ਹੁਣ ਪੰਚਾਇਤੀ ਖਰਚੇ ''ਤੇ ਬਣਨਗੇ ਸ਼ਹੀਦ ਸੈਨਿਕਾਂ ਦੇ ਨਾਂ ''ਤੇ ਪਿੰਡਾਂ ਦੇ ਐਂਟਰੀ ਗੇਟ
Wednesday, Jul 11, 2018 - 07:22 AM (IST)

ਚੰਡੀਗੜ੍ਹ (ਅਸ਼ਵਨੀ) - ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਚਾਇਤੀ ਫੰਡ ਵਿਚੋਂ ਪੰਜਾਬ ਦੇ ਪਿੰਡਾਂ ਵਿਚ ਸ਼ਹੀਦ ਫੌਜੀ ਜਾਂ ਅਧਿਕਾਰੀ ਦੇ ਨਾਂ 'ਤੇ ਐਂਟਰੀ ਗੇਟ ਜਾਂ ਯਾਦਗਾਰ ਪਿੰਡ ਵਿਚ ਬਣਾਉਣ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਤੱਕ ਪੰਚਾਇਤ ਵਿਭਾਗ ਸ਼ਹੀਦ ਫੌਜੀ ਦੇ ਨਾਂ 'ਤੇ ਧਨ ਰਾਸ਼ੀ ਖਰਚ ਨਹੀਂ ਕਰਦਾ ਸੀ। ਇਸ ਕਾਰਨ ਪ੍ਰਦੇਸ਼ ਭਰ ਵਿਚ ਕਈ ਪਿੰਡਾਂ ਦੇ ਪ੍ਰਤੀਨਿਧੀਆਂ ਨੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਅਪੀਲ ਕੀਤੀ ਕਿ ਪੰਚਾਇਤੀ ਖਰਚੇ ਵਿਚੋਂ ਸ਼ਹੀਦ ਫੌਜੀ ਦੇ ਸਨਮਾਨ ਵਿਚ ਯਾਦਗਾਰ ਜਾਂ ਪਿੰਡ ਦੇ ਐਂਟਰੀ ਗੇਟ ਬਣਾਉਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਜਾਵੇ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਮੰਨੀਏ ਤਾਂ ਉਨ੍ਹਾਂ ਨੇ ਇਹ ਮਾਮਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਹਮਣੇ ਚੁੱਕਿਆ ਤੇ ਹੁਣ ਮੁੱਖ ਮੰਤਰੀ ਨੇ ਇਸ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।
ਸ਼ਹੀਦ ਦੇ ਪਰਿਵਾਰ ਨੂੰ ਭੇਜਣਾ ਪਵੇਗਾ ਪ੍ਰਸਤਾਵ-ਪਿੰਡ ਵਿਚ ਯਾਦਗਾਰ ਜਾਂ ਐਂਟਰੀ ਗੇਟ ਬਣਵਾਉਣ ਲਈ ਸ਼ਹੀਦ ਫੌਜੀ ਜਾਂ ਅਧਿਕਾਰੀ ਦੇ ਪਰਿਵਾਰ ਨੂੰ ਪਹਿਲਾਂ ਪੰਚਾਇਤ ਵਿਭਾਗ ਕੋਲ ਪ੍ਰਸਤਾਵ ਭੇਜਣਾ ਪਵੇਗਾ। ਪੰਚਾਇਤ ਵਿਭਾਗ ਪ੍ਰਸਤਾਵ ਦੇ ਆਧਾਰ 'ਤੇ ਹੀ ਯਾਦਗਾਰ ਬਣਾਉਣ ਦੀ ਮਨਜ਼ੂਰੀ 'ਤੇ ਵਿਚਾਰ ਕਰੇਗਾ। ਪੰਚਾਇਤ ਮੰਤਰੀ ਮੁਤਾਬਕ ਇਸ ਪਹਿਲ ਨਾਲ ਪਿੰਡ ਦੇ ਨੌਜਵਾਨਾਂ ਵਿਚ ਫੌਜ ਪ੍ਰਤੀ ਜਜ਼ਬੇ ਵਿਚ ਵਾਧਾ ਹੋਵੇਗਾ।
ਯਾਦਗਾਰਾਂ ਦੀ ਸਾਂਭ-ਸੰਭਾਲ ਦਾ ਵੀ ਖਰਚ ਉਠਾਏਗੀ ਪੰਚਾਇਤ -ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਭਵਿੱਖ ਵਿਚ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਸਾਂਭ-ਸੰਭਾਲ 'ਤੇ ਵੀ ਖਾਸ ਧਿਆਨ ਦਿੱਤਾ ਜਾਵੇਗਾ। ਇਸ ਦਾ ਪੂਰਾ ਖਰਚ ਪੰਚਾਇਤ ਵਿਭਾਗ ਚੁੱਕੇਗਾ।