ਬਲਾਕ ਸੜੋਆ ਦਾ ਹਸਪਤਾਲ ਖੁਦ ਪਿਆ ਬਿਮਾਰ, ਪਿੰਡਾਂ ਦੇ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ
Sunday, Jun 21, 2020 - 08:40 PM (IST)
ਪੋਜੇਵਾਲ ਸਰਾਂ, (ਬ੍ਰਹਮਪੁਰੀ)- ਸਰਕਾਰੀ ਹਸਪਤਾਲ ਸੜੋਆ ਜਿਸ ਨੂੰ ਸੀ. ਐੱਚ. ਸੀ. ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਖੁਦ ਲੋਕਾਂ ਦਾ ਇਲਾਜ ਨਾ ਕਰਨ ਕਰਕੇ ਬੀਮਾਰ ਕਿਹਾ ਜਾ ਸਕਦਾ।
ਇਸ 30 ਬੈਡਾਂ ਵਾਲੇ ਹਸਪਤਾਲ ਨਾਲ 70 ਦੇ ਕਰੀਬ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਦੀਆਂ ਸਨ ਪਰ ਜਦੋਂ ਤੋਂ ਪੰਜਾਬ 'ਚ ਕੋਰੋਨਾ ਦੀ ਮਹਾਂਮਾਰੀ ਆਈ ਉਸ ਮਹਾਂਮਾਰੀ ਦਾ ਸਭ ਤੋਂ ਬੁਰਾ ਅਸਰ ਸੜੋਆ ਹਸਪਤਾਲ 'ਤੇ ਹੋਇਆ। ਇਥੋਂ ਦਾ ਲੱਗਭਗ ਸਾਰਾ ਡਾਕਟਰਾਂ ਦਾ ਅਮਲਾ ਅਤੇ ਸਟਾਫ ਨਰਸ ਨਵਾਂਸ਼ਹਿਰ ਅਤੇ ਬਲਾਚੌਰ ਬੰਗਾ ਵਿਖ਼ੇ ਸ਼ਿਫਟ ਕਰ ਦਿੱਤੇ ਅਤੇ ਨਵਾਂਸ਼ਹਿਰ 'ਚ ਆਈ ਕੋਰੋਨਾ ਮਹਾਂਮਾਰੀ ਅਸਲ 'ਚ ਸੜੋਆ ਹਸਪਤਾਲ ਨੂੰ ਬੀਮਾਰ ਕਰ ਗਈ।
ਸੂਤਰਾਂ ਅਨੁਸਾਰ ਵਿਧਾਇਕ ਨਵਾਂਸ਼ਹਿਰ ਦੇ ਪ੍ਰਭਾਵ ਅਤੇ ਬੰਗਾ ਦੇ ਆਗੂਆਂ ਦੇ ਪ੍ਰਸ਼ਾਸਨ 'ਤੇ ਅਸਰ ਨਾਲ ਇਕ ਐੱਸ. ਐੱਮ. ਓ. ਸੜੋਆ ਨੂੰ ਛੱਡ ਕੇ ਸਾਰੇ ਡਾਕਟਰ ਨਵਾਂਸ਼ਹਿਰ ਅਤੇ ਬੰਗਾ ਡਿਊਟੀ ਕਰ ਰਹੇ ਹਨ ਇਥੋਂ ਤੱਕ ਕਿ ਪਿਛਲੇ ਦਿਨ ਇਕ ਔਰਤ ਸੜੋਆ ਦੀ ਮੁਢੱਲੀ ਸਹਾਇਤਾ ਨਾ ਮਿਲਣ ਕਾਰਨ ਹਸਪਤਾਲ 'ਚ ਦਮ ਤੋੜ ਗਈ।
ਰਿੰਕੂ ਚਾਂਦਪੁਰੀ ਨੇ ਦੱਸੇ ਹਸਪਤਾਲ ਦੇ ਹਾਲਾਤ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਲਾਕੇ ਦੇ ਸਿਰਕੱਢ ਆਗੂ ਹਰਅਮਰਿੰਦਰ ਸਿੰਘ ਚਾਂਦਪੁਰੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਨੇ ਜਗ ਬਾਣੀ ਨੂੰ ਵਿਸ਼ੇਸ਼ ਅੰਕੜੇ ਦਿੰਦੇ ਹੋਏ ਦੱਸਿਆ ਕਿ ਹਸਪਤਾਲ 'ਚ ਪੂਰਨ ਤੌਰ 'ਤੇ ਐਮਰਜੈਂਸੀ ਸੇਵਾਵਾਂ ਲੰਬੇ ਸਮੇਂ ਤੋਂ ਬੰਦ ਹਨ ਜਿਸ ਦਾ ਕਾਰਣ ਹਲਕਾ ਵਿਧਾਇਕ ਦੀ ਨਾਲਾਇਕੀ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਆਪਣੀ ਪੂਰੀ ਜ਼ਿੰਮੇਵਾਰੀ ਨਹੀ ਨਿਭਾਅ ਰਹੇ।ਉਨ੍ਹਾਂ ਹਸਪਤਾਲ ਬੰਦ ਦੀਆਂ ਤਸਵੀਰਾਂ ਵੀ ਪ੍ਰੈਸ ਨੂੰ ਜਾਰੀ ਕਰਦਿਆਂ ਖਾਲੀ ਬੈਡ ਅਤੇ ਬੰਦ ਐਮਰਜੈਂਸੀ ਡੋਰ ਦਿਖਾਏ।