ਹਾਈਵੇ ''ਚ ਕਰਾਸਿੰਗ ਕੱਟ ਛੁਡਵਾਉਣ ਲਈ ਲਾਇਆ ਜਾਮ
Friday, Aug 11, 2017 - 01:07 AM (IST)
ਧਨੌਲਾ, (ਰਵਿੰਦਰ)- ਬਡਬਰ ਪਿੰਡ ਵਿਖੇ ਨਵੇਂ ਬਣੇ ਵਨ-ਵੇ ਹਾਈਵੇ ਵਿਚ ਲੰਘਣ ਲਈ ਢੁਕਵੇਂ ਕੱਟ ਨਾ ਛੱਡਣ ਦੇ ਰੋਸ ਵਜੋਂ ਪਿੰਡ ਵਾਸੀਆਂ ਤੇ ਖੇਡ ਕਲੱਬਾਂ ਨੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਹਾਈਵੇ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂ ਬਲਦੇਵ ਸਿੰਘ, ਜਥੇ. ਭਜਨ ਸਿੰਘ ਸੇਖੋਂ, ਸੁਸਾਇਟੀ ਪ੍ਰਧਾਨ ਅਰਵਿੰਦਰ ਸਿੰਘ ਨੀਲੂ ਸੇਖੋਂ, ਸਰਪੰਚ ਜੋਗਿੰਦਰ ਸਿੰਘ ਝੱਬਰ, ਕਲੱਬ ਪ੍ਰਧਾਨ ਬਲਵੀਰ ਸਿੰਘ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਨਵੀਂ ਸੜਕ ਬਣਾ ਰਹੀ ਕੰਪਨੀ ਅਤੇ ਪੀ.ਡਬਲਯੂ ਡੀ. ਦੇ ਅਧਿਕਾਰੀਆਂ ਨੂੰ ਅਸੀਂ ਢੁਕਵੇਂ ਕਰਾਸਿੰਗ ਕੱਟ ਛੱਡਣ ਲਈ ਬੇਨਤੀਆਂ ਕਰਦੇ ਰਹੇ ਹਾਂ, ਜਿਨ੍ਹਾਂ ਸਾਨੂੰ ਹਮੇਸ਼ਾ ਲਾਰਿਆਂ ਵਿਚ ਹੀ ਰੱਖ ਕੇ ਸੜਕ ਮੁਕੰਮਲ ਕਰ ਦਿੱਤੀ, ਜਿਸ ਕਾਰਨ ਲੰਘਣ ਸਮੇਂ ਆ ਰਹੀਆਂ ਮੁਸ਼ਕਿਲਾਂ ਅਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਅੱਜ ਸਾਨੂੰ ਜਾਮ ਲਾ ਕੇ ਰੋਸ ਜ਼ਾਹਿਰ ਕਰਨਾ ਪੈ ਰਿਹਾ ਹੈ।
ਅੱਤ ਦੀ ਗਰਮੀ 'ਚ ਰਾਹਗੀਰ ਹੋਏ ਪ੍ਰੇਸ਼ਾਨ
ਸਵੇਰ 10 ਵਜੇ ਤੋਂ ਲਾਇਆ ਜਾਮ ਸਾਢੇ 6 ਘੰਟੇ ਤੱਕ ਲੱਗਿਆ ਰਿਹਾ, ਜਿਸ ਕਾਰਨ ਅੱਤ ਦੀ ਗਰਮੀ ਵਿਚ ਰਾਹਗੀਰ ਪ੍ਰੇਸ਼ਾਨ ਹੁੰਦੇ ਰਹੇ। ਦੋ ਪਹੀਆ ਵਾਹਨ ਚਾਲਕ, ਜਿਨ੍ਹਾਂ 'ਤੇ ਔਰਤਾਂ ਅਤੇ ਬੱਚੇ ਸਵਾਰ ਸਨ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੋਏ। ਮੌਕੇ 'ਤੇ ਪੁੱਜੇ ਥਾਣਾ ਮੁਖੀ ਕੁਲਦੀਪ ਸਿੰਘ ਨੇ ਆਪਣੀ ਪੂਰੀ ਪਾਰਟੀ ਸਮੇਤ ਜਾਮ ਖੁੱਲ੍ਹਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਧਰਨਾਕਾਰੀ ਆਪਣੀ ਮੰਗ ਮੰਨਵਾਉਣ ਤੱਕ ਅੜੇ ਰਹੇ। ਬਾਅਦ ਦੁਪਹਿਰ ਪੁੱਜੇ ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ ਨੇ ਧਰਨਾਕਾਰੀਆਂ ਨੂੰ ਲੋਹਾਖੇੜਾ ਵਾਲਾ ਕੱਟ ਛੁਡਵਾਉਣ ਅਤੇ ਬੱਸ ਸਟੈਂਡ 'ਤੇ ਛੱਡੇ ਕਰਾਸਿੰਗ ਕੱਟ ਨੂੰ ਸਹੀ ਮਾਪਦੰਡਾਂ ਅਨੁਸਾਰ ਵੱਡਾ ਕਰਵਾਉਣ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ।
ਇਨ੍ਹਾਂ ਨੇ ਵੀ ਬੁਲੰਦ ਕੀਤੀ ਆਵਾਜ਼
ਬਡਬਰ ਦੀ ਸਮੁੱਚੀ ਪੰਚਾਇਤ, ਸਰਪੰਚ ਜੋਗਿੰਦਰ ਸਿੰਘ, ਹਲਕਾ ਭਦੌੜ ਦੇ ਐੈੱਮ.ਐੈੱਲ.ਏ. ਪਿਰਮਲ ਸਿੰੰਘ ਧੌਲਾ ਨੇ ਵੀ ਧਰਨਾਕਾਰੀਆਂ ਦੇ ਹੱਕ ਵਿਚ ਆਵਾਜ਼ ਉਠਾਈ।
ਕੌਣ ਸਨ ਸ਼ਾਮਲ
ਇਸ ਮੌਕੇ ਅਰਵਿੰਦਰ ਸਿੰਘ ਨੀਲੂ ਸੇਖੋਂ, ਸੁਖਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸਤਿਨਾਮ ਸਿੰਘ, ਜਥੇਦਾਰ ਭਜਨ ਸਿੰਘ ਸੇਖੋਂ, ਕਿਸਾਨ ਆਗੂ ਜਵਾਲਾ ਸਿੰਘ, ਗੁਰਮੁਖ ਸਿੰਘ ਸੰਧੂ, ਕਲੱਬ ਪ੍ਰਧਾਨ ਬਲਵੀਰ ਸਿੰਘ, ਪਵਨ ਕੁਮਾਰ, ਜੀਵਨ ਕੁਮਾਰ, ਗੁਰਮੇਲ ਸਿੰਘ ਤੇ ਨਵਦੀਪ ਸਿੰਘ ਆਦਿ।
