ਸਿੰਗਲਾ ਦੇ ਨਿਰਦੇਸ਼ਾਂ ''ਤੇ ਦਾਖਲਾ ਮੁਹਿੰਮ ਦੇ ਨਾਲ-ਨਾਲ ਆਨਲਾਈਨ ਸਿੱਖਿਆ ਨੇ ਵੀ ਫੜ੍ਹੀ ਤੇਜ਼ੀ

Thursday, Apr 15, 2021 - 03:22 PM (IST)

ਸਿੰਗਲਾ ਦੇ ਨਿਰਦੇਸ਼ਾਂ ''ਤੇ ਦਾਖਲਾ ਮੁਹਿੰਮ ਦੇ ਨਾਲ-ਨਾਲ ਆਨਲਾਈਨ ਸਿੱਖਿਆ ਨੇ ਵੀ ਫੜ੍ਹੀ ਤੇਜ਼ੀ

ਚੰਡੀਗੜ੍ਹ : ਸਕੂਲ ਸਿੱਖਿਆ ਵਿਭਾਗ ਨੇ ਨਵੇਂ ਵਿਦਿਅਕ ਸੈਸ਼ਨ ਲਈ ਦਾਖ਼ਲਿਆਂ ਵਾਸਤੇ ਸ਼ੁਰੂ ਕੀਤੀ ਮੁਹਿੰਮ ਦੇ ਨਾਲ-ਨਾਲ ਹੁਣ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਦੇ ਸਬੰਧ ਵਿੱਚ ਵੀ ਤੇਜ਼ੀ ਲੈ ਆਂਦੀ ਹੈ। ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਅਧਿਆਪਕਾਂ ਨੇ ਸਕੂਲ ਬੰਦ ਹੋਣ ਕਾਰਨ ਪਹਿਲੀ ਅਪ੍ਰੈਲ ਤੋਂ ਹੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ। ਹੁਣ ਦਾਖ਼ਲਿਆਂ ਦਾ ਕੰਮ ਕਾਫੀ ਹੱਦ ਤੱਕ ਮੁਕੰਮਲ ਹੋਣ ਕਾਰਨ ਆਨਲਾਈਨ ਪੜ੍ਹਾਈ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਆ ਗਈ ਹੈ।

ਕੋਵਿਡ-19 ਦੀ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਅਧਿਆਪਕਾਂ ਵੱਲੋਂ ਵੱਖ-ਵੱਖ ਆਨਲਾਈਨ ਵੀਡੀਓ ਐਪਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਆਨਲਾਈਨ ਸਿੱਖਿਆ ਦੀ ਨਵੀਨਤਮ ਤਕਨਾਲੋਜੀ ਦੀ ਵਰਤੋਂ ਨਾਲ ਇਸ ਵੇਲੇ ਸਰਕਾਰੀ ਸਕੂਲਾਂ ਦੇ 25 ਲੱਖ ਕੇ ਕਰੀਬ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਵਟਸਐਪ ਗਰੁੱਪ ਬਣਾ ਕੇ ‘ਜ਼ੂਮ ਐਪ’ ’ਤੇ ਕਲਾਸਾਂ ਲੈਣ ਦੇ ਨਾਲ-ਨਾਲ 'ਐਜੂਕੇਅਰ ਐਪ' ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।

ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਅਸਾਈਨਮੈਂਟਾਂ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਸਿੱਖਣ ਦੀ ਸਮਰਥਾ ਵਿੱਚ ਵਾਧਾ ਹੋ ਸਕੇ। ਅਧਿਆਪਕਾਂ ਵੱਲੋਂ ਨਵੇਂ ਸ਼ੈਸ਼ਨ ਦੇ ਦਾਖ਼ਲਿਆਂ ਲਈ ਗੂਗਲ ਫਾਰਮਾਂ ਦੀ ਸਹਾਇਤਾ ਨਾਲ ਦਾਖ਼ਲੇ ਕੀਤੇ ਜਾ ਰਹੇ ਹਨ ਅਤੇ ਦਾਖ਼ਲਿਆਂ ਵਾਸਤੇ ਵੱਡੀ ਪੱਧਰ ’ਤੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆਂ ਕਰਵਾਉਣ ਲਈ ਘਰ-ਘਰ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਵਿੱਚ ਕੋਈ ਕਮੀ ਨਾ ਆਵੇ।


 


author

Babita

Content Editor

Related News