''ਆਪ'' ਸਰਕਾਰ ਦੀ ਵਾਅਦਾਖ਼ਿਲਾਫ਼ੀ ਤੋਂ ਦੁਖੀ ਅਧਿਆਪਕਾਂ ਵੱਲੋਂ ਮੰਤਰੀ ਮਹਿੰਦਰ ਭਗਤ ਦਾ ਘਰ ਘੇਰਣ ਦਾ ਐਲਾਨ
Thursday, Mar 19, 2026 - 07:07 PM (IST)
ਲੁਧਿਆਣਾ (ਵਿੱਕੀ): ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ 21 ਮਾਰਚ ਨੂੰ ਜਲੰਧਰ ਵਿਚ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਹ ਕਦਮ ਜ਼ਿਮਨੀ-ਚੋਣ ਦੇ ਸਮੇਂ ਵਿੱਤੀ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਤੋਂ ਸਰਕਾਰ ਦੇ ਪਿੱਛੇ ਹਟਣ ਦੇ ਵਿਰੋਧ ਵਿਚ ਚੁੱਕਿਆ ਗਿਆ ਹੈ।
ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਸੂਬਾਈ ਆਗੂਆਂ ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਖੱਟੜ (ਸੂਬਾ ਪ੍ਰਧਾਨ, ਸਿੱਖਿਆ ਵਿਭਾਗ ਮਿਨਿਸਟਰੀਅਲ ਸਟਾਫ਼ ਐਸੋਸੀਏਸ਼ਨ ਪੰਜਾਬ), ਧਰਮਜੀਤ ਸਿੰਘ ਢਿੱਲੋਂ (ਸੂਬਾ ਪ੍ਰਧਾਨ, ਲੈਕਚਰਾਰ ਕੈਡਰ ਯੂਨੀਅਨ ਪੰਜਾਬ), ਮਾਸਟਰ ਕੈਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਹਰਜਿੰਦਰ ਪਾਲ ਸਿੰਘ ਪੰਨੂ (ਸੂਬਾ ਪ੍ਰਧਾਨ, ਐਲੀਮੈਂਟਰੀ ਅਧਿਆਪਕ ਯੂਨੀਅਨ ਪੰਜਾਬ), ਮਨਪ੍ਰੀਤ ਸਿੰਘ ਬਠਿੰਡਾ, ਪਰਮਪਾਲ ਸਿੰਘ ਮੋਗਾ, ਗੁਰਿੰਦਰ ਸਿੰਘ ਘੁੱਕੇਵਾਲੀ, ਗੁਰਮੀਤ ਸਿੰਘ ਭੁੱਲਰ ਅਤੇ ਦਲਜੀਤ ਸਿੰਘ ਸਬਰਵਾਲ ਸ਼ਾਮਲ ਹਨ, ਨੇ ਸਾਂਝੇ ਤੌਰ 'ਤੇ ਦੱਸਿਆ ਕਿ 21 ਮਾਰਚ ਨੂੰ ਜਲੰਧਰ ਵਿਚ ਹੋਣ ਵਾਲੀ ਰਾਜ ਪੱਧਰੀ ਮਹਾ ਰੋਸ ਰੈਲੀ ਅਤੇ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਆਗੂਆਂ ਨੇ ਵਿਸਥਾਰ ਨਾਲ ਦੱਸਿਆ ਕਿ ਸਰਕਾਰ ਵੱਲੋਂ ਜ਼ਬਰਦਸਤੀ ਥੋਪੇ ਗਏ 'ਟੈੱਟ' ਦੇ ਵਿਰੋਧ, ਪੁਰਾਣੀ ਪੈਨਸ਼ਨ ਬਹਾਲੀ, ਡੀ.ਏ. ਅਤੇ ਟਾਈਪ ਟੈਸਟ ਵਰਗੇ ਮੁੱਦਿਆਂ 'ਤੇ ਪੰਜਾਬ ਸਰਕਾਰ ਦਾ ਰਵੱਈਆ ਉਦਾਸੀਨ ਬਣਿਆ ਹੋਇਆ ਹੈ।
ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਨ ਵਾਲੇ ਨਾਨ-ਟੀਚਿੰਗ ਸਟਾਫ਼ ਨੂੰ ਬਿਨਾਂ ਕਟੌਤੀ ਪੂਰੇ ਸਕੇਲ ਵਿਚ ਰੈਗੂਲਰ ਕਰਨ ਦੀ ਮੰਗ ਨੂੰ ਵੀ ਅਣਦੇਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਅਧਿਆਪਕ ਅਤੇ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਮੰਗਦੇ ਹਨ, ਤਾਂ ਉਨ੍ਹਾਂ 'ਤੇ ਲਾਠੀਚਾਰਜ, ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾਰਾਂ ਨਾਲ ਬਲ ਪ੍ਰਯੋਗ ਕੀਤਾ ਜਾਂਦਾ ਹੈ। ਆਗੂਆਂ ਨੇ ਯਾਦ ਦਿਵਾਇਆ ਕਿ ਜੁਲਾਈ 2024 ਦੀ ਜਲੰਧਰ ਉਪ-ਚੋਣ ਦੇ ਸਮੇਂ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਤੁਰੰਤ ਬਾਅਦ ਵਿੱਤੀ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ। ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਚੋਣ ਜਿੱਤਣ ਤੋਂ ਬਾਅਦ ਵੀ ਸਰਕਾਰ ਨੇ ਵਾਅਦਾਖਿਲਾਫੀ ਕੀਤੀ ਹੈ। ਇਸੇ ਦੇ ਵਿਰੋਧ ਵਿੱਚ 21 ਮਾਰਚ ਨੂੰ ਮਾਸਟਰ ਕੈਡਰ ਯੂਨੀਅਨ, ਐਲੀਮੈਂਟਰੀ ਅਧਿਆਪਕ ਯੂਨੀਅਨ, ਲੈਕਚਰਾਰ ਕੈਡਰ ਯੂਨੀਅਨ ਅਤੇ ਮਿਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੇ ਹਜ਼ਾਰਾਂ ਮੈਂਬਰ ਜਲੰਧਰ ਵਿੱਚ ਕਨਵੈਨਸ਼ਨ ਤੋਂ ਬਾਅਦ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਵੱਲ ਵਿਸ਼ਾਲ ਰੋਸ ਮਾਰਚ ਕੱਢਣਗੇ ਅਤੇ ਘਿਰਾਓ ਕਰਨਗੇ।
