ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਸੁਣਨ ਉਪਰੰਤ ਵਿਅਕਤੀ ਨੇ ਲਾਈ ਸਰੋਵਰ 'ਚ ਛਲਾਂਗ
Friday, Apr 17, 2026 - 07:31 PM (IST)
ਤਰਨਤਾਰਨ (ਰਮਨ)-ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਅੱਜ ਦੁਪਹਿਰ ਇਕ ਵਿਅਕਤੀ ਵੱਲੋਂ ਦੀਵਾਨ ਹਾਲ ਵਿਚ ਕੀਰਤਨ ਸੁਣਨ ਉਪਰੰਤ ਅਚਾਨਕ ਸਰੋਵਰ ਵਿਚ ਛਲਾਂਗ ਲਗਾ ਦਿੱਤੀ ਗਈ। ਇਸ ਦੌਰਾਨ ਕਾਫੀ ਲੰਮੇਂ ਸਮੇਂ ਬਾਅਦ ਗੋਤਾਖੋਰ ਨੂੰ ਬੁਲਾਇਆ ਗਿਆ, ਜੋ ਖਬਰ ਲਿਖੀ ਜਾਣ ਤੱਕ ਸਬੰਧਤ ਡੁੱਬੇ ਹੋਏ ਵਿਅਕਤੀ ਦੀ ਭਾਲ ਵਿਚ ਲੱਗੇ ਰਹੇ ਪ੍ਰੰਤੂ ਉਨ੍ਹਾਂ ਨੂੰ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਹੋਈ। ਜ਼ਿਕਰਯੋਗ ਹੈ ਕਿ ਮੱਸਿਆ ਦੇ ਦਿਹਾੜੇ ਮੌਕੇ ਜਿੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵੱਡੀ ਗਿਣਤੀ ਵਿਚ ਜਗ੍ਹਾ-ਜਗ੍ਹਾ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਧਿਆਨ ਰੱਖਣ ਲਈ ਵੱਡੀ ਗਿਣਤੀ ਵਿਚ ਸੇਵਾਦਾਰਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ, ਉਥੇ ਹੀ ਇਸ ਘਟਨਾ ਦੇ ਵਾਪਰਨ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕਾਂ ਉਪਰ ਵੱਡੇ ਸਵਾਲ ਖੜ੍ਹੇ ਹੋਣ ਲੱਗ ਪਏ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਵਿਸਾਖ ਮਹੀਨੇ ਦੀ ਮੱਸਿਆ ਨੂੰ ਲੈ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਦੂਰ-ਦੁਰਾਡੇ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰੀ ਭਰਨ ਲਈ ਪੁੱਜੀਆਂ ਸਨ, ਜਿੱਥੇ ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਇਕ ਵਿਅਕਤੀ ਵੱਲੋਂ ਅਚਾਨਕ ਸਰੋਵਰ ਵਿਚ ਛਲਾਂਗ ਲਗਾ ਦਿੱਤੀ ਗਈ। ਆਸ-ਪਾਸ ਸਰੋਵਰ ਵਿਚ ਇਸ਼ਨਾਨ ਕਰ ਰਹੇ ਸ਼ਰਧਾਲੂਆਂ ਵੱਲੋਂ ਸਬੰਧਤ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੇ ਜਾਣ ਦਾ ਪਤਾ ਲੱਗਾ ਹੈ ਪ੍ਰੰਤੂ ਉਹ ਸਫਲ ਨਹੀਂ ਹੋਏ। ਲੋਕਾਂ ਦੇ ਦੱਸਣ ਅਨੁਸਾਰ ਗੁਰਦੁਆਰਾ ਮੰਜ਼ੀ ਸਾਹਿਬ ਦੇ ਨਜ਼ਦੀਕ ਮੌਜੂਦ ਦੀਵਾਨ ਹਾਲ ਵਿਚ ਚੱਲ ਰਹੇ ਨਿਰਵਿਘਨ ਕੀਰਤਨ ਸਮਾਗਮ ਵਿਚ ਹਾਜ਼ਰੀ ਭਰ ਰਹੇ ਸਬੰਧਤ ਵਿਅਕਤੀ ਵੱਲੋਂ ਪਹਿਲਾਂ ਕੀਰਤਨ ਸੁਣਿਆ ਗਿਆ ਅਤੇ ਬਾਅਦ ਵਿਚ ਉਸ ਵੱਲੋਂ ਅਚਾਨਕ ਸਰੋਵਰ ਵਿਚ ਛਲਾਂਗ ਲਗਾ ਦਿੱਤੀ ਗਈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੋਤਾਖੋਰਾਂ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਕਾਫੀ ਲੰਮੇਂ ਸਮੇਂ ਬਾਅਦ ਉਹ ਮੌਕੇ ’ਤੇ ਪੁੱਜੇ ਅਤੇ ਸਬੰਧਤ ਵਿਅਕਤੀ ਦੀ ਭਾਲ ਡੂੰਘੇ ਸਰੋਵਰ ਵਿਚ ਕਰਨੀ ਸ਼ੁਰੂ ਕਰ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਤਪਾਲ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ, ਜਿਸ ਦੀ ਹਾਲੇ ਤੱਕ ਕੋਈ ਵੀ ਪਹਿਚਾਣ ਨਹੀਂ ਹੋ ਪਾਈ ਹੈ ਵੱਲੋਂ ਅਚਾਨਕ ਸਰੋਵਰ ਵਿਚ ਛਲਾਂਗ ਲਗਾ ਦਿੱਤੀ ਗਈ, ਜਿਸ ਨੇ ਛਲਾਂਗ ਲਗਾਉਣ ਉਪਰੰਤ ਸਰੋਵਰ ਵਿਚ ਮੌਜੂਦ ਪੌੜ ਸਾਹਿਬ ਤੋਂ ਅੱਗੇ ਲੱਗੀ ਗਰਿਲ ਨੂੰ ਵੀ ਪਾਰ ਕਰ ਲਿਆ। ਜਿਸ ਤੋਂ ਬਾਅਦ ਉਸਦਾ ਕੁਝ ਵੀ ਅਤਾ-ਪਤਾ ਨਹੀਂ ਲੱਗ ਪਾਇਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਗੋਤਾਖੋਰਾਂ ਦੀ ਟੀਮ ਪੁੱਜ ਚੁੱਕੀ ਹੈ, ਜਿਨ੍ਹਾਂ ਵੱਲੋਂ ਸਬੰਧਤ ਵਿਅਕਤੀ ਦੇ ਸਰੀਰ ਦੀ ਭਾਲ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਸਬੰਧਤ ਵਿਅਕਤੀ ਬਾਰੇ ਕੋਈ ਵੀ ਪਹਿਚਾਣ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਉਸ ਦੀ ਕੋਈ ਭਾਲ ਗੋਤਾਖਰਾਂ ਨੂੰ ਕਰਨ ਵਿਚ ਸਫਲਤਾ ਪ੍ਰਾਪਤ ਹੋਈ।
ਪ੍ਰਬੰਧਕਾਂ 'ਤੇ ਉੱਠ ਰਹੇ ਸਵਾਲ
ਸ੍ਰੀ ਤਰਨਤਾਰਨ ਸਾਹਿਬ ਵਿਖੇ ਮੌਜੂਦ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਏਸ਼ੀਆ ਦੇ ਸਭ ਤੋਂ ਵੱਡੇ ਮੰਨੇ ਜਾਣ ਵਾਲੇ ਸਰੋਵਰ ਵਿਚ ਅੱਜ ਇਕ ਵਿਅਕਤੀ ਵੱਲੋਂ ਛਲਾਂਗ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਰਧਾਲੂਆਂ ਵੱਲੋਂ ਪ੍ਰਬੰਧਕਾਂ ਖਿਲਾਫ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਸ਼ਰਧਾਲੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰ ਮੱਸਿਆ ਮੌਕੇ ’ਤੇ ਪੰਜਾਬ ਭਰ ਤੋਂ ਸੰਗਤ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨ ਪੁੱਜਦੀ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੰਗਤ ਸਰੋਵਰ ਵਿਚ ਇਸ਼ਨਾਨ ਕਰਦੀ ਵੇਖੀ ਜਾ ਸਕਦੀ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਹਰ ਮੱਸਿਆ ਅਤੇ ਚੌਦੇ ਦੇ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਸੇਵਾਦਾਰਾਂ ਨੂੰ ਜਗ੍ਹਾ-ਜਗ੍ਹਾ ਉਪਰ ਇਸ ਲਈ ਤਾਇਨਾਤ ਕਰਨ ਦੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਕਿ ਉਹ ਕਿਸੇ ਵੀ ਵਿਅਕਤੀ ਨੂੰ ਗਲਤ ਹਰਕਤ ਕਰਨ ਵਿਚ ਕਾਮਯਾਬ ਨਾ ਹੋਣ ਦੇਣ ਅਤੇ ਨਾ ਹੀ ਕੋਈ ਸ਼ਰਧਾਲੂ ਧਾਰਮਿਕ ਮਰਿਆਦਾ ਦੀ ਉਲੰਘਣਾ ਕਰ ਸਕੇ ਪ੍ਰੰਤੂ ਸਬੰਧਤ ਵਿਅਕਤੀ, ਜਿਸ ਦੀ ਹਾਲੇ ਤੱਕ ਕੋਈ ਵੀ ਪਹਿਚਾਣ ਨਹੀਂ ਹੋ ਪਾਈ ਹੈ, ਵੱਲੋਂ ਸਰੋਵਰ ਵਿਚ ਛਲਾਂਗ ਲਗਾਉਣ ਦੇ ਲਏ ਗਏ ਖੌਫਨਾਕ ਫੈਸਲੇ ਤੋਂ ਬਾਅਦ ਉਸ ਦੀ ਤੁਰੰਤ ਮਦਦ ਕਿਉਂ ਨਹੀਂ ਕੀਤੀ ਗਈ। ਪਰਿਕਰਮਾ ਦੇ ਚਾਰੇ ਪਾਸੇ ਵੱਡੀ ਗਿਣਤੀ ਵਿਚ ਲਗਾਏ ਗਏ ਸੇਵਾਦਾਰ ਕਿਸ ਕੰਮ ਲਈ ਰੱਖੇ ਜਾਂਦੇ ਹਨ ਅਤੇ ਗੋਤਾਖੋਰਾਂ ਨੂੰ ਮੌਕੇ ’ਤੇ ਕਿਉਂ ਨਹੀਂ ਤਾਇਨਾਤ ਕੀਤਾ ਗਿਆ ਹੈ। ਇਹ ਸਭ ਸਵਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਪਰ ਸੰਗਤ ਵੱਲੋਂ ਚੁੱਕੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
