ਮੇਰੇ ਪਿਤਾ ਨੂੰ ਆਪਣਾ ਰਾਜਸੀ ਗੁਰੂ ਬਣਾ ਕੇ ਵਿਜੇ ਸਾਂਪਲਾ ਨੇ ਕੀਤਾ ਧੋਖਾ : ਮੋਹਣ ਲਾਲ

04/07/2018 5:10:22 AM

ਫਗਵਾੜਾ, (ਜਲੋਟਾ)- ਪੰਜਾਬ ਵਿਚ ਦਲਿਤ ਸਮਾਜ ਦੇ ਮੋਹਰੀ ਆਗੂਆਂ 'ਚ ਸ਼ਾਮਲ ਤੇ ਪੰਜਾਬ ਵਿਧਾਨ ਸਭਾ 'ਚ 2 ਵਾਰ ਅਕਾਲੀ ਦਲ (ਬ) ਦੀ ਟਿਕਟ 'ਤੇ ਚੋਣ ਜਿੱਤ ਕੇ ਵਿਧਾਇਕ ਬਣੇ ਭਾਜਪਾ ਦੇ ਕੱਦਾਵਰ ਆਗੂ ਅਤੇ ਚੌਧਰੀ ਸਵਰਨਾ ਰਾਮ ਦੇ ਪੁੱਤਰ ਚੌਧਰੀ ਮੋਹਣ ਲਾਲ ਵਲੋਂ ਇਕਦਮ ਭਾਜਪਾ ਨੂੰ ਛੱਡ ਕੇ ਬਸਪਾ 'ਚ ਸ਼ਾਮਲ ਹੋਣ ਨਾਲ ਭਾਜਪਾ ਦੇ ਸਿਆਸੀ ਗਲਿਆਰਿਆਂ ਵਿਚ ਭੂਚਾਲ ਆ ਗਿਆ ਹੈ। ਚੌਧਰੀ ਮੋਹਣ ਲਾਲ ਨੇ ਆਖਿਰ ਭਾਜਪਾ ਕਿਉਂ ਛੱਡੀ ਅਤੇ ਇਸ ਦੇ ਪਿੱਛੇ ਕੀ ਮੂਲ ਕਾਰਨ ਰਹੇ, ਨੂੰ ਲੈ ਕੇ ਖੁਦ ਚੌਧਰੀ ਮੋਹਣ ਲਾਲ ਨੇ 'ਜਗ ਬਾਣੀ' ਨਾਲ ਦਿਲ ਖੋਲ੍ਹ ਕੇ ਸਾਰੇ ਰਾਜ਼ ਉਜਾਗਰ ਕੀਤੇ। ਪੇਸ਼ ਹਨ ਉਨ੍ਹਾਂ ਨਾਲ ਇੰਟਰਵਿਊ ਦੇ ਕੁਝ ਪ੍ਰਮੁੱਖ ਅੰਸ਼ :
ਸਵਾਲ : ਤੁਸੀਂ ਭਾਜਪਾ ਨੂੰ ਕਿਉਂ ਛੱਡਿਆ, ਜਦਕਿ ਤੁਹਾਡੇ ਪਿਤਾ ਚੌਧਰੀ ਸਵਰਨਾ ਰਾਮ ਨੂੰ ਕੇਂਦਰੀ ਮੰਤਰੀ ਵਿਜੇ ਸਾਂਪਲਾ (ਸਾਬਕਾ ਭਾਜਪਾ ਪ੍ਰਧਾਨ ਪੰਜਾਬ) ਆਪਣਾ ਸਿਆਸੀ ਗੁਰੂ ਕਹਿੰਦੇ ਹਨ?
ਜਵਾਬ : ਮੇਰੇ ਪਿਤਾ ਚੌਧਰੀ ਸਵਰਨਾ ਰਾਮ ਨੂੰ ਭਾਜਪਾ ਵਿਚ ਆਪਣਾ ਸਿਆਸੀ ਗੁਰੂ ਬਣਾ ਕੇ ਸਾਬਕਾ ਮੰਤਰੀ ਪੰਜਾਬ ਵਿਜੇ ਸਾਂਪਲਾ ਨੇ ਮੇਰੇ ਪਿਤਾ ਤੇ ਸਾਡੇ ਚੌਧਰੀ ਪਰਿਵਾਰ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਜੇਕਰ ਮੈਨੂੰ ਬਤੌਰ ਪੰਜਾਬ ਭਾਜਪਾ ਪ੍ਰਧਾਨ ਹੁੰਦਿਆਂ ਸਾਂਪਲਾ ਪਾਰਟੀ ਪਲੇਟਫਾਰਮ 'ਤੇ ਕੋਈ ਸਨਮਾਨ ਨਹੀਂ ਦਿਵਾ ਸਕਦੇ ਸਨ ਤਾਂ ਫਿਰ ਮੈਨੂੰ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵਿਚ ਕਿਉਂ ਸ਼ਾਮਲ ਕਰਵਾਇਆ ਸੀ। ਸਾਂਪਲਾ ਨੇ ਜੋ ਕੀਤਾ ਉਹ ਕਦੇ ਮੁਆਫ ਕਰਨ ਯੋਗ ਨਹੀਂ। ਭਾਜਪਾ ਵਿਚ ਮੈਨੂੰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਸੀ। ਭਾਜਪਾ ਦਲਿਤਾਂ ਦੇ ਨਾਲ ਬੇਇਨਸਾਫੀ ਕਰਨ 'ਤੇ ਤੁਲੀ ਹੋਈ ਹੈ। ਮੈਂ ਪਾਰਟੀ ਵਿਚ ਰਹਿੰਦਿਆਂ ਘੁਟਨ ਮਹਿਸੂਸ ਕਰ ਰਿਹਾ ਸੀ। ਇਸ ਲਈ ਭਾਜਪਾ ਨੂੰ ਛੱਡਿਆ ਹੈ ਅਤੇ ਸਾਰੇ ਵਰਗਾਂ ਦੀ ਸਾਂਝੀ ਰੱਖਿਅਕ ਬਸਪਾ ਦਾ ਪੱਲਾ ਫੜਿਆ ਹੈ। 
ਸਵਾਲ : ਵਿਜੇ ਸਾਂਪਲਾ ਤਾਂ ਤੁਹਾਡੇ ਗੁਰੂ ਭਾਈ ਵੀ ਲੱਗਦੇ ਹਨ, ਫਿਰ ਉਨ੍ਹਾਂ ਨਾਲ ਇੰਨੀ ਨਾਰਾਜ਼ਗੀ ਕਿਉਂ ਹੈ?
ਜਵਾਬ : ਹੱਸ ਕੇ, ਮੈਂ ਤੁਹਾਨੂੰ ਦੱਸਿਆ ਕਿ ਸਾਂਪਲਾ ਨੇ ਸਾਡੇ ਪਰਿਵਾਰ ਨਾਲ ਕੀ ਕੀਤਾ ਹੈ। ਰਿਹਾ ਸਵਾਲ ਉਨ੍ਹਾਂ ਦੇ ਗੁਰੂ ਭਾਈ ਹੋਣ ਦਾ ਤਾਂ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਵਿਜੇ ਸਾਂਪਲਾ ਨੇ ਮੇਰੇ ਸਿਆਸੀ ਕਰੀਅਰ ਨੂੰ ਖਤਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।  ਸਾਂਪਲਾ ਸਿਰਫ ਕੁਰਸੀ ਦੀ ਸਿਆਸਤ ਕਰਦੇ ਹਨ। ਮੇਰੇ ਨਾਲ ਉਨ੍ਹਾਂ ਨੇ ਬੜੀ ਬੇਇਨਸਾਫੀ ਕੀਤੀ ਹੈ। ਸਾਂਪਲਾ ਤਾਂ ਪੰਜਾਬ ਵਿਚ ਸਿਰਫ ਨਾਂ ਦੇ ਹੀ ਪ੍ਰਧਾਨ ਰਹੇ ਹਨ। ਨਾ ਤਾਂ ਉਨ੍ਹਾਂ ਦੀ ਭਾਜਪਾ ਹਾਈਕਮਾਨ ਨੇ ਕਦੀ ਸੁਣੀ ਤੇ ਨਾ ਹੀ ਵਿਧਾਨ ਸਭਾ ਚੋਣਾਂ ਵਿਚ ਆਪਣੇ ਕਿਸੇ ਸਿਆਸੀ ਆਗੂ ਨੂੰ ਭਾਜਪਾ ਦੀ ਟਿਕਟ ਦਿਵਾ ਸਕੇ। ਬਤੌਰ ਪੰਜਾਬ ਪ੍ਰਧਾਨ ਮੈਂ ਉਨ੍ਹਾਂ ਨੂੰ 10 ਵਿਚੋਂ ਜ਼ੀਰੋ ਨੰਬਰ ਦਿੰਦਾ ਹਾਂ।
ਸਵਾਲ : ਕੀ ਵਿਜੇ ਸਾਂਪਲਾ ਜੀ ਕੁਰਸੀ ਦੀ ਸਿਆਸਤ ਕਰਦੇ ਹਨ? ਇਹ ਤੁਸੀਂ ਕਿਵੇਂ ਦੋਸ਼ ਲਾ ਰਹੇ ਹੋ?
ਜਵਾਬ :ਬਿਲਕੁਲ ਸਹੀ ਅਤੇ ਸਟੀਕ ਗੱਲ ਕਰ ਰਿਹਾ ਹਾਂ, ਜੋ 100 ਫੀਸਦੀ ਸੱਚ ਹੈ। ਜੇਕਰ ਵਿਜੇ ਸਾਂਪਲਾ ਕੁਰਸੀ ਦੀ ਸਿਆਸਤ ਨਾ ਕਰਦੇ ਤਾਂ ਉਹ ਕਿਹੜਾ ਅਜਿਹਾ ਕਾਰਨ ਹੈ ਕਿ ਅੱਜ ਪੂਰੇ ਦੇਸ਼ ਵਿਚ ਭਾਜਪਾ ਸ਼ਾਸਿਤ ਮੋਦੀ ਸਰਕਾਰ ਦਲਿਤਾਂ ਨਾਲ ਘੋਰ ਬੇਇਨਸਾਫੀ ਕਰ ਰਹੀ ਹੈ ਅਤੇ ਸਾਂਪਲਾ ਜੀ ਚੁੱਪ ਹਨ। ਸਾਂਪਲਾ ਜਨਤਾ ਤੇ ਦਲਿਤ ਸਮਾਜ ਨੂੰ ਦੱਸਣ ਕਿ ਐੱਸ. ਸੀ./ਐੱਸ. ਟੀ. ਐਕਟ ਨੂੰ ਅਸਰਹੀਣ ਕਰਨ ਦੀਆਂ ਕੋਸ਼ਿਸ਼ਾਂ ਮਗਰੋਂ ਵੀ ਉਹ ਮੋਦੀ ਸਰਕਾਰ ਵਿਚ ਕੇਂਦਰੀ ਮੰਤਰੀ ਕਿਉਂ ਬਣੇ ਬੈਠੇ ਹਨ। ਦਲਿਤਾਂ ਨਾਲ ਇੰਨੀ ਬੇਇਨਸਾਫੀ ਹੋ ਰਹੀ ਹੈ ਤੇ ਉਹ ਕੁਰਸੀ 'ਤੇ ਮੰਤਰੀ ਬਣ ਚੁੱਪ ਧਾਰੀ ਬੈਠੇ ਹਨ। ਇਹ ਕੁਰਸੀ ਦੀ ਸਿਆਸਤ ਨਹੀਂ ਤਾਂ ਕੀ ਹੈ। ਦਲਿਤ ਸਮਾਜ ਸਭ ਕੁਝ ਦੇਖ ਰਿਹਾ ਹੈ ਕਿ ਕੌਣ ਕੀ ਕਰ ਰਿਹਾ ਹੈ।
ਸਵਾਲ : ਤੁਹਾਡੇ ਪਿਤਾ ਚੌਧਰੀ ਸਵਰਨਾ ਨੇ ਪੂਰੀ ਜ਼ਿੰਦਗੀ ਸਮਰਪਿਤ ਕਰ ਕੇ ਪਾਰਟੀ ਦੀ ਸੇਵਾ ਕੀਤੀ ਅਤੇ ਤੁਸੀਂ ਭਾਜਪਾ ਛੱਡ ਕੇ ਬਸਪਾ ਵਿਚ ਚਲੇ ਗਏ?
ਜਵਾਬ : ਜੀਵਨ ਭਰ ਭਾਜਪਾ ਦੀ ਦਿਲ ਤੋਂ ਨਿਰਸਵਾਰਥ ਭਾਵ ਨਾਲ ਸੇਵਾ ਕਰਨ ਵਾਲੇ ਮੇਰੇ ਪਿਤਾ ਚੌਧਰੀ ਸਵਰਨਾ ਰਾਮ ਨਾਲ ਕੀ ਇਨਸਾਫ ਕੀਤਾ ਹੈ? ਪਹਿਲਾਂ ਮੇਰੇ ਪਿਤਾ ਦੀ ਫਗਵਾੜਾ ਵਿਧਾਨ ਸਭਾ ਸੀਟ ਤੋਂ ਟਿਕਟ ਕੱਟ ਦਿੱਤੀ। ਫਿਰ ਸਾਡੇ ਪਰਿਵਾਰ ਤੇ ਇਥੋਂ ਤੱਕ ਮੈਨੂੰ ਭਾਜਪਾ ਵਿਚ ਸ਼ਾਮਲ ਕਰ ਕੇ ਕੋਈ ਸਨਮਾਨ ਨਹੀਂ ਦਿੱਤਾ ਗਿਆ। ਮੇਰੇ ਪਿਤਾ ਉਸ ਦੌਰ ਵਿਚ ਭਾਜਪਾ ਦੇ ਕਰਮਸ਼ੀਲ ਸਿਪਾਹੀ ਰਹੇ ਹਨ, ਜਦੋਂ ਆਰ. ਐੱਸ. ਐੱਸ. ਅਤੇ ਭਾਜਪਾ ਨੂੰ ਲੈ ਕੇ ਲੋਕ ਕਾਫੀ ਦੂਰੀ ਬਣਾ ਕੇ ਰੱਖਦੇ ਸਨ। ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ ਵਿਚ ਮੇਰੇ ਪਿਤਾ ਨੇ ਆਪਣੀ ਜਾਨ ਤੇ ਪਰਿਵਾਰ ਦੀ ਪ੍ਰਵਾਹ ਕੀਤੇ ਬਗੈਰ ਪਾਰਟੀ ਨੂੰ ਖੂਨ ਪਸੀਨੇ ਨਾਲ ਸਿੰਜਿਆ  ,ਉਦੋਂ ਚੌਧਰੀ ਸਵਰਨਾ ਰਾਮ ਨੇ ਸਾਈਕਲ 'ਤੇ ਘਰ-ਘਰ ਜਾ ਕੇ ਭਾਜਪਾ ਅਤੇ ਆਰ. ਐੱਸ. ਐੱਸ. ਦਾ ਪ੍ਰਚਾਰ ਕੀਤਾ। ਬਦਲੇ ਵਿਚ ਕੀ ਮਿਲਿਆ। ਅੱਜ ਮੇਰੇ ਪਿਤਾ ਜੀਵਨ ਦੀ ਸ਼ਾਮ ਵਿਚ ਇਕੱਲੇ ਘਰ ਬੀਮਾਰ ਬੈਠੇ ਹਨ। ਭਾਜਪਾ ਮੇਰੇ ਪਿਤਾ ਨੂੰ ਭੁੱਲ ਗਈ ਹੈ। ਦੇਸ਼ ਵਿਚ ਅੱਜ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਭਾਜਪਾ ਵਿਚ ਮੇਰੇ ਪਿਤਾ ਤੋਂ ਜੂਨੀਅਰ ਸਨ। ਸ਼੍ਰੀ ਕੋਵਿੰਦ ਨੂੰ ਮੋਦੀ ਸਰਕਾਰ ਵਲੋਂ ਦੇਸ਼ ਦਾ ਅੱਜ ਰਾਸ਼ਟਰਪਤੀ ਬਣਾਇਆ ਗਿਆ ਹੈ ਪਰ ਚੌਧਰੀ ਸਵਰਨਾ ਰਾਮ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਜਪਾ ਦੀ ਕੇਂਦਰ ਵਿਚ ਆਪਣੀ ਸਰਕਾਰ ਹੋਣ ਦੇ ਬਾਵਜੂਦ  ਕੋਈ ਸਨਮਾਨ ਨਹੀਂ ਦਿੱਤਾ ਗਿਆ, ਉਲਟਾ ਦੋ ਵਾਰ ਕੈਬਨਿਟ ਮੰਤਰੀ ਬਣੇ ਮੇਰੇ ਪਿਤਾ ਅਤੇ ਬਤੌਰ ਸਾਬਕਾ ਵਿਧਾਇਕ ਸਾਨੂੰ ਮਿਲੀ ਪੁਲਸ ਸੁਰੱਖਿਆ ਤੱਕ ਸਰਕਾਰ ਵਲੋਂ ਵਾਪਸ ਲੈ ਲਈ ਗਈ। ਕਿਸ ਭਾਜਪਾ ਦੀ ਗੱਲ ਕਰਦੇ ਹੋ ਤੁਸੀਂ। ਭਾਜਪਾ ਵਿਚ ਦਲਿਤਾਂ ਦਾ ਆਦਰ ਨਹੀਂ ਨਿਰਾਦਰ ਹੁੰਦਾ ਹੈ। 
ਸਵਾਲ : ਫਿਰ ਬਸਪਾ ਹੀ ਕਿਉਂ ਜੁਆਇਨ ਕੀਤੀ?
ਜਵਾਬ : ਬਸਪਾ ਸਾਰੇ ਵਰਗਾਂ ਦੀ ਸਾਂਝੀ ਪਾਰਟੀ ਹੈ। ਬਸਪਾ ਸੁਪਰੀਮੋ ਭੈਣ ਮਾਇਆਵਤੀ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਅਤੇ ਸਵ. ਸ਼੍ਰੀ ਕਾਂਸ਼ੀ ਰਾਮ ਜੀ ਵਲੋਂ ਦਲਿਤ ਹਿੱਤਾਂ ਲਈ ਕੀਤੇ ਗਏ ਸੰਘਰਸ਼ ਦੀ ਝੰਡਾਬਰਦਾਰ ਬਣ ਕੇ ਕੰਮ ਕਰ ਰਹੀ ਹੈ। ਮੈਨੂੰ ਮਾਣ ਹੈ ਕਿ ਮੈਂ ਦਲਿਤਾਂ ਲਈ ਦਿਲ ਤੋਂ ਰਾਤ-ਦਿਨ ਕੰਮ ਕਰ ਰਹੀ ਭੈਣ ਮਾਇਆਵਤੀ ਦੀ ਮਹਾਨ ਪਾਰਟੀ ਬਸਪਾ ਦਾ ਸਿਪਾਹੀ ਹਾਂ। ਭੈਣ ਮਾਇਆਵਤੀ ਨੇ ਦਲਿਤਾਂ ਨਾਲ ਹੋ ਰਹੀ ਬੇਇਨਸਾਫੀ ਵਿਰੁੱਧ ਰਾਜ ਸਭਾ ਵਿਚ ਬਤੌਰ ਸੰਸਦ ਮੈਂਬਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਦਿਨ ਦੂਰ ਨਹੀਂ ਜਦੋਂ ਉਹ ਦੇਸ਼ ਦੀ ਪ੍ਰਧਾਨ ਮੰਤਰੀ ਹੋਵੇਗੀ ਅਤੇ ਦਲਿਤ ਸਮਾਜ ਸਮੇਤ ਸਾਰੇ ਵਰਗਾਂ ਦੇ ਹਿੱਤਾਂ ਦੀ ਸਾਂਝੀ ਰੱਖਿਅਕ ਬਣ ਕੇ ਦੇਸ਼ ਚਲਾਵੇਗੀ।
ਸਵਾਲ : ਕੀ ਕੇਂਦਰ ਵਿਚ ਮੋਦੀ ਸਰਕਾਰ ਦੀ ਸੰਨ 2019 ਵਿਚ ਮੁੜ ਸੱਤਾ ਵਿਚ ਵਾਪਸੀ ਹੋਵੇਗੀ?
ਜਵਾਬ : ਸਵਾਲ ਹੀ ਪੈਦਾ ਨਹੀਂ ਹੁੰਦਾ। ਮੋਦੀ ਸਰਕਾਰ ਵਲੋਂ ਲਗਾਤਾਰ ਦਲਿਤਾਂ 'ਤੇ ਜ਼ੁਲਮ ਕੀਤੇ ਜਾ ਰਹੇ ਹਨ। ਦੇਸ਼ ਵਿਚ ਪਹਿਲਾਂ ਨੋਟਬੰਦੀ, ਫਿਰ ਜੀ. ਐੱਸ. ਟੀ. ਵਰਗੇ ਟੈਕਸ ਨੂੰ ਲਾਗੂ ਕਰਨ ਨਾਲ ਪੂਰੇ ਦੇਸ਼ ਵਿਚ ਵਪਾਰੀ ਤੇ ਵਪਾਰ ਖਤਮ ਹੋ ਚੁੱਕਾ ਹੈ। ਲੋਕਾਂ ਵਿਚ ਮੋਦੀ ਸਰਕਾਰ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। 
ਸਵਾਲ : ਬਸਪਾ ਨਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਨਾਲ ਜੁੜਨ ਨਾਲ ਬਸਪਾ ਨੂੰ ਕੀ ਲਾਭ ਮਿਲੇਗਾ?
ਜਵਾਬ : ਮੇਰੇ ਪਿਤਾ ਨੇ ਦਹਾਕਿਆਂ ਤੋਂ ਦਲਿਤ ਸਮਾਜ ਦੀ ਸੇਵਾ ਕੀਤੀ ਹੈ। ਦਲਿਤ ਭਾਈਚਾਰਾ ਮੇਰੇ ਪਿਤਾ ਅਤੇ ਮੇਰੇ ਪਰਿਵਾਰ ਨਾਲ ਹੈ। ਇਸ ਦਾ ਲਾਭ ਬਸਪਾ ਨੂੰ ਪੂਰੇ ਪੰਜਾਬ ਸਮੇਤ ਦੇਸ਼ ਵਿਚ ਮਿਲੇਗਾ। ਮੇਰੇ ਬਸਪਾ ਵਿਚ ਆਉਣ ਮਗਰੋਂ ਮੈਨੂੰ ਦੇਸ਼-ਵਿਦੇਸ਼ ਤੋਂ ਲੋਕਾਂ ਦੇ ਵਧਾਈ ਸੰਦੇਸ਼ ਮਿਲ ਰਹੇ ਹਨ ਕਿ ਇਹ ਫੈਸਲਾ ਬਿਲਕੁਲ ਠੀਕ ਲਿਆ ਹੈ।
ਸਵਾਲ : ਤੁਸੀਂ ਅਕਾਲੀ ਦਲ (ਬ) ਨੂੰ ਕਿਉਂ ਛੱਡਿਆ ਅਤੇ ਭਾਜਪਾ ਨੂੰ ਕਿਉਂ ਜੁਆਇਨ ਕੀਤਾ ਸੀ?
ਜਵਾਬ : ਮੈਂ ਕਦੇ ਅਕਾਲੀ ਦਲ (ਬ) ਨੂੰ ਨਹੀਂ ਛੱਡਿਆ ਸੀ। ਸੱਚਾਈ ਇਹ ਹੈ ਕਿ ਅਕਾਲੀ ਦਲ (ਬ) ਦੀ ਚੋਟੀ ਦੀ ਲੀਡਰਸ਼ਿਪ ਨੇ ਮੈਨੂੰ ਭੁਲਾ ਦਿੱਤਾ ਅਤੇ ਮੈਂ ਭਾਜਪਾ ਪ੍ਰਧਾਨ ਵਿਜੇ ਸਾਂਪਲਾ, ਜੋ ਮੇਰੇ ਗੁਰੂ ਭਾਈ ਵੀ ਲੱਗਦੇ ਸਨ, ਉਤੇ ਵਿਸ਼ਵਾਸ ਕਰਨ ਮਗਰੋਂ ਭਾਜਪਾ ਵਿਚ ਸ਼ਾਮਲ ਹੋ ਗਿਆ ਪਰ ਭਾਜਪਾ ਦੇ ਅੰਦਰ ਜੋ ਕੁਝ ਮੇਰੇ ਨਾਲ ਕੀਤਾ ਗਿਆ, ਉਹ ਘੋਰ ਬੇਇਨਸਾਫੀ ਸੀ। ਇਸ ਲਈ ਮੈਂ ਹੁਣ ਦਲਿਤਾਂ ਦੇ ਹਿੱਤਾਂ ਦੀ ਸਾਂਝੀ ਰੱਖਿਅਕ ਬਹੁਜਨ ਸਮਾਜ ਪਾਰਟੀ (ਬਸਪਾ) ਵਿਚ ਸ਼ਾਮਲ ਹੋਇਆ ਹਾਂ। 
ਸਵਾਲ : ਜੇਕਰ ਬਸਪਾ ਤੁਹਾਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ 'ਤੇ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਵਿਰੁੱਧ ਚੋਣ ਮੈਦਾਨ ਵਿਚ ਉਤਾਰ ਦਿੰਦੀ ਹੈ ਫਿਰ?
ਜਵਾਬ : ਦਲਿਤ ਭਾਈਚਾਰਾ ਮੇਰੇ ਨਾਲ ਹੈ। ਸਾਰੇ ਵਰਗ ਦੇ ਲੋਕ ਮੇਰੇ ਪਿਤਾ ਚੌਧਰੀ ਸਵਰਨਾ ਰਾਮ ਤੇ ਚੌਧਰੀ ਪਰਿਵਾਰ ਦੇ ਨਾਲ ਹਨ। ਅਜਿਹੇ ਵਿਚ ਜੇਕਰ ਬਸਪਾ ਮੈਨੂੰ ਇਸ ਲਾਇਕ ਮੰਨਦੀ ਹੈ ਕਿ ਲੋਕ ਸਭਾ ਚੋਣਾਂ ਵਿਚ ਮੈਨੂੰ ਪਾਰਟੀ ਦਾ ਸਿਪਾਹੀ ਬਣ ਕੇ ਚੋਣ ਲੜਾਉਣੀ ਹੈ ਤਾਂ ਮੈਂ ਲੜਨ ਲਈ ਤਿਆਰ ਹਾਂ। ਫਿਰ ਭਾਵੇਂ ਵਿਜੇ ਸਾਂਪਲਾ ਹੋਵੇ ਜਾਂ ਕੋਈ ਹੋਰ, ਇਕ ਗੱਲ ਪੱਕੀ ਹੈ ਕਿ ਮੈਂ ਲੋਕ ਸਭਾ ਚੋਣ ਲੋਕਾਂ ਦੇ ਆਸ਼ੀਰਵਾਦ ਨਾਲ ਭਾਰੀ ਵੋਟਾਂ ਨਾਲ ਜਿੱਤ ਕੇ ਭਾਜਪਾ ਦੀ ਝੋਲੀ ਵਿਚ ਪਾ ਦਿਆਂਗਾ। 


Related News