ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਨਾਲ ਮਚਿਆ ਬਵਾਲ
Tuesday, Jul 18, 2017 - 09:12 PM (IST)
ਅੰਮ੍ਰਿਤਸਰ (ਛੀਨਾ) - ਹਰਿਆਣਾ ਦੇ ਕਰਨਾਲ ਜਿਲੇ ਵਿਖੇ ਕੁਝ ਵਿਅਕਤੀਆਂ ਵੱਲੋਂ ਇਕ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਉਸ ਨਾਲ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਨੇ ਪੂਰੇ ਸਿੱਖ ਜਗਤ 'ਚ ਹਲਚਲ ਮਚਾ ਕੇ ਰੱਖ ਦਿੱਤੀ ਹੈ, ਜਿਸ ਤੋਂ ਬਾਅਦ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਨੇ ਹਰ ਪਾਸੇ ਜ਼ੋਰ ਫੜ ਲਿਆ ਹੈ। ਇਸ ਘਟਨਾ ਦਾ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਨੇ ਵੀ ਸਖਤ ਨੋਟਿਸ ਲਿਆ ਹੈ, ਜਿਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਅਮਰਬੀਰ ਸਿੰਘ ਢੋਟ ਕੌਂਸਲਰ ਨੇ ਕਿਹਾ ਕਿ ਵੀਡੀਓ 'ਚ ਇਕ ਨਿਹੱਥੇ ਬੇਕਸੂਰ ਸਿੱਖ ਦੀ ਪਗੜੀ ਉਤਾਰ ਕੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਉਸ ਨੂੰ ਪੱਥਰ ਮਾਰ-ਮਾਰ ਕੇ ਜੋ ਜ਼ਖਮੀ ਕੀਤਾ ਜਾ ਰਿਹਾ ਹੈ ਉਹ ਕਿਸੇ ਵੀ ਸਿੱਖ ਲਈ ਬਰਦਾਸ਼ਤ ਤੋਂ ਬਾਹਰ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਅੰਬਾਲਾ ਪੁਲਸ ਜਲਦ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਵੇ, ਨਹੀਂ ਤਾਂ ਫੈੱਡਰੇਸ਼ਨ ਮਹਿਤਾ ਵੱਲੋਂ ਸਖਤ ਕਦਮ ਚੁੱਕੇ ਜਾਣਗੇ। ਇਸ ਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਦੀ ਮਦਦ ਵਾਸਤੇ ਫੈੱਡਰੇਸ਼ਨ ਮਹਿਤਾ ਵੱਲੋਂ ਇਕ ਟੀਮ ਅੰਬਾਲਾ ਭੇਜ ਦਿੱਤੀ ਗਈ ਹੈ, ਜੋ ਕਿ ਉਥੋਂ ਦੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਵੀ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪਗੜੀ ਹਰ ਸਿੱਖ ਦੀ ਸ਼ਾਨ ਹੈ ਤੇ ਉਕਤ ਦੋਸ਼ੀਆਂ ਨੇ ਸਿੱਖ ਦੀ ਪਗੜੀ ਉਤਾਰ ਕੇ ਭਾਰੀ ਗੁਨਾਹ ਕੀਤਾ ਹੈ, ਜਿਸ ਲਈ ਫੈੱਡਰੇਸ਼ਨ ਮਹਿਤਾ ਉਨ੍ਹਾਂ ਖਿਲਾਫ ਸਖਤ ਐਕਸ਼ਨ ਲਵੇਗੀ ਤਾਂ ਜੋ ਭਵਿੱਖ 'ਚ ਮੁੜ ਕਿਸੇ ਵੀ ਸਿੱਖ ਨਾਲ ਅਜਿਹੀ ਘਟਨਾ ਨਾ ਵਾਪਰ ਸਕੇ।
