ਕਵੀਆਂ ਤੇ ਸ਼ਾਇਰਾਂ ਨੂੰ ਇਕੱਠਾ ਕਰਨਾ ਖੁਸ਼ੀ ਦੀ ਗੱਲ : ਵਿਜੇ ਚੋਪੜਾ
Tuesday, Jan 16, 2018 - 05:41 AM (IST)

ਲੁਧਿਆਣਾ(ਰਾਜਨ)- ਹਿੰਦੀ ਦੀਆਂ ਕਵਿਤਾਵਾਂ ਅਤੇ ਉਰਦੂ ਦੀ ਸ਼ਾਇਰੀ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਦੇ ਨਾਲ-ਨਾਲ ਬਾਲ ਸਾਹਿਤ ਨੂੰ ਉਤਸ਼ਾਹ ਅਤੇ ਨੌਜਵਾਨ ਪੀੜ੍ਹੀ 'ਚ ਰਾਸ਼ਟਰੀਅਤਾ ਦੀ ਭਾਵਨਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ 'ਕਾਵਿ ਲਹਿਰ' ਸੰਸਥਾ ਦਾ ਗਠਨ ਕਰਨ ਲਈ ਸਵਾਮੀ ਵਿਵੇਕਾਨੰਦ ਮੈਡੀਟੇਸ਼ਨ ਪੈਰਾਮਿਡ ਮਾਡਲ ਟਾਊਨ ਐਕਸਟੈਂਸ਼ਨ 'ਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ 'ਜਗ ਬਾਣੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਵਿਸ਼ੇਸ਼ ਰੂਪ 'ਚ ਪਹੁੰਚੇ, ਜਿੱਥੇ ਉਨ੍ਹਾਂ ਦਾ ਫੁੱਲ ਮਾਲਾਵਾਂ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਸ਼੍ਰੀ ਵਿਜੇ ਚੋਪੜਾ ਜੀ ਨੇ 'ਕਾਵਿ ਲਹਿਰ' ਸੰਸਥਾ ਦੇ ਬਣਾਏ ਜਾਣ 'ਤੇ ਬੇਹੱਦ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਕਵੀਆਂ ਅਤੇ ਸ਼ਾਇਰਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਬੱਚਿਆਂ ਅਤੇ ਹੋਰ ਲੋਕਾਂ 'ਚ ਕਿਤਾਬਾਂ ਪੜ੍ਹਨ ਅਤੇ ਕਵਿਤਾਵਾਂ ਸੁਣਨ ਦੇ ਘੱਟ ਹੋ ਰਹੇ ਰੁਝਾਨ 'ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਹਿੰਦੀ ਤੁਕਬੰਦੀ (ਕਾਵਿ) ਵਾਲੀ ਕਵਿਤਾ 'ਚ ਰਸ ਜ਼ਿਆਦਾ ਹੁੰਦਾ ਹੈ ਅਤੇ ਉਸ ਦਾ ਅਸਰ ਵੀ ਜ਼ਿਆਦਾ ਹੁੰਦਾ ਹੈ। ਸ਼੍ਰੀ ਵਿਜੇ ਚੋਪੜਾ ਜੀ ਨੇ ਟਰੱਸਟ ਦੇ ਪ੍ਰਧਾਨ ਅਨਿਲ ਭਾਰਤੀ, ਉਨ੍ਹਾਂ ਦੇ ਭਰਾ ਉਪ ਪ੍ਰਧਾਨ ਸੰਜੀਵ ਭਾਰਤੀ ਅਤੇ ਹੋਰ ਟਰੱਸਟੀਆਂ ਨੂੰ ਵਧਾਈ ਦੇ ਪਾਤਰ ਦੱਸਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਨਿਲ ਭਾਰਤੀ ਨੇ ਕਿਹਾ ਕਿ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਜੇ ਚੋਪੜਾ ਜੀ ਦੇ ਆਸ਼ੀਰਵਾਦ ਨਾਲ ਹੀ ਟਰੱਸਟ ਦੀ ਸਥਾਪਨਾ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੇ ਕਾਰਜ ਸ਼ੁਰੂ ਹੋਏ ਹਨ। ਉਨ੍ਹਾਂ ਕਿਹਾ ਕਿ ਮਾਘੀ ਦੇ ਪਾਵਨ ਤਿਓਹਾਰ 'ਤੇ ਸ਼ੁਰੂ ਕੀਤੀ ਗਈ ਕਾਵਿ ਲਹਿਰ ਸੰਸਥਾ ਪੁਰਾਣੇ ਕਵੀਆਂ ਅਤੇ ਸ਼ਾਇਰਾਂ ਨੂੰ ਇਕ ਇਸ ਤਰ੍ਹਾਂ ਦਾ ਮੰਚ ਪ੍ਰਦਾਨ ਕਰੇਗੀ, ਜਿਸ ਨਾਲ ਉਹ ਆਪਣਾ ਹੁਨਰ ਲੋਕਾਂ ਤੱਕ ਪਹੁੰਚਾ ਸਕਣਗੇ ਅਤੇ ਯੁਵਾ ਨਵੇਂ ਸ਼ਾਇਰਾਂ ਅਤੇ ਕਵੀਆਂ ਨੂੰ ਸਿੱਖਣ ਅਤੇ ਅੱਗੇ ਵਧਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਜੋ ਗੱਲ ਇਨਸਾਨ ਦੀ ਰੂਹ ਨੂੰ ਛੂੰਹਦੀ ਹੈ, ਉਸ ਦੇ ਲਈ ਕਵਿਤਾ ਅਤੇ ਸ਼ਾਇਰੀ ਤੋਂ ਬਿਹਤਰ ਰਸਤਾ ਨਹੀਂ ਹੈ, ਕਿਉਂਕਿ ਇਸ 'ਚ ਬਹੁਤ ਘੱਟ ਸ਼ਬਦਾਂ 'ਚ ਬਹੁਤ ਵੱਡਾ ਸੰਦੇਸ਼ ਦਿੱਤਾ ਜਾਂਦਾ ਹੈ ਅਤੇ ਜੋ ਸਾਨੂੰ ਰੂਹ ਦੀ ਖੁਰਾਕ ਦਿੰਦਾ ਹੈ। ਉਨ੍ਹਾਂ ਨੇ ਆਪਣੇ ਅੰਦਾਜ਼ 'ਚ ਕਿਹਾ ਕਿ 'ਸੋਚ ਬਦਲੇਗੀ ਤਾਂ ਸਿਤਾਰੇ ਬਦਲਣਗੇ' ਨਜ਼ਰ ਬਦਲੇਗੀ ਤਾਂ ਨਜ਼ਾਰੇ ਬਦਲਣਗੇ' ਅਤੇ ਲੋਕਾਂ ਦਾ ਨਜ਼ਰੀਆ ਬਦਲਣ ਲਈ ਕਵਿਤਾ ਅਤੇ ਸ਼ਾਇਰੀ ਬਹੁਤ ਵੱਡਾ ਜ਼ਰੀਆ ਹੈ। ਇਸ ਮੌਕੇ ਸੰਸਥਾ ਦੀ ਨਵੀਂ ਚੁਣੀ ਪ੍ਰਧਾਨ ਜਸਪ੍ਰੀਤ ਕੌਰ 'ਫਲਕ' ਨੇ ਜਿਥੇ ਸੰਸਥਾ ਦੇ ਉਦੇਸ਼ਾਂ ਜਿਨ੍ਹਾਂ 'ਚ ਨਵੇਂ ਸਾਹਿਤ ਚਿੰਤਕਾਂ ਨੂੰ ਉਤਸ਼ਾਹਿਤ ਕਰਨ, ਨਵ-ਪ੍ਰਕਾਸ਼ਨ ਪੁਸਤਕਾਂ ਨੂੰ ਉਤਸ਼ਾਹ ਦੇਣ ਦੇ ਨਾਲ-ਨਾਲ ਨਵੀਆਂ ਪੁਸਤਕਾਂ ਨੂੰ ਪ੍ਰਕਾਸ਼ਿਤ ਕਰਨ ਲਈ ਪ੍ਰੇਰਣਾ ਦੇਣਾ ਪ੍ਰਸਿੱਧ ਕਵੀਆਂ ਦੇ ਨਾਲ ਰੂ–ਬਰੂ ਕਰਵਾ ਕੇ ਕਵਿਤਾ ਸੰਗ੍ਰਹਿ ਕਾਰਜਸ਼ਾਲਾਵਾਂ ਲਾਉਣਾ ਅਤੇ ਨੈਤਿਕ ਮੁੱਲਾਂ ਦੇ ਪ੍ਰਤੀ ਉਜਾਗਰ ਕਰਨਾ ਵੀ ਹੈ। ਇਸ ਦੇ ਨਾਲ ਹੀ 'ਹੋਣਹਾਰ ਕਵਿੱਤਰੀ' ਬੱਚੀਆਂ ਨੂੰ ਐਵਾਰਡ ਦੇਣਾ ਵੀ ਹੈ। ਪ੍ਰਸਿੱਧ ਪੁਸਤਕਾਂ ਨੂੰ ਹਿੰਦੀ 'ਚ ਅਨੁਵਾਦ ਕਰਨ ਦੇ ਨਾਲ ਲਾਈਬ੍ਰੇਰੀ ਸਥਾਪਿਤ ਕੀਤੇ ਜਾਣ ਨੂੰ ਬਲ ਦੇਣ ਦੇ ਉਦੇਸ਼ ਦੱਸੇ। ਉਥੇ ਆਪਣੀ ਲਿਖੀ ਕਵਿਤਾ 'ਮਰਜਾਣੀਆਂ' ਸੁਣਾ ਕੇ ਸਭ ਦਾ ਧਿਆਨ ਧੀਆਂ ਵੱਲ ਖਿੱਚਿਆ।
ਇਸ ਮੌਕੇ ਸੰਸਥਾ ਦੀ ਅਧਿਕਾਰਿਕ ਟੀਮ ਦਾ ਵੀ ਐਲਾਨ ਕੀਤਾ ਗਿਆ, ਜਿਸ 'ਚ ਅਨਿਲ ਭਾਰਤੀ (ਚੇਅਰਮੈਨ), ਜਸਪ੍ਰੀਤ ਕੌਰ ਫਲਕ (ਪ੍ਰਧਾਨ), ਅਸ਼ੋਕ ਧੀਰ (ਸੀਨੀਅਰ ਵਾਈਸ ਪ੍ਰਧਾਨ), ਡਾ. ਜਗਤਾਰ ਧੀਮਾਨ (ਉਪ ਪ੍ਰਧਾਨ), ਡਾ. ਅਸ਼ੋਕ ਸਿੰਗਲਾ (ਜਨਰਲ ਸਕੱਤਰ), ਵੇਦ ਪ੍ਰਕਾਸ਼ ਗੁਪਤਾ (ਵਿੱਤ ਸਕੱਤਰ), ਕਮਲੇਸ਼ ਗੁਪਤਾ (ਜੁਆਇੰਟ ਸਕੱਤਰ), ਡੀ. ਕੇ. ਦਾਨਿਸ਼ (ਆਯੋਜਨ ਸਕੱਤਰ), ਸੁਖਮਿੰਦਰ ਸਿੰਘ (ਸੰਸਕ੍ਰਿਤਕ ਸਕੱਤਰ), ਰਾਜਨ ਸ਼ਰਮਾ (ਪ੍ਰੈੱਸ ਸਕੱਤਰ), ਪੂਨਮ ਬਾਲਾ ਪੀ. ਆਰ. ਓ., ਦੇ ਇਲਾਵਾ ਸੰਜੀਵ ਭਾਰਤੀ, ਦੀਪਕ ਪਾਹਵਾ, ਡਾ. ਜੇ. ਐੱਸ. ਕੋਹਲੀ, ਮੁਹੰਮਦ ਸਲੀਮ, ਰਵਿੰਦਰ ਢਿੱਲੋਂ, ਮੁਕੇਸ਼ ਆਲਮ, ਰਾਜਿੰਦਰ ਸ਼ਰਮਾ ਅਤੇ ਛਾਇਆ ਰਾਣੀ ਨੂੰ ਐਡਵਾਈਜ਼ਰੀ ਕਮੇਟੀ 'ਚ ਚੁਣਿਆ ਗਿਆ। ਇਸ ਮੌਕੇ ਮੌਜੂਦ ਕਵੀਆਂ ਨੇ ਆਪਣੇ-ਆਪਣੇ ਵਿਚਾਰ ਵੀ ਰੱਖੇ। ਇਸ ਮੌਕੇ ਟਰੱਸਟ ਦੇ ਸੀਨੀਅਰ ਉਪ ਪ੍ਰਧਾਨ ਤਰਸੇਮ ਗੁਪਤਾ ਨੇ ਨਵੇਂ ਗਠਿਤ ਸੰਸਥਾ 'ਚ ਟਰੱਸਟ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਟਰੱਸਟੀ ਟੋਨੀ ਮਹਾਜਨ, ਭੁਪਿੰਦਰ ਸਿੰਘ ਅਰੋੜਾ, ਤਰੁਣ ਚੰਦੋਕ, ਨੋਬਲ ਫਾਊਂਡੇਸ਼ਨ ਦੇ ਪ੍ਰਮੁੱਖ ਰਾਜਿੰਦਰ ਸ਼ਰਮਾ, ਡਾ. ਐੱਸ. ਬੀ. ਪਾਂਧੀ, ਮੱਖਣ ਸਿੰਘ ਖੁਰਾਣਾ, ਨਰੇਸ਼ ਭਾਟੀਆ, ਪੀ. ਕੇ. ਗੋਇਲ, ਰਮੇਸ਼ ਸਾਦਨੀ, ਸੀ. ਏ. ਸੰਜੀਵ ਮੋਹਨ ਤੇ ਹੋਰ ਮੌਜੂਦ ਸਨ।