਂ ਲਈ ਸ਼ਰਮਿੰਦਗੀ ਦਾ ਕਾਰਨ ਬਣਿਆ ਹੈ। ਪੰਜਾਬ ਵਿਚ ਹਿੰਦੂ ਤੇ ਸਿੱਖ ਨਹੁੰ ਮਾਸ ਦੇ ਰਿਸ਼ਤੇ ਵਾਂਗ ਦੇਖਿਆ। ਹਜ਼ਾਰਾਂ ਸਾਲਾਂ ਤੋਂ ਇਹ ਸਾਂਝ ਹੈ ਇਹ ਕੋਈ ਨਵੀਂ ਸਾਂਝ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ, ਸਿਰਫ ਹਿੰਦੂ ਭਾਈਚਾਰੇ ਲਈ ਹੀ ਨਹੀਂ ਬਲਕਿ ਪੰਜਾਬੀ ਭਾਈਚਾਰੇ ਲਈ ਵੀ ਜੋ ਸਾਂਝੀਵਾਲਤਾ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੇ ਮਨ ਨੂੰ ਵੀ ਉਨੀਂ ਹੀ ਸੱਟ ਲੱਗੀ ਹੈ ਜਿੰਨੀ ਕਿ ਕਿਸੇ ਹਿੰਦੂ ਵਿਅਕਤੀ ਦੇ ਲੱਗੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਦੌਰਾਨ ਭਾਰਤ ਸਰਕਾਰ ਦੇ ਵੱਲੋਂ ਜੋ ਵੀ ਕਦਮ ਚੁੱਕੇ ਜਾਂਦੇ ਹਨ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ। ਕਿਸੇ ਵੀ ਹਾਲਤ ਵਿਚ ਹਿੰਦੂ ਤੇ ਸਿੱਖ ਦਾ ਪਿਆਰ ਬਣਿਆ ਰਹਿਣਾ ਚਾਹੀਦਾ ਹੈ। ਅਸੀਂ ਵੀ ਆਪਣੇ ਆਲੇ-ਦੁਆਲੇ ਨੂੰ ਇਹੀ ਸੁਨੇਹਾ ਦਈਏ ਕਿ ਪਿਆਰ, ਮੁਹੱਬਤ ਤੇ ਸਦਭਾਵਨਾ ਵਾਲੀ ਜ਼ਿੰਦਗੀ ਨਾਲ ਸੁਖਦ ਸਮਾਜ ਨੂੰ ਪੈਦਾ ਕਰੀਏ।