ਨਿਹੰਗ ਬਾਣੇ ''ਚ ਆਏ ਵਿਅਕਤੀਆਂ ਨੇ ਡੇਰੇ ਨੂੰ ਲਾਈ ਅੱਗ, ਸੰਤ ਕੀਤਾ ਅਗਵਾ
Friday, Jun 09, 2017 - 01:45 AM (IST)
ਬਾਲਿਆਂਵਾਲੀ (ਸ਼ੇਖਰ) - ਅੱਜ ਨੇੜਲੇ ਨਗਰ ਮੰਡੀ ਕਲਾਂ ਵਿਖੇ ਇਕ ਸੰਤ ਦੇ ਡੇਰੇ ਨੂੰ ਕੁਝ ਨਿਹੰਗ ਬਾਣੇ 'ਚ ਆਏ ਵਿਅਕਤੀਆਂ ਵੱਲੋਂ ਅੱਗ ਲਾ ਦਿੱਤੀ ਗਈ ਅਤੇ ਟਰੈਕਟਰਾਂ ਨਾਲ ਡੇਰੇ ਦੀ ਭੰਨਤੋੜ ਕੀਤੀ ਗਈ, ਜਿਸ 'ਚ ਰਾਮਾਇਣ, ਗੀਤਾ ਸਮੇਤ ਕਈ ਧਾਰਮਿਕ ਪੁਸਤਕਾਂ ਸੜ ਕੇ ਸੁਆਹ ਹੋ ਗਈਆਂ। ਇਸ ਘਟਨਾ 'ਚ ਬਾਬਾ ਸ਼੍ਰੀਚੰਦ ਜੀ ਮਹਾਰਾਜ ਦੀ ਮੂਰਤੀ ਸਣੇ ਕਈ ਮੂਰਤੀਆਂ ਦੀ ਭੰਨਤੋੜ ਵੀ ਕੀਤੀ ਗਈ ਅਤੇ ਡੇਰਾ ਮੁਖੀ ਸੰਤ ਗੋਬਿੰਦ ਦਾਸ ਨੂੰ ਕੁੱਟ-ਮਾਰ ਕਰ ਕੇ ਅਗਵਾ ਕਰ ਲਿਆ ਗਿਆ। ਸੰਤਾਂ ਦੇ ਸੇਵਕ ਰਾਮ ਸਿੰਘ ਨੇ ਦੱਸਿਆ ਕਿ ਲਗਭਗ ਢਾਈ ਸਾਲ ਪਹਿਲਾਂ ਮੰਡੀ ਕਲਾਂ ਦੇ ਸਾਧੂ ਸਿੰਘ ਤੇ ਉਸ ਦੇ ਪੁੱਤਰ ਸੁਖਚੈਨ ਸਿੰਘ ਨੇ ਇਨ੍ਹਾਂ ਸੰਤਾਂ ਨੂੰ ਆਪਣੀ ਜ਼ਮੀਨ 'ਚੋਂ 1 ਕਨਾਲ ਜ਼ਮੀਨ ਦੇ ਕੇ ਇਥੇ ਸ਼੍ਰੀ ਸ਼੍ਰੀ 108 ਡੇਰਾ ਬਾਬਾ ਸ਼੍ਰੀਚੰਦ ਭੋਰੇ ਵਾਲਾ ਬਣਵਾਇਆ ਸੀ ਪਰ ਹੁਣ ਕਿਸੇ ਕਾਰਨ ਸੁਖਚੈਨ ਸਿੰਘ ਆਪਣੀ ਜ਼ਮੀਨ ਵਾਪਸ ਚਾਹੁੰਦਾ ਸੀ, ਜਿਸ ਕਾਰਨ ਉਨ੍ਹਾਂ ਕੁਝ ਨਿਹੰਗ ਬਾਣੇ ਵਾਲੇ ਵਿਅਕਤੀਆਂ ਤੇ ਆਪਣੇ ਰਿਸ਼ਤੇਦਾਰਾਂ ਰਾਹੀਂ ਡੇਰੇ ਨੂੰ ਅੱਗ ਲਗਵਾ ਦਿੱਤੀ। ਅੱਗ ਲਾਉਣ ਤੋਂ ਕੁਝ ਘੰਟਿਆਂ ਬਾਅਦ ਜਦ ਉਕਤ ਵਿਅਕਤੀ ਜ਼ਮੀਨ 'ਤੇ ਕਬਜ਼ਾ ਲੈਣ ਲਈ ਆਏ ਤਾਂ ਨਗਰ ਵਾਸੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਥਾਣਾ ਬਾਲਿਆਂਵਾਲੀ ਦੀ ਪੁਲਸ ਬੁਲਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ।
ਇਸ ਮੌਕੇ ਬੂਟਾ ਸਿੰਘ, ਸ਼ਿੰਦਰਾ ਸਿੰਘ ਅਤੇ ਵੱਡੀ ਗਿਣਤੀ 'ਚ ਇਕੱਠੇ ਹੋਏ ਨਗਰ ਵਾਸੀਆਂ ਤੇ ਸੰਤਾਂ ਦੇ ਸੇਵਕਾਂ ਨੇ ਡੇਰੇ ਨੂੰ ਨੁਕਸਾਨ ਪਹੁੰਚਾਉਣ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਲਈ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਨੇ ਐੱਸ. ਐੱਚ. ਓ.
ਇਸ ਮਾਮਲੇ ਸਬੰਧੀ ਜਦ ਥਾਣਾ ਬਾਲਿਆਂਵਾਲੀ ਦੇ ਐੱਸ. ਐੱਚ. ਓ. ਸ਼ਿਵ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਸੰਤ ਦਾ ਕੁਝ ਪਤਾ ਨਹੀਂ ਲੱਗਾ ਸੀ ਤੇ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਸੀ।
