ਡਿਊਟੀ 'ਤੇ ਨਾ ਆਉਣ ਵਾਲੇ ਟੀਚਰ ਹੋਣਗੇ ਡਿਸਮਿਸ : ਸੋਨੀ
Monday, Nov 26, 2018 - 09:04 AM (IST)

ਜਲੰਧਰ, (ਧਵਨ)– ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਧਰਨਿਆਂ ’ਚ ਬੈਠਣ ਵਾਲੇ 60 ਤੋਂ ਵੱਧ ਯੂਨੀਅਨ ਨੇਤਾਵਾਂ ਨੂੰ ਸਰਕਾਰ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਕਿਉਂਕਿ ਉਕਤ ਯੂਨੀਅਨ ਨੇਤਾ ਸਰਕਾਰੀ ਸਕੂਲਾਂ ’ਚ ਪਿਛਲੇ ਇਕ ਮਹੀਨੇ ਤੋਂ ਡਿਊਟੀ ’ਤੇ ਹਾਜ਼ਰ ਨਹੀਂ ਹੋ ਰਹੇ। ਐਤਵਾਰ ਇਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ’ਚ ਸੁਧਾਰ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨੂੰ ਉਹ ਵਧੀਆ ਢੰਗ ਨਾਲ ਨਿਭਾ ਰਹੇ ਹਨ। ਉਹ ਸਿੱਖਿਆ ਦੇ ਪੱਧਰ ’ਚ ਸੁਧਾਰ ਕਰਕੇ ਹੀ ਸਾਹ ਲੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਸਕੂਲਾਂ ’ਚ ਅਧਿਆਪਕਾਂ ਨੂੰ ਜ਼ਿੰਮੇਵਾਰੀਆਂ ਨੂੰ ਵਧੀਆ ਢੰਗ ਨਾਲ ਨਿਭਾਉਣ ਤਾਂ ਜੋ ਵਿਦਿਆਰਥੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵੱਖ-ਵੱਖ ਮੁਕਾਬਲਿਆਂ ਦਾ ਸਾਹਮਣਾ ਕਰ ਸਕਣ।
ਸਿੱਖਿਆ ਮੰਤਰੀ ਨੇ ਕਿਹਾ ਕਿ 60 ਯੂਨੀਅਨ ਨੇਤਾਵਾਂ ਨੂੰ ਭੇਜੇ ਗਏ ਨੋਟਿਸਾਂ ’ਚ ਪਿਛਲੇ ਇਕ ਮਹੀਨੇ ਤੋਂ ਸਕੂਲਾਂ ’ਚ ਗੈਰ-ਹਾਜ਼ਰ ਰਹਿਣ ਦਾ ਕਾਰਨ ਪੁੱਛਿਆ ਗਿਆ ਹੈ। ਜੇ ਉਨ੍ਹਾਂ ਤਸੱਲੀਬਖਸ਼ ਢੰਗ ਨਾਲ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਜਾਵੇਗਾ। ਬੱਚਿਆਂ ਦੀ ਪੜ੍ਹਾਈ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜੇ ਯੂਨੀਅਨ ਨੇਤਾਵਾਂ ਨੂੰ ਧਰਨੇ ਦੇਣ ਦਾ ਵਧੇਰੇ ਸ਼ੌਕ ਹੈ ਤਾਂ ਉਹ ਸਿਆਸਤ ’ਚ ਆ ਜਾਣ।
ਸੋਨੀ ਨੇ ਕਿਹਾ ਕਿ ਪੰਜਾਬ ’ਚ ਪਿਛਲੇ ਕੁਝ ਮਹੀਨਿਆਂ ਦੀ ਸਖਤ ਮਿਹਨਤ ਪਿੱਛੋਂ ਸਿੱਖਿਆ ਦੇ ਪੱਧਰ ’ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਅਧਿਆਪਕ ਸਮੇਂ ਸਿਰ ਸਕੂਲਾਂ ’ਚ ਆ ਰਹੇ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਸੁਸਾਇਟੀਆਂ ਨਾਲ ਸੰਬੰਧਤ 4000 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾ ਚੁੱਕੇ ਹਨ। ਜਲਦੀ ਹੀ ਸਰਕਾਰ ਵਲੋਂ 4000 ਹੋਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।