ਖੰਨਾ ਦੀ ਅਨਾਜ ਮੰਡੀ ''ਚ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ, ਮਚੀ ਹਫੜਾ-ਦਫੜੀ

Saturday, Apr 18, 2026 - 04:50 PM (IST)

ਖੰਨਾ ਦੀ ਅਨਾਜ ਮੰਡੀ ''ਚ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ, ਮਚੀ ਹਫੜਾ-ਦਫੜੀ

ਖੰਨਾ (ਵਿਪਨ) : ਖੰਨਾ ਦੀ ਰਾਹੌਣ ਅਨਾਜ ਮੰਡੀ 'ਚ ਅੱਜ ਅਚਾਨਕ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਮੰਡੀ 'ਚ ਇਸ ਸਮੇਂ ਵੱਡੀ ਮਾਤਰਾ 'ਚ ਫ਼ਸਲ ਪਈ ਹੈ, ਜਿਸ ਕਰਕੇ ਅੱਗ ਫੈਲਣ ਦਾ ਖ਼ਤਰਾ ਹੋਰ ਵੀ ਵੱਧ ਗਿਆ ਸੀ। ਘਟਨਾ ਤੋਂ ਬਾਅਦ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ ਗਈ। ਸਮੇਂ ਸਿਰ ਸਭ ਦੇ ਯਤਨਾਂ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਕਰਨਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੀ ਆੜ੍ਹਤ ਦੀ ਦੁਕਾਨ ਦੀ ਦੇਖ-ਭਾਲ ਕਰਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਅਚਾਨਕ ਫੜ੍ਹ 'ਚ ਪਈਆਂ ਬੋਰੀਆਂ ਨੂੰ ਅੱਗ ਲੱਗ ਗਈ ਸੀ, ਜਿਸ ਨੂੰ ਮੌਕੇ ‘ਤੇ ਮੌਜੂਦ ਮਜ਼ਦੂਰਾਂ ਨੇ ਤੁਰੰਤ ਬੁਝਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉੱਥੇ ਕਰੀਬ 25 ਤੋਂ 30 ਹਜ਼ਾਰ ਕਣਕ ਦੀਆਂ ਬੋਰੀਆਂ ਪਈਆਂ ਹਨ, ਜਿਨ੍ਹਾਂ ਵਿੱਚੋਂ ਲਗਭਗ ਇੱਕ ਹਜ਼ਾਰ ਬੋਰੀਆਂ ਅੱਗ ਦੀ ਚਪੇਟ 'ਚ ਆਈਆਂ। ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉੱਥੇ ਹੀ ਫਾਇਰ ਬ੍ਰਿਗੇਡ ਕਰਮੀ ਨੰਨੂ ਸ਼ਰਮਾ ਨੇ ਦੱਸਿਆ ਕਿ ਖ਼ਦਸ਼ਾ ਹੈ ਕਿ ਬੋਰੀਆਂ ‘ਤੇ ਕਿਸੇ ਕੈਮੀਕਲ ਦਾ ਅਸਰ ਹੋ ਸਕਦਾ ਹੈ, ਜਿਸ ਕਰਕੇ ਤੇਜ਼ ਧੁੱਪ 'ਚ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ‘ਤੇ ਲੱਗੀ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਗਿਆ ਹੈ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।
 


author

Babita

Content Editor

Related News