ਪਿੰਡ ਸੀਚੇਵਾਲ ਨੂੰ ਮਿਲਿਆ 'ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਤਰੀਕਰਨ ਐਵਾਰਡ'

Saturday, Aug 08, 2020 - 01:13 PM (IST)

ਪਿੰਡ ਸੀਚੇਵਾਲ ਨੂੰ ਮਿਲਿਆ 'ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਤਰੀਕਰਨ ਐਵਾਰਡ'

ਕਾਲਾ ਸੰਘਿਆਂ (ਨਿੱਝਰ)— ਵਿਸ਼ਵ ਭਰ 'ਚ ਸਮਾਜ ਸੇਵਾਵਾਂ ਨੂੰ ਲੈ ਕੇ ਚਰਚਿਤ ਪਿੰਡ ਸੀਚੇਵਾਲ (ਜਲੰਧਰ) ਨੂੰ ਭਾਰਤ ਸਰਕਾਰ ਵੱਲੋਂ ਸ਼ੁੱਕਰਵਾਰ 'ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਤਰੀਕਰਨ ਐਵਾਰਡ' ਦੇ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਸ ਲਈ ਭਾਰਤ ਦੇ 55000 ਪਿੰਡਾਂ ਨੇ ਇਸ ਐਵਾਰਡ ਦੇ 'ਚ ਆਪਣਾ ਨਾਮ ਦਰਜ ਕਰਵਾਇਆ ਸੀ, ਜਿਸ 'ਚੋਂ 230 ਪਿੰਡਾਂ ਨੂੰ ਇਸ ਐਵਾਰਡ ਨਾਲ ਨਿਵਾਜ਼ਿਆ ਗਿਆ। ਜਿਸ 'ਚੋਂ ਸੀਚੇਵਾਲ ਪਿੰਡ ਵੀ ਇਕ ਹੈ ਇਹ ਐਵਾਰਡ 2018-19 ਦੇ ਕਾਰਜਾਂ ਨੂੰ ਦੇਖਦੇ ਹੋਏ ਦਿੱਤਾ ਗਿਆ ਹੈ, ਜਿਸ ਦਾ ਮਾਣ ਸ਼੍ਰੀ ਮਾਨ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਅਤੇ ਸਾਬਕਾ ਸਰਪੰਚ ਭੈਣ ਰਜਵੰਤ ਕੌਰ ਅਤੇ ਪਿੰਡ ਵਾਸੀਆਂ ਨੂੰ ਤੇ ਪੰਚਾਇਤ ਨੂੰ ਮਿਲਦਾ ਹੈ, ਜਿਨ੍ਹਾਂ ਦੇ ਕਾਰਜਾਂ ਕਰਕੇ ਇਹ ਐਵਾਰਡ ਮਿਲਿਆ ਹੈ।

ਇਸ ਐਵਾਰਡ ਦੀ ਰਾਸ਼ੀ 5 ਲੱਖ ਤੋਂ 10 ਲੱਖ ਦੇ 'ਚ ਹੈ ਜੋ ਕਿ ਭਾਰਤ ਸਰਕਾਰ ਦੁਆਰਾ ਸਿੱਧੀ ਹੀ ਪੰਚਾਇਤਾਂ ਦੇ ਖਾਤਿਆਂ ਦੇ 'ਚ ਟਰਾਂਸਫਰ ਕੀਤੀ ਜਾਵੇਗੀ ਅਤੇ ਸਨਮਾਨ ਚਿੰਨ੍ਹ ਵੀ ਇਸ ਕੋਰੋਨਾ ਬਿਮਾਰੀ ਦੇ ਚੱਲਦਿਆਂ ਡਾਕ ਰਾਹੀਂ ਹੀ ਭੇਜਿਆ ਜਾਵੇਗਾ। ਸ਼ੁੱਕਰਵਾਰ ਕੇਂਦਰੀ ਪੰਚਾਇਤ ਮੰਤਰੀ ਅਤੇ ਖੇਤੀ ਮੰਤਰੀ ਨੇ ਆਨਲਾਈਨ ਸਿਸਟਮ ਦੇ ਜ਼ਰੀਏ ਸਾਰੀਆਂ ਪੰਚਾਇਤਾਂ ਨੂੰ ਇਸ ਐਵਾਰਡ ਨਾਲ ਸਨਮਾਨਤ ਕੀਤਾ ਅਤੇ ਸੰਬੋਧਨ ਕੀਤਾ, ਜਿਸ 'ਚ ਉਨ੍ਹਾਂ ਨੇ ਪੰਚਾਇਤ ਦੇ ਹੋਰ ਵੀ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਉਸ ਅਕਾਲ ਪੁਰਖ ਦੀ ਹੀ ਕਿਰਪਾ ਹੈ ਕਿ ਪਿੰਡ ਸੀਚੇਵਾਲ ਨੂੰ ਵੱਖ-ਵੱਖ ਸਮੇ 'ਤੇ ਐਵਾਰਡਾਂ ਦੇ ਨਾਲ ਨਿਵਾਜਿਆ ਗਿਆ ਹੈ। ਬਾਬਾ ਜੀ ਨੇ ਇਹ ਵੀ ਕਿਹਾ ਕਿ ਇਸ ਐਵਾਰਡ ਦੇ ਲਈ ਸਾਰੇ ਹੀ ਪਿੰਡ ਵਾਸੀ ਵਧਾਈ ਦੇ ਪਾਤਰ ਹਨ ।

ਸਾਬਕਾ ਸਰਪੰਚ ਰਜਵੰਤ ਕੌਰ ਨੇ ਕਿਹਾ ਉਸ ਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਦੀ ਪੰਚਾਇਤ ਵੱਲੋਂ ਕੀਤੇ ਗਏ ਕਾਰਜਾਂ ਦਾ ਮਾਣ-ਸਨਮਾਨ ਪਿੰਡ ਨੂੰ ਮਿਲ ਰਿਹਾ ਹੈ। ਪਿੰਡ ਸੀਚੇਵਾਲ ਦੇ ਮੌਜੂਦਾ ਸਰਪੰਚ ਤਜਿੰਦਰ ਸਿੰਘ ਨੇ ਸੰਤ ਬਲਬੀਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭੈਣ ਰਜਵੰਤ ਕੌਰ ਦਾ ਵੀ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਭਵਿੱਖ 'ਚ ਵੀ ਉਹ ਪਿੰਡ ਦੇ ਵਿਕਾਸ ਕਾਰਜ ਪੂਰੀ ਸ਼ਿੱਦਤ ਨਾਲ ਕਰਨਗੇ ਅਤੇ ਸਾਰੇ ਹੀ ਪਿੰਡ ਵਾਸੀਆਂ 'ਚ ਇਸ ਐਵਾਰਡ ਨੂੰ ਮਿਲਣ ਦੀ ਖੁਸ਼ੀ ਹੈ ਅਤੇ ਸਾਰੇ ਇਸ ਮਾਣ-ਸਨਮਾਨ ਨੂੰ ਪਾ ਕੇ ਮਾਣ ਮਹਿਸੂਸ ਕਰ ਰਹੇ ਹਨ।


author

shivani attri

Content Editor

Related News