ਬਠਿੰਡਾ ''ਚ 3 ਵੱਡੀਆਂ ਘਟਨਾਵਾਂ: ਬੰਦੂਕ ਸਾਫ ਕਰਦੇ ਸਮੇਂ ਮੌਤ, ਵਿਧਾਇਕ ਜੇਲ੍ਹ ਸ਼ਿਫਟ, ਨੌਜਵਾਨ ਨੇ ਝੀਲ ''ਚ ਲਾਈ ਛਾਲ
Thursday, Apr 09, 2026 - 09:11 PM (IST)
ਬਠਿੰਡਾ, ਵਿਜੇ ਵਰਮਾ: ਸ਼ਹਿਰ ਵਿੱਚ ਪਿਛਲੇ ਦਿਨਾਂ ਦੌਰਾਨ ਤਿੰਨ ਵੱਖ-ਵੱਖ ਘਟਨਾਵਾਂ ਨੇ ਸਨਸਨੀ ਫੈਲਾ ਦਿੱਤੀ। ਜਿੱਥੇ ਇੱਕ ਪਾਸੇ ਬੰਦੂਕ ਸਾਫ ਕਰਦੇ ਸਮੇਂ ਚੱਲੀ ਗੋਲੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਕੜੀ ਸੁਰੱਖਿਆ ਹੇਠ ਬਠਿੰਡਾ ਜੇਲ੍ਹ ਸ਼ਿਫਟ ਕੀਤਾ ਗਿਆ। ਇਸੇ ਦੌਰਾਨ ਇੱਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਝੀਲ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਬੰਦੂਕ ਸਾਫ ਕਰਦੇ ਸਮੇਂ ਚੱਲੀ ਗੋਲੀ, ਮੌਕੇ ‘ਤੇ ਮੌਤ
ਅਜੀਤ ਰੋਡ ਇਲਾਕੇ ਵਿੱਚ ਮੰਗਲਵਾਰ ਦੇਰ ਸ਼ਾਮ ਇੱਕ ਦਰਦਨਾਕ ਹਾਦਸੇ ਵਿੱਚ 56 ਸਾਲਾ ਜੋਰਾਵਰ ਸਿੰਘ ਉਰਫ ਹੈੱਪੀ ਗਿੱਲ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਹ ਆਪਣੇ ਘਰ ਵਿੱਚ ਲਾਇਸੈਂਸੀ 12 ਬੋਰ ਦੋ ਨਾਲੀ ਬੰਦੂਕ ਦੀ ਸਫਾਈ ਕਰ ਰਹੇ ਸਨ, ਜਦੋਂ ਅਚਾਨਕ ਗੋਲੀ ਚੱਲ ਗਈ। ਬਹੁਤ ਨੇੜੇ ਤੋਂ ਚੱਲੀ ਗੋਲੀ ਨਾਲ ਉਨ੍ਹਾਂ ਦੇ ਚਿਹਰੇ ਅਤੇ ਸਿਰ ਨੂੰ ਗੰਭੀਰ ਨੁਕਸਾਨ ਪਹੁੰਚਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਇਨੀ ਭਿਆਨਕ ਸੀ ਕਿ ਕਮਰੇ ਦੀ ਛੱਤ ਤੱਕ ਖੂਨ ਦੇ ਨਿਸ਼ਾਨ ਮਿਲੇ। ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨਜ਼ ਪੁਲਿਸ ਅਤੇ ਸਹਾਰਾ ਜਨ ਸੇਵਾ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਬੰਦੂਕ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ। ਜਾਂਚ ਵਿੱਚ ਇਸਨੂੰ ਹਾਦਸਾ ਮੰਨਿਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ।
ਆਪ ਦੇ ਬਾਗੀ ਵਿਧਾਇਕ ਪਠਾਣਮਾਜਰਾ ਬਠਿੰਡਾ ਜੇਲ੍ਹ ਸ਼ਿਫਟ
ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀਆਂ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਦੇਰ ਰਾਤ ਪਟਿਆਲਾ ਜੇਲ੍ਹ ਤੋਂ ਬਠਿੰਡਾ ਸੈਂਟਰਲ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਫੈਸਲਾ ਲਿਆ ਗਿਆ। ਕੜੀ ਸੁਰੱਖਿਆ ਦੇ ਵਿਚਕਾਰ ਇਹ ਤਬਾਦਲਾ ਕੀਤਾ ਗਿਆ। ਬਠਿੰਡਾ ਦੀ ਕੇਂਦਰੀ ਜੇਲ੍ਹ ਨੂੰ ਹਾਈ-ਸਿਕਿਊਰਟੀ ਜੇਲ੍ਹ ਮੰਨਿਆ ਜਾਂਦਾ ਹੈ, ਜਿੱਥੇ ਪਹਿਲਾਂ ਹੀ ਕਈ ਗੈਂਗਸਟਰ ਬੰਦ ਹਨ। ਪੁਲਸ ਮੁਤਾਬਕ ਇਹ ਕਾਰਵਾਈ ਪੂਰੀ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕੀਤੀ ਗਈ ਹੈ।
ਝੀਲ ਵਿੱਚ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਵੀਰਵਾਰ ਨੂੰ ਝੀਲ ਨੰਬਰ-1 ਵਿੱਚ 24 ਸਾਲਾ ਈ-ਰਿਕਸ਼ਾ ਚਾਲਕ ਗੁਰਵਿੰਦਰ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਕੇ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਬਾਹਰ ਕੱਢਿਆ ਗਿਆ। ਗੰਭੀਰ ਹਾਲਤ ਵਿੱਚ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਜਾਰੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਘਰੇਲੂ ਵਿਵਾਦ ਕਾਰਨ ਮਾਨਸਿਕ ਤਣਾਅ ਵਿੱਚ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਤਿੰਨਾਂ ਘਟਨਾਵਾਂ ਨਾਲ ਸ਼ਹਿਰ ਵਿੱਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪੁਲਸ ਵੱਲੋਂ ਸਾਰੇ ਮਾਮਲਿਆਂ ਵਿੱਚ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
