ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਟਾਂਡਾ ''ਚ ਕਿਸਾਨਾਂ ਨੇ ਵਿਖਾਈਆਂ ਕਾਲੀਆਂ ਝੰਡੀਆਂ
Sunday, Nov 29, 2020 - 06:08 PM (IST)
ਟਾਂਡਾ ਉੜਮੜ (ਵਰਿੰਦਰ ਪੰਡਿਤ) : ਬੀਤੇ ਦਿਨੀਂ ਟਾਂਡਾ ਵਿਚ ਹਮਲੇ ਦਾ ਸ਼ਿਕਾਰ ਹੋਏ ਰਾਸ਼ਟਰੀ ਸਵੈ ਸੇਵਕ ਸੰਘ ਆਰ. ਐੱਸ. ਐੱਸ. ਦੇ ਵਰਕਰ ਦਾ ਹਾਲ ਪੁੱਛਣ ਟਾਂਡਾ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾਉਂਦੇ ਹੋਏ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਜਤਾਇਆ। ਕਿਸਾਨਾਂ ਦੀਆਂ ਦੋ ਟੀਮਾਂ ਨੇ ਜੀਵਨ ਪੈਲਸ ਅਹੀਆਪੁਰ ਅਤੇ ਸਰਕਾਰੀ ਹਸਪਤਾਲ ਚੌਂਕ ਵਿਚ ਸੋਮ ਪ੍ਰਕਾਸ਼ ਦੇ ਕਾਫਲੇ ਨੂੰ ਉਸ ਵੇਲੇ ਕਾਲੀਆ ਝੰਡੀਆਂ ਵਿਖਾਇਆ ਜਦੋਂ ਉਹ ਹਸਪਤਾਲ ਵਿਚ ਸੰਘ ਵਰਕਰ ਦਾ ਹਾਲ ਪੁੱਛਣ ਤੋਂ ਬਾਅਦ ਮੰਡਲ ਪ੍ਰਧਾਨ ਟਾਂਡਾ ਅਮਿਤ ਤਲਵਾੜ ਦੇ ਘਰ ਤੋਂ ਵਾਪਿਸ ਆ ਰਹੇ ਸਨ, ਹਾਲਾਕਿ ਇਸ ਦੌਰਾਨ ਸਪੈਸ਼ਲ ਡਿਊਟੀ 'ਤੇ ਆਏ ਡੀ.ਐੱਸ.ਪੀ. ਦਸੂਹਾ ਮੁਨੀਸ਼ ਕੁਮਾਰ ਅਤੇ ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
ਇਸਤੋਂ ਪਹਿਲਾਂ ਸਥਾਨਕ ਭਾਜਪਾ ਲੀਡਰਸ਼ਿਪ ਨਾਲ ਕੇਂਦਰੀ ਮੰਤਰੀ ਨੇ ਜ਼ਖਮੀ ਸੰਘ ਵਰਕਰ ਦਾ ਹਾਲ ਪੁੱਛਿਆ। ਬੀਤੇ ਦਿਨੀਂ ਸ੍ਰੀ ਮਹਾਦੇਵ ਮੰਦਰ ਵਿਚ ਚੱਲ ਰਹੇ ਸੰਘ ਦੇ ਪ੍ਰੋਗਰਾਮ ਵਿਚ ਦਾਖ਼ਲ ਹੋ ਕੇ ਕੁਝ ਲੋਕਾਂ ਨੇ ਸੰਘ ਵਰਕਰ ਰਣਜੀਤ ਸਿੰਘ 'ਤੇ ਜਾਨਲੇਵਾ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਸੀ।|ਜ਼ਖ਼ਮੀ ਦਾ ਹਾਲ ਪੁੱਛਣ ਤੋਂ ਬਾਅਦ ਮੌਕੇ 'ਤੇ ਮੌਜੂਦ ਪੁਲਸ ਅਧਿਕਾਰੀਆਂ ਕੋਲੋਂ ਦਰਜ ਮਾਮਲੇ ਅਤੇ ਭਵਿੱਖ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਾਣਕਾਰੀ ਹਾਸਲ ਕਰਨ ਉਪਰੰਤ ਸੋਮ ਪ੍ਰਕਾਸ਼ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ।