15 ਅਗਸਤ ਤੱਕ ਸਾਰੇ ਲੋਕ ਆਪਣੇ ਘਰਾਂ ''ਤੇ ਲਹਿਰਾਉਣ ਤਿਰੰਗਾ : ਡਿਪਟੀ ਕਮਿਸ਼ਨਰ
Tuesday, Aug 13, 2024 - 03:57 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਆਜ਼ਾਦੀ ਦਿਹਾੜੇ ਨੂੰ ਵਿਸ਼ੇਸ਼ ਬਣਾਉਣ ਲਈ ਸਰਕਾਰ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਘਰ-ਘਰ ਤਿਰੰਗਾ ਲਹਿਰਾਉਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਇਸ ਮੁਹਿੰਮ 'ਚ ਸ਼ਾਮਲ ਹੋ ਕੇ 15 ਅਗਸਤ ਤੱਕ ਹਰ ਜ਼ਿਲ੍ਹਾ ਵਾਸੀ ਆਪਣੇ ਘਰਾਂ 'ਤੇ ਸਤਿਕਾਰ ਵਜੋਂ ਰਾਸ਼ਟਰੀ ਝੰਡਾ ਲਹਿਰਾਵੇ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਈ ਸੂਰਵੀਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਸ ਤਿਰੰਗੇ ਖ਼ਾਤਰ ਆਪਣਾ ਬਲਿਦਾਨ ਦਿੱਤਾ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਆਜ਼ਾਦੀ ਦਿਹਾੜੇ 'ਤੇ ਉਨ੍ਹਾਂ ਨੂੰ ਯਾਦ ਕਰੀਏ ਅਤੇ ਇਸ ਮੁਹਿੰਮ ਦਾ ਹਿੱਸਾ ਬਣੀਏ। ਉਨ੍ਹਾਂ ਕਿਹਾ ਕਿ ਤਿਰੰਗਾ ਸਾਡੇ ਦੇਸ਼ ਦਾ ਗੌਰਵ ਹੈ, ਇਸ ਲਈ ਤਿਰੰਗਾਂ ਲਹਿਰਾਉਣ ਲਈ ਸਾਫ-ਸੁਥਰੀ ਥਾਂ ਹੋਣੀ ਚਾਹੀਦੀ ਹੈ। ਤਿਰੰਗਾ ਲਹਿਰਾਉਂਦੇ ਹੋਏ ਕੇਸਰੀ ਰੰਗ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਇਹੋ ਜਿਹੀ ਗਤੀਵਿਧੀ ਨਹੀਂ ਕੀਤੀ ਜਾਣੀ ਚਾਹੀਦੀ, ਜਿਸ ਨਾਲ ਕੌਮੀ ਤਿਰੰਗੇ ਦਾ ਅਪਮਾਨ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਕੌਮੀ ਝੰਡੇ ਦਾ ਹਰੇਕ ਨਾਗਰਿਕ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਰ ਨਾਗਰਿਕ ਆਪਣੇ ਘਰ ਤਿਰੰਗਾਂ ਜ਼ਰੂਰ ਲਹਿਰਾਏ ਤਾਂ ਜੋ ਦੇਸ਼ ਦੀ ਆਜ਼ਾਦੀ ਦੇ ਇਸ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਸਕੇ।