ਗਿਰਝਾਂ ਨੂੰ ਬਚਾਉਣ ਲਈ ਹਿਮਾਚਲ ਵਿਚ ਖੁੱਲ੍ਹਿਆ ‘ਅਨੋਖਾ ਰੈਸਟੋਰੈਂਟ’

Wednesday, Mar 11, 2020 - 11:13 PM (IST)

ਜਲੰਧਰ (ਵੈੱਬ ਡੈਸਕ) ਮਰ ਰਹੀਆਂ ਗਿਰਝਾਂ ਨੂੰ ਬਚਾਉਣ ਲਈ ਹਿਮਾਚਲ ਪ੍ਰਦੇਸ਼ ਵਿਚ ਅਨੋਖੀ ਮਿਸਾਲ ਪੇਸ਼ ਕੀਤੀ ਗਈ ਹੈ। ਇੱਥੇ ਇੱਕ ਰੈਸਟੋਰੈਂਟ ਖੋਲ੍ਹਿਆ ਗਿਆ ਹੈ, ਜਿਸ ਨੂੰ ‘ਵਾਲਚਰ ਰੈਸਟੋਰੈਂਟ’ ਦਾ ਨਾਂ ਦਿੱਤਾ ਗਿਆ ਹੈ। ਇਸ ਰੈਸਟੋਰੈਂਟ ਵਿਚ ਲੋਕ ਆਪਣੇ ਮਰੇ ਜਾਨਵਰ ਨੂੰ ਲੈ ਕੇ ਆਉਂਦੇ ਹਨ ਤਾਂ ਕਿ ਗਿਰਝਾਂ ਉਨ੍ਹਾਂ ਨੂੰ ਆਪਣੀ ਖੁਰਾਕ ਬਣਾ ਸਕਣ। ਵਾਲਚਰ ਨਾਂ ਦਾ ਇਹ ਰੈਸਟੋਰੈਂਟ ਹਿਮਾਚਲ ਦੇ ਪੌਂਗਡੈਮ ਵੈਟਲੈਂਡ ਦੇ ਨੇੜੇ ਸੁਖਨਾਰਾ ਸਥਾਨ ’ਤੇ ਸ਼ੁਰੂ ਕੀਤਾ ਗਿਆ ਹੈ। ਜੰਗਲਾਤ ਵਿਭਾਗ ਦੇ ਵਾਈਲਡਲਾਈਫ ਵਿੰਗ ਵੱਲੋਂ ਖੋਲ੍ਹਿਆ ਗਿਆ ਇਹ ਰੈਸਟੋਰੈਂਟ 100 ਬਾਈ 100 ਵਰਗ ਮੀਟਰ ਏਰੀਏ ਵਿਚ ਹੈ। ਇਸ ਰੈਸਟੋਰੈਂਟ ਵਿਚ 7 ਮੀਟਰ ਉੱਚੀ ਜਾਲੀ ਵੀ ਲਾਈ ਗਈ ਹੈ ਤਾਂ ਕਿ ਇਸ ਅੰਦਰ ਕੋਈ ਹੋਰ ਜੰਗਲੀ ਜਾਨਵਰ ਦਾਖਲ ਨਾ ਹੋ ਸਕੇ।
ਅੰਕੜਿਆਂ ਅਨੁਸਾਰ ਸਾਲ 2004 ਵਿੱਚ ਪੌਂਗਡੈਮ ਦੇ 26 ਆਲ੍ਹਣਿਆਂ ਵਿਚ ਗਿਰਝਾਂ ਦੇ 23 ਛੋਟੇ ਬੱਚੇ ਸਨ, ਜਦਕਿ 2019 ਵਿੱਚ ਇਨ੍ਹਾਂ ਦੇ ਆਲ੍ਹਣਿਆਂ ਦੀ ਗਿਣਤੀ 387 ਅਤੇ ਬੱਚਿਆਂ ਦੀ ਗਿਣਤੀ 352 ਤੱਕ ਪੁੱਜ ਗਈ। ਇੱਥੇ ਦੁਨੀਆ ਦੀਆਂ 16 ਪ੍ਰਜਾਤੀਆਂ ਵਿਚੋਂ 8 ਪ੍ਰਜਾਤੀਆਂ ਮੌਜੂਦ ਹਨ। ਇਨ੍ਹਾਂ ਵਿਚ ਹਿਮਾਲਿਅਨ ਗ੍ਰੇਫੈਨ ਅਤੇ ਯੂਰਪੀਅਨ ਗ੍ਰੇਫੈਨ ਵੀ ਸ਼ਾਮਲ ਹਨ।
ਲੋਕਾਂ ਨੂੰ ਇਸ ਰੈਸਟੋਰੈਂਟ ਵਿੱਚ ਮਰੇ ਹੋਏ ਜਾਨਵਰਾਂ ਨੂੰ ਲਿਆਉਣ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਦਾ ਸਮਾਂ ਦਿੱਤਾ ਗਿਆ ਹੈ। ਜੰਗਲਾਤ ਵਿਭਾਗ ਦੇ ਵਾਈਲਡਲਾਈਫ ਵਿੰਗ ਦੇ ਅਨੁਸਾਰ ਸਾਲ 2004 ਤੋਂ ਹੀ ਗਿਰਝਾਂ ਨੂੰ  ਕੁਦਰਤੀ ਆਵਾਸ ਵਿੱਚ ਬਚਾਉਣ ਲਈ ਉਪਰਾਲੇ ਸ਼ੁਰੂ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਵਾਇਲਡਾਈਫ ਅਧਿਕਾਰੀ ਦੱਸਦੇ ਹਨ ਕਾਂਗੜਾ ਖੇਤਰ ਵਿਚ ਇਸ ਰੈਸਟੋਰੈਂਟ ਦੇ ਖੁਲ੍ਹਣ ਨਾਲ ਗਿਰਝਾਂ ਨੂੰ ਬਚਾਉਣ ਵਿਚ ਕਾਫੀ ਸਹਾਇਤਾ ਮਿਲੀ ਹੈ। ਇਸ ਦੇ ਨਾਲ-ਨਾਲ ਇਨ੍ਹਾਂ ਨੂੰ ਬਚਾਉਣ ਲੋਕਾਂ ਦਾ ਯੋਗਦਾਨ ਵੀ ਵਧਿਆ ਹੈ। ਇਸ ਤੋਂ ਇਲਾਵਾ ਖੋਜ ਕਰਨ ਵਾਲਿਆਂ ਲਈ ਵੀ ਇਸ ਨੂੰ ਨਜਦੀਕ ਤੋਂ ਦੇਖਣ ਅਤੇ ਸਿੱਖਣ ਦਾ ਚੰਗਾ ਮੌਕਾ ਹੈ।
ਗੌਰਤਲਬ ਹੈ ਕਿ ਸਭ ਤੋਂ ਪਹਿਲਾਂ ਇਸ ਤਰ੍ਹਾਂ ਦਾ ਰੈਸਟੋਰੈਂਟ ਸਾਊਥ ਅਫਰੀਕਾ ’ਚ 1966 ਵਿਚ ਖੁੱਲ੍ਹਿਆ ਸੀ। ਇਸ ਤੋਂ ਬਾਅਦ, ਕੰਬੋਡੀਆ, ਸਵਿਟਜ਼ਰਲੈਂਡ, ਸਪੇਨ, ਪੰਜਾਬ ਅਤੇ ਭਾਰਤ ਵਿਚ ਵੀ ਵਾਲਚਰ ਰੈਸਟੋਰੈਂਟ ਖੁੱਲ੍ਹ ਗਏ। ਦੋ ਦਹਾਕੇ ਪਹਿਲਾਂ ਏਸ਼ੀਆ ਮਹਾਦੀਪ ਵਿਚ ਗਿਰਝਾਂ ਦੀ ਗਿਣਤੀ ਬਹੁਤ ਤੇਜੀ ਨਾਲ ਘਟੀ ਸੀ। ਇਹ ਸਭ ਤੋਂ ਵੱਡਾ ਕਾਰਨ ਸੀ ਕਿ ਜਾਨਵਰਾਂ ਵਿਚ ਦਰਦ ਨਿਵਰਾਕ ਡਿਕਲੋਫਨੈਕ ਦਾ ਇਸਤੇਮਾਲ ਵੱਡੀ ਪੱਧਰ ’ਤੇ ਕੀਤਾ ਜਾਂਦਾ ਸੀ। ਇਸ ਦੇ ਨਾਲ-ਨਾਲ ਵੱਧਦਾ ਸ਼ਹਿਰੀਕਰਨ ਅਤੇ ਘੱਟਦੇ ਜੰਗਲ ਵੀ ਇਸਦਾ ਮੁੱਖ ਕਾਰਨ ਬਣੇ।
ਸੀਨੀਅਰ ਡਾਕਟਰਾਂ ਦਾ ਮੰਨਣਾ ਹੈ ਕਿ ਵਾਲਚਰ ਰੈਸਟੋਰੈਂਟਸ ਵਰਗੇ ਸਥਾਨ ਵਿਲੁਪਤ ਹੋ ਰਹੀਆਂ ਗਿਰਝਾਂ ਦੇ ਬਚਾਅ ਵਿਚ ਬਹੁਤ ਸਹਾਈ ਹੋਈਆਂ ਹਨ। ਲੋਕ ਇਹ ਮੰਨਦੇ ਹਨ ਕਿ ਮਾਦਾ ਗਿਰਝ ਸਾਰੇ ਸਾਲ ਵਿੱਚ ਸਿਰਫ ਇੱਕ ਹੀ ਆਂਡਾ ਦਿੰਦੀ ਹੈ। ਅੰਧਵਿਸ਼ਵਾਸਾਂ ਵਿਚ ਫਸੇ ਲੋਕ ਆਲ੍ਹਣਿਆਂ ਵਿਚੋਂ ਆਂਡੇ ਕੱਢ ਲੈਂਦੇ ਹਨ। ਡਾਕਟਰ ਦੱਸਦੇ ਹਨ ਕਿ ਗਿਰਝਾਂ ਅਤੇ ਉਨ੍ਹਾਂ ਦੇ ਆਂਡਿਆਂ ਨਾਲ ਜੁੜੇ ਇਹ ਸਾਰੇ ਵਹਿਮਾਂ-ਭਰਮਾਂ ਦਾ ਕੋਈ ਅਧਾਰ ਨਹੀਂ ਹੈ।


jasbir singh

News Editor

Related News