ਸਰਕਾਰ ਦੀ ਲਾਰੇਬਾਜ਼ੀ ਨਾਲ ਟੁੱਟਣ ਲੱਗਿਆ ਵੈਟਰਨਰੀ ਵਿਦਿਆਰਥੀਆਂ ਦਾ ਸਬਰ, ਓ. ਪੀ. ਡੀ. ਬੰਦ ਕਰਨ ਦਾ ਐਲਾਨ
Monday, Oct 13, 2025 - 06:18 AM (IST)

ਲੁਧਿਆਣਾ (ਵਿੱਕੀ) : ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ ਵੈਟਰਨਰੀ ਸਟੂਡੈਂਟਸ ਯੂਨੀਅਨ ਦੀ ਅਣਮਿਥੇ ਸਮੇਂ ਦੀ ਹੜਤਾਲ ਐਤਵਾਰ ਨੂੰ 18ਵੇਂ ਦਿਨ ’ਚ ਪਹੁੰਚ ਗਈ। ਇੰਟਰਨ ਵਿਦਿਆਰਥੀ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਕੈਂਪਸ ’ਚ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜਾਰੀ ਰੱਖ ਰਹੇ ਹਨ। ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਵਿੱਤ ਪ੍ਰਿੰਸੀਪਲ ਸਕੱਤਰ ਨਾਲ ਹੋਈ ਮੀਟਿੰਗ ਦੇ ਬਾਵਜੂਦ ਵੀ ਕੋਈ ਠੋਸ ਹੱਲ ਸਾਹਮਣੇ ਨਹੀਂ ਆਇਆ। ਇਸ ਵਾਰ ਸ਼ਨੀਵਾਰ ਨੂੰ ਯੂਨੀਅਨ ਨੇ ਵਾਈਸ ਚਾਂਸਲਰ ਦਫ਼ਤਰ ਵਿੱਚ ਇੱਕ ਅਧਿਕਾਰਕ ਪੱਤਰ ਜਮ੍ਹਾ ਕਰ ਕੇ ਅਗਲੇ ਸੋਮਵਾਰ ਤੋਂ ਓ. ਪੀ. ਡੀ. ਸੇਵਾਵਾਂ ਬੰਦ ਕਰਨ ਦੀ ਪਹਿਲਾਂ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਕਾਰ ਦੀ ਛੱਤ 'ਤੇ ਲੰਮੇ ਪੈ ਕੇ ਮਾਰਦੇ ਸੀ ਫ਼ੁਕਰੀ ! ਹੁਣ ਪੁਲਸ ਨੇ ਠੋਕਿਆ ਮੋਟਾ ਜੁਰਮਾਨਾ
ਵਿਦਿਆਰਥੀਆਂ ਦੀ ਮੁੱਖ ਮੰਗ ਇੰਟਰਨਸ਼ਿਪ ਦੌਰਾਨ ਮਿਲਣ ਵਾਲੇ ਭੱਤੇ ਨੂੰ 15,000 ਤੋਂ ਵਧਾ ਕੇ 24,310 ਕਰਨ ਦੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਗੁਆਂਢੀ ਸੂਬਿਆਂ ’ਚ ਇਸ ਤੋਂ ਕਿਤੇ ਵੱਧ ਭੱਤਾ ਦਿੱਤਾ ਜਾ ਰਿਹਾ ਹੈ। ਯੂਨੀਅਨ ਦੇ ਅਨੁਸਾਰ ਇਹ ਭੱਤਾ ਯੂਨੀਵਰਸਿਟੀ ਅਤੇ ਆਈ. ਸੀ. ਏ. ਆਰ. ਰਾਹੀਂ ਦਿੱਤਾ ਜਾਂਦਾ ਹੈ, ਜਦਕਿ ਪੰਜਾਬ ਸਰਕਾਰ ਦਾ ਇਸ ਵਿਚ ਕੋਈ ਯੋਗਦਾਨ ਨਹੀਂ ਹੈ। ਇੰਟਰਨ ਵਿਦਿਆਰਥੀਆਂ ਦੇ ਨਾਲ-ਨਾਲ ਐੱਮ. ਵੀ. ਐੱਸ. ਸੀ. (ਪੋਸਟ ਗ੍ਰੈਜੂਏਟ) ਸਕਾਲਰਾਂ ਨੇ ਵੀ ਆਪਣੀਆਂ ਚਿੰਤਾਵਾਂ ਰੱਖੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਰਜਰੀ, ਮੈਡੀਸਨ, ਗਾਇਨੀਕੋਲੋਜੀ ਅਤੇ ਨਾਨ-ਕਲੀਨਿਕਲ ਵਿਭਾਗਾਂ ’ਚ ਨਿਯਮਿਤ ਤੌਰ ’ਤੇ ਕੰਮ ਕਰਦੇ ਹਨ, ਫਿਰ ਵੀ ਉਨ੍ਹਾਂ ਨੂੰ ਕੋਈ ਭੱਤਾ ਨਹੀਂ ਮਿਲਦਾ।
ਇਹ ਵੀ ਪੜ੍ਹੋ : ਜਲਦੀ ਨਬੇੜ ਲਓ ਆਪਣੇ ਜ਼ਰੂਰੀ ਕੰਮ, 11 ਦਿਨ ਬੰਦ ਰਹਿਣਗੇ ਬੈਂਕ
ਯੂਨੀਅਨ ਨੇ ਇਸ ਨੂੰ ਉਨ੍ਹਾਂ ਦੀ ਮਿਹਨਤ ਅਤੇ ਵੈਟਰਨਰੀ ਪ੍ਰੋਫੈਸ਼ਨ ਦੇ ਸਨਮਾਨ ਨਾਲ ਗੰਭੀਰ ਬੇਇਨਸਾਫ਼ੀ ਦੱਸਿਆ। ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਕਿਹਾ ਕਿ ਉਹ ਇਕ ਸ਼ਾਂਤਮਈ ਰੁਖ਼ ਬਣਾਈ ਰੱਖਦੇ ਹੋਏ ਪ੍ਰਸ਼ਾਸਨ ਤੋਂ ਸਕਾਰਾਤਮਕ ਹੱਲ ਦੀ ਉਮੀਦ ਰਖਦੇ ਹਨ ਪਰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8