ਮੋਗਾ ’ਚ ਵਿਜੀਲੈਂਸ ਦੀ ਵੱਡੀ ਕਾਰਵਾਈ, ਰਿਸ਼ਵਤ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਪੰਚਾਇਤ ਸੈਕਟਰੀ ’ਤੇ ਮਾਮਲਾ ਦਰਜ
Friday, Jul 29, 2022 - 06:06 PM (IST)
ਮੋਗਾ (ਗੋਪੀ ਰਾਊਕੇ, ਅਜ਼ਾਦ) : ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਮੋਗਾ-1 ਦੇ ਪੰਚਾਇਤ ਸੈਕਟਰੀ ਤੇਜਪਾਲ ਸਿੰਘ ਵੱਲੋਂ ਕਥਿਤ ਤੌਰ ’ਤੇ ਪਿੰਡ ਚੂਹੜਚੱਕ ਵਿਖੇ ਆਪਣੇ ਖਰਚ ’ਤੇ ਇਕ ਗਲੀ ਬਣਾਉਣ ਦੀ ਮਨਜ਼ੂਰੀ ਦੇਣ ਲਈ ਕਥਿਤ ਤੌਰ ’ਤੇ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੀ ਵੀਡੀਓ ਜਾਰੀ ਹੋਣ ਮਗਰੋਂ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦੇ ਹੋਏ ਸੈਕਟਰੀ ਤੇਜਪਾਲ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਦੋਂਕਿ ਇਸ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ। ਵਿਜੀਲੈਂਸ ਬਿਊਰੋ ਦੇ ਡੀ.ਐੱਸ.ਪੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਸੈਕਟਰੀ ਤੇਜਪਾਲ ਸਿੰਘ ਵੱਲੋਂ ਕਥਿਤ ਤੌਰ ’ਤੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਗਈ ਸੀ ਅਤੇ ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਵਿਜੀਲੈਂਸ ਬਿਊਰੋ ਨੇ ਜਾਂਚ ਆਰੰਭੀ ਸੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਦੀ ਕੀਤੀ ਗਈ ਪੜਤਾਲ ਵਿਚ ਪਾਇਆ ਗਿਆ ਸੀ ਕਿ ਸੈਕਟਰੀ ਨੇ ਕਥਿਤ ਤੌਰ ’ਤੇ ਪਿੰਡ ਚੂਹੜਚੱਕ ਦੇ ਨਿਵਾਸੀਆਂ ਤੋਂ ਕੰਮ ਬਦਲੇ ਪੈਸੇ ਲਏ ਹਨ ਅਤੇ ਇਸ ਮਾਮਲੇ ਦੀ ਵੀਡੀਓ ਵੀ ਸਾਹਮਣੇ ਆਈ ਸੀ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ।
ਫ਼ਰਵਰੀ 2020 ਵਿਚ ਬਣੀ ਸੀ ਵੀਡੀਓ, ਦੋ ਸਾਲ ਤੱਕ ਦੱਬਿਆ ਰਿਹਾ ਮਾਮਲਾ
‘ਜਗ ਬਾਣੀ’ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ 19 ਫ਼ਰਵਰੀ 2020 ਨੂੰ ਇਹ ਵੀਡੀਓ ਇਕ ਹੋਟਲ ਵਿਖੇ ਬਣਾਈ ਗਈ ਸੀ, ਜਿਸ ਵਿਚ ਸੈਕਟਰੀ ਤੇਜਪਾਲ ਸਿੰਘ ਸਾਫ਼ ਦਿੱਸ ਰਿਹਾ ਹੈ ਕਿ ਉਹ ਇਕ ਵਿਅਕਤੀ ਤੋਂ ਪੈਸਿਆਂ ਦੀ ਵਸੂਲੀ ਕਰ ਰਿਹਾ ਹੈ, ਜਦੋਂਕਿ ਪੰਚਾਇਤ ਵਿਭਾਗ ਦਾ ਇਕ ਹੋਰ ਅਧਿਕਾਰੀ ਵੀ ਇਸ ਵੀਡੀਓ ਵਿਚ ਦਿਖਾਈ ਦੇ ਰਿਹਾ ਸੀ। ਦੋ ਸਾਲਾਂ ਤੱਕ ਇਹ ਮਾਮਲਾ ਸ਼ਾਂਤ ਰਿਹਾ, ਪਰੰਤੂ ਹੁਣ ਪੰਜਾਬ ਵਿਚ ਹਕੂਮਤ ਬਦਲਾਅ ਮਗਰੋਂ ਮੁੜ ਇਹ ਮਾਮਲਾ ਚਰਚਾ ਵਿਚ ਆਇਆ ਸੀ।
ਮੁੱਖ ਮੰਤਰੀ ਨੂੰ ਕੀਤੀ ਸੀ ਸ਼ਿਕਾਇਤ
ਇਕੱਤਰ ਵੇਰਵਿਆਂ ਅਨੁਸਾਰ ਪਿਛਲੇ ਮਹੀਨੇ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਸ਼ਿਕਾਇਤ ਪੱਤਰ ਭੇਜਿਆ ਗਿਆ ਸੀ, ਜਿਸ ਮਗਰੋਂ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋਂ ਵੱਲੋਂ ਆਰੰਭ ਕੀਤੀ ਗਈ ਅਤੇ ਇਸ ਪੜਤਾਲ ਮਗਰੋਂ ਇਹ ਕਰਵਾਈ ਹੋਈ ਹੈ।
30 ਜਨਵਰੀ 2020 ਨੂੰ ਗਲੀ ਲਈ ਦਿੱਤਾ ਸੀ ਪੰਚਾਇਤ ਅਧਿਕਾਰੀਆਂ ਨੂੰ ਪੱਤਰ
ਸੂਤਰਾਂ ਦਾ ਦੱਸਣਾ ਹੈ ਕਿ ਇਸ ਮਾਮਲੇ ਵਿਚ ਰਿਸ਼ਵਤ ਦੇਣ ਵਾਲੇ ਵਿਅਕਤੀਆਂ ਨੇ ਆਪਣੇ ਖਰਚ ’ਤੇ ਗਲੀ ਬਣਾਉਣ ਲਈ ਜ਼ਿਲ੍ਹਾ ਪੇਂਡੂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ 30 ਜਨਵਰੀ 2020 ਨੂੰ ਪੱਤਰ ਦਿੱਤਾ ਸੀ ਪਰ ਕੁੱਝ ਸਮਾਂ ਪੰਚਾਇਤ ਵਿਭਾਗ ਦੇ ਅਧਿਕਾਰੀ ਸਮੇਤ ਸੈਕਟਰੀ ਤੇਜਪਾਲ ਸਿੰਘ ਇਸ ਮਾਮਲੇ ਦੀ ਜਾਂਚ ਕਰਦੇ ਰਹੇ ਪਰ ਜਦੋਂ 19 ਫ਼ਰਵਰੀ ਨੂੰ ਪੈਸੇ ਦਿੱਤੇ ਤਾਂ ਤੁਰੰਤ ਸ਼ਿਕਾਇਤ ਕਰਤਾ ਦਾ ਕੰਮ ਹੋ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਭਾਵੇਂ ਵਿਜੀਲੈਂਸ ਬਿਊਰੋ ਨੇ ਸੈਕਟਰੀ ਵਿਰੁੱਧ ਤਾਂ ਕਰਵਾਈ ਕੀਤੀ ਹੈ, ਪਰੰਤੂ ਇਸ ਮਾਮਲੇ ਵਿਚ ਕੀ ਕੋਈ ਹੋਰ ਅਧਿਕਾਰੀ ਵੀ ਕਥਿਤ ਤੌਰ ’ਤੇ ਜ਼ਿੰਮੇਵਾਰ ਇਹ ਮਾਮਲਾ ਹਾਲੇ ਜਾਂਚ ਦੀ ਮੰਗ ਕਰਦਾ ਹੈ।