ਪਾਣੀ ਦੀ ਟੈਂਕੀ ''ਤੇ ਡਟੀ ਗੁਰਜੀਤ ਕੌਰ ਦੀ ਵਿਗੜੀ ਤਬੀਅਤ, ਨਿਹੰਗ ਸਿੰਘ ਜਥੇਬੰਦੀਆਂ ਨੇ ਅਫ਼ਸਰਾਂ ਨੂੰ ਦਿੱਤੀ ਚੇਤਾਵਨੀ

Thursday, Apr 09, 2026 - 12:56 PM (IST)

ਪਾਣੀ ਦੀ ਟੈਂਕੀ ''ਤੇ ਡਟੀ ਗੁਰਜੀਤ ਕੌਰ ਦੀ ਵਿਗੜੀ ਤਬੀਅਤ, ਨਿਹੰਗ ਸਿੰਘ ਜਥੇਬੰਦੀਆਂ ਨੇ ਅਫ਼ਸਰਾਂ ਨੂੰ ਦਿੱਤੀ ਚੇਤਾਵਨੀ

ਬਰਨਾਲਾ (ਪੁਨੀਤ,ਵਿਵੇਕ ਸਿੰਧਵਾਨੀ, ਰਵੀ)– ਪਿੰਡ ਰੂੜੇਕੇ ਕਲਾਂ ਵਿਚ ਇਕ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਆਪਣੇ ਹੱਕਾਂ ਲਈ ਲੜ ਰਹੀਆਂ ਗੁਰਸਿੱਖ ਮਾਂ-ਧੀ ਨੂੰ ਪਾਣੀ ਦੀ ਟੈਂਕੀ ’ਤੇ ਚੜ੍ਹਿਆਂ ਅੱਜ ਛੇਵਾਂ ਦਿਨ ਹੋ ਗਿਆ ਹੈ। ਹੱਥ ’ਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ’ਤੇ ਬੈਠੀ ਪੀੜਤ ਗੁਰਜੀਤ ਕੌਰ ਦੀ ਸਿਹਤ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਅਚਾਨਕ ਵਿਗੜ ਗਈ ਹੈ। ਹਾਲਤ ਇੰਨੀ ਗੰਭੀਰ ਹੈ ਕਿ ਡਾਕਟਰਾਂ ਦੀ ਟੀਮ ਨੂੰ ਪਾਣੀ ਦੀ ਟੈਂਕੀ ਦੇ ਉੱਪਰ ਹੀ ਜਾ ਕੇ ਇਲਾਜ ਸ਼ੁਰੂ ਕਰਨਾ ਪਿਆ।

ਪਤੀ ’ਤੇ ਲੱਗੇ ਗੰਭੀਰ ਇਲਜ਼ਾਮ 

ਪੀੜਤ ਗੁਰਜੀਤ ਕੌਰ ਨੇ ਬੇਹੱਦ ਕਮਜ਼ੋਰ ਆਵਾਜ਼ ’ਚ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਅਤੇ ਉਸ ਦੇ ਦੋਵਾਂ ਬੱਚਿਆਂ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਸਨ, ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਗੁਰਜੀਤ ਕੌਰ ਦੀ ਕੁੱਖੋਂ ਦੋ ਬੱਚਿਆਂ ਨੇ ਜਨਮ ਲਿਆ ਪਰ ਪਤੀ ਹੁਣ ਬੱਚਿਆਂ ਦਾ ਹੱਕ ਮਾਰ ਕੇ ਸਾਰੀ ਜਾਇਦਾਦ ਆਪਣੇ ਰਿਸ਼ਤੇਦਾਰਾਂ ਨੂੰ ਲੁਟਾ ਰਿਹਾ ਹੈ। ਪੀੜਤ ਔਰਤ ਮੁਤਾਬਕ, ਪਰਿਵਾਰ ਕੋਲ 28 ਕਿੱਲੇ ਜ਼ਮੀਨ ਹੈ ਪਰ ਇਸ ਦੇ ਬਾਵਜੂਦ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਮਜ਼ਦੂਰੀ ਕਰਨ ਨੂੰ ਮਜਬੂਰ ਹੈ।

ਗੁਰਜੀਤ ਕੌਰ ਦੀ 18 ਸਾਲਾ ਧੀ ਮਨਵੀਰ ਕੌਰ ਨੇ ਵੀ ਪ੍ਰਸ਼ਾਸਨ ’ਤੇ ਵਰ੍ਹਦਿਆਂ ਕਿਹਾ ਕਿ ਅਜਿਹੀ ਜਾਇਦਾਦ ਦਾ ਕੀ ਫਾਇਦਾ ਜੋ ਬੱਚਿਆਂ ਦੇ ਕੰਮ ਹੀ ਨਾ ਆਵੇ। ਉਸ ਨੇ ਆਪਣੀ ਮਾਂ ਦੀ ਵਿਗੜਦੀ ਹਾਲਤ ਲਈ ਆਪਣੇ ਪਿਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

SGPC ਤੇ ਜਥੇਦਾਰ ਸਾਹਿਬ ਨੂੰ ਦਖ਼ਲ ਦੇਣ ਦੀ ਅਪੀਲ

ਮਾਂ-ਧੀ ਨੇ ਭਰੇ ਮਨ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਹੈ ਕਿ ਉਹ ਇਕ ਗੁਰਸਿੱਖ ਪਰਿਵਾਰ ਨਾਲ ਹੋ ਰਹੀ ਇਸ ਬੇਇਨਸਾਫ਼ੀ ਦਾ ਨੋਟਿਸ ਲੈਣ ਅਤੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੀ ਸਾਰ ਲੈਣ।

ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ

ਇਸ ਸੰਘਰਸ਼ ਨੂੰ ਦਸਮੇਸ਼ ਤਰਨਾ ਦਲ, ਬੁੱਢਾ ਦਲ (96 ਕਰੋੜੀ) ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਦਸਮੇਸ਼ ਤਰਨਾ ਦਲ ਦੇ ਜਥੇਦਾਰ ਨਰਦੇਵ ਸਿੰਘ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵਿਸਾਖੀ ਤੱਕ ਮਾਂ-ਧੀ ਨੂੰ ਇਨਸਾਫ ਨਾ ਮਿਲਿਆ, ਤਾਂ ਸਮੂਹ ਜਥੇਬੰਦੀਆਂ ਤਿੱਖਾ ਸੰਘਰਸ਼ ਸ਼ੁਰੂ ਕਰਨਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਹੰਗ ਸਿੰਘ ਆਪਣੇ ਘੋੜੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਅਤੇ ਘਰਾਂ ਦੇ ਬਾਹਰ ਬੰਨ੍ਹਣਗੇ ਅਤੇ ਉਦੋਂ ਤੱਕ ਨਹੀਂ ਹਟਣਗੇ ਜਦੋਂ ਤੱਕ ਮਾਂ-ਧੀ ਨੂੰ ਬਣਦਾ ਹੱਕ ਨਹੀਂ ਮਿਲਦਾ।

ਪੀੜਤ ਪੱਖ ਦਾ ਕਹਿਣਾ ਹੈ ਕਿ ਮਹਿਲਾ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਸੱਦਿਆ ਤਾਂ ਗਿਆ ਸੀ ਪਰ ਕੋਈ ਠੋਸ ਹੱਲ ਨਹੀਂ ਨਿਕਲਿਆ। ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਟੈਂਕੀ ਤੋਂ ਉਤਾਰਨ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਇਨਸਾਫ ਦਿਵਾਉਣ ਵਿਚ ਦੇਰੀ ਹੋ ਰਹੀ ਹੈ। ਇਸ ਮੌਕੇ ਜਥੇਦਾਰ ਸਾਹਿਬ ਸਿੰਘ, ਮੁਖਤਿਆਰ ਸਿੰਘ ਖਾਲਸਾ (ਹਰਿਆਣਾ), ਸੁਖਦੀਪ ਸਿੰਘ, ਪ੍ਰੀਤਮ ਸਿੰਘ, ਦਰਸ਼ਨ ਸਿੰਘ, ਬੂਟਾ ਸਿੰਘ ਅਤੇ ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ’ਚ ਸਿੰਘ ਫੌਜਾਂ ਹਾਜ਼ਰ ਸਨ।


author

Anmol Tagra

Content Editor

Related News