ਵੀਡੀਓ ਕਾਲ ਕਰਨੀ ਪਈ ਮਹਿੰਗੀ, ਕੁੱਟ-ਕੁੱਟ ਕੀਤਾ ਲਹੂ-ਲੁਹਾਣ
Tuesday, Aug 07, 2018 - 03:37 PM (IST)

ਜਲੰਧਰ (ਸ਼ੋਰੀ)— ਜੇਕਰ ਤੁਸੀਂ ਵੀ ਕਿਸੇ ਨਾਲ ਵੀਡੀਓ ਕਾਲ ਕਰ ਰਹੇ ਹੋ ਤਾਂ ਸਾਵਧਾਨ ਹੋ ਕੇ ਕਰੋ ਕਿਉਂਕਿ ਵੀਡੀਓ ਕਾਲ ਕਰਨੀ ਵੀ ਮਹਿੰਗੀ ਪੈ ਸਕਦੀ ਹੈ। ਅਜਿਹੇ ਹੀ ਮਾਮਲੇ 'ਚ ਬੂਟਾ ਪਿੰਡ ਦੇ ਕੋਲ ਦੇਰ ਸ਼ਾਮ ਇਕ ਨੌਜਵਾਨ ਨੂੰ ਵੀਡੀਓ ਕਾਲ ਕਰਨੀ ਮਹਿੰਗੀ ਪੈ ਗਈ। ਕੁਝ ਲੋਕਾਂ ਨੇ ਮਿਲ ਕੇ ਨੌਜਵਾਨ 'ਤੇ ਹਮਲਾ ਕੀਤਾ ਅਤੇ ਨਾਲ ਹੀ ਉਸਦੇ ਪਿਤਾ ਤੇ ਭਰਾ ਨੂੰ ਵੀ ਲਹੂ-ਲੁਹਾਣ ਕਰ ਦਿੱਤਾ। ਸਿਵਲ ਹਸਪਤਾਲ 'ਚ ਜ਼ਖ਼ਮੀ ਹਾਲਤ 'ਚ ਪੁੱਜੇ ਗੁਰਪ੍ਰੀਤ ਸਿੰਘ ਨਿਵਾਸੀ ਖੁਰਲਾ ਕਿੰਗਰਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਰਮੇਸ਼ ਸਿੰਘ ਅਤੇ ਭਰਾ ਮੇਜਰ ਦੇ ਨਾਲ ਪੈਦਲ ਜਾ ਰਿਹਾ ਸੀ ਕਿ ਉਸਦਾ ਦੋਸਤ ਜੋ ਕਿ ਦੁਬਈ ਰਹਿੰਦਾ ਹੈ, ਉਸਦੀ ਵੀਡੀਓ ਕਾਲ ਉਸਨੂੰ ਆਈ। ਉਹ ਦੋਸਤ ਦੇ ਨਾਲ ਗੱਲ ਕਰ ਰਿਹਾ ਸੀ ਕਿ ਰਸਤੇ 'ਚ ਕੁਝ ਲੋਕ ਆਪਸ 'ਚ ਲੜਾਈ ਕਰ ਰਹੇ ਸਨ।
ਉਸਨੇ ਦੋਸਤ ਨੂੰ ਲਾਈਵ ਲੜਾਈ ਹੁੰਦੀ ਦਿਖਾਈ ਅਤੇ ਕਿਹਾ ਕਿ ਜਲੰਧਰ 'ਚ ਅਜਿਹੇ ਹਾਲਾਤ ਹੋ ਰਹੇ ਹਨ। ਇਸੇ ਦੌਰਾਨ ਲੜਾਈ ਕਰਨ ਵਾਲੇ ਉਸਦੇ ਕੋਲ ਭੱਜ ਕੇ ਆਏ ਅਤੇ ਵੀਡੀਓ ਬਣਾਉਣ ਨੂੰ ਲੈ ਕੇ ਗਾਲੀ ਗਲੋਚ ਕਰਨ ਲੱਗੇ। ਵਿਰੋਧ ਕਰਨ 'ਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।