ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਪੈਟਰੋਲ ਪਾ ਕੇ ਖੁਦ ਨੂੰ ਲਾਈ ਅੱਗ, ਮੌਤ

Sunday, Apr 22, 2018 - 03:37 AM (IST)

ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਪੈਟਰੋਲ ਪਾ ਕੇ ਖੁਦ ਨੂੰ ਲਾਈ ਅੱਗ, ਮੌਤ

ਹੁਸ਼ਿਆਰਪੁਰ, (ਜ. ਬ.)— ਮੁਹੱਲਾ ਪ੍ਰੇਮਗੜ੍ਹ ਵਿਚ ਸ਼ਨੀਵਾਰ ਸ਼ਾਮੀਂ 7 ਵਜੇ ਦੇ ਕਰੀਬ ਬੇਰੋਜ਼ਗਾਰੀ ਤੋਂ ਪ੍ਰੇਸ਼ਾਨ 22 ਸਾਲਾ ਕਰਨ ਪੁੱਤਰ ਹਰੀ ਸਿੰਘ ਨੇ ਘਰ ਦੀ ਛੱਤ 'ਤੇ ਚੜ੍ਹ ਕੇ ਖੁਦ 'ਤੇ ਪੈਟਰੋਲ ਪਾ ਕੇ ਅੱਗ ਲਾ ਕੇ ਆਤਮ-ਹੱਤਿਆ ਕਰ ਲਈ। ਘਟਨਾ ਸਮੇਂ ਘਰ ਵਿਚ ਸਿਰਫ ਕਰਨ ਦੀ ਭੈਣ ਗੁੱਡੂ ਸੀ।  ਪਿਤਾ ਸਬਜ਼ੀ ਦੀ ਰੇਹੜੀ ਲਾਉਣ ਲਈ ਬਾਜ਼ਾਰ ਵੱਲ ਗਿਆ ਹੋਇਆ ਸੀ ਅਤੇ ਮਾਂ ਕਿਸੇ ਨੂੰ ਮਿਲਣ ਗਈ ਹੋਈ ਸੀ। 
ਸ਼ਾਮੀਂ 7 ਵਜੇ ਦੇ ਕਰੀਬ 3 ਮੰਜ਼ਿਲਾ ਘਰ ਦੀ ਛੱਤ ਉੱਤੋਂ ਉੱਠਦੀਆਂ ਅੱਗ ਦੀਆਂ ਤੇਜ਼ ਲਪਟਾਂ ਦੇਖ ਕੇ  ਚੀਕ-ਚਿਹਾੜਾ ਸੁਣ ਕੇ ਮੁਹੱਲੇ ਦੇ ਲੋਕ ਦੌੜੇ-ਦੌੜੇ ਬਚਾਅ ਲਈ ਮੌਕੇ 'ਤੇ ਪਹੁੰਚੇ ਪਰ ਉਦੋਂ ਤੱਕ ਕਰਨ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਇੰਸਪੈਕਟਰ ਲੋਮੇਸ਼ ਸ਼ਰਮਾ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
2 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
ਮ੍ਰਿਤਕ ਕਰਨ ਦੇ ਪਿਤਾ ਹਰੀ ਸਿੰਘ ਤੇ ਮਾਂ ਮਹਿੰਦਰ ਨੇ ਰੋਂਦੇ ਹੋਏ ਦੱਸਿਆ ਕਿ ਕਰਨ ਪਿਛਲੇ ਕਾਫੀ ਸਮੇਂ ਤੋਂ ਆਪਣੀ ਬੇਰੋਜ਼ਗਾਰੀ ਨੂੰ ਲੈ ਕੇ ਪ੍ਰੇਸ਼ਾਨ ਸੀ। ਕਰੀਬ 10 ਦਿਨ ਪਹਿਲਾਂ ਹੀ ਉਸ ਦੀ ਵੱਡੀ ਭੈਣ ਮੋਨਿਕਾ ਦਾ ਵਿਆਹ ਹੋਇਆ ਸੀ। ਕੁਝ ਦਿਨ ਪਹਿਲਾਂ ਉਸ ਨੇ ਇਕ ਨਿੱਜੀ ਕੰਪਨੀ ਵਿਚ ਨੌਕਰੀ ਸ਼ੁਰੂ ਕੀਤੀ ਸੀ ਪਰ ਸਾਨੂੰ ਕੀ ਪਤਾ ਸੀ ਕਿ ਉਹ ਅੰਦਰੋਂ ਇੰਨਾ ਟੁੱਟ ਚੁੱਕਾ ਸੀ ਕਿ ਇਸ ਤਰ੍ਹਾਂ ਦਾ ਫੈਸਲਾ ਲੈ ਲਵੇਗਾ। ਪਰਿਵਾਰ ਅਨੁਸਾਰ ਸ਼ਾਮੀਂ 6 ਵਜੇ ਤੱਕ ਘਰ ਵਿਚ ਸਭ ਕੁਝ ਠੀਕ-ਠਾਕ ਸੀ। 
ਮੌਕੇ 'ਤੇ ਮੌਜੂਦ ਥਾਣਾ ਸਿਟੀ ਦੇ ਐੱਸ. ਐੱਚ. ਓ. ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਪਹੁੰਚ ਗਈ ਸੀ ਪਰ ਉਦੋਂ ਤੱਕ ਕਰਨ ਦੀ ਮੌਤ ਹੋ ਚੁੱਕੀ ਸੀ। ਲਾਸ਼  ਪੰਚਨਾਮੇ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਥਿਤ ਲਾਸ਼ ਘਰ ਵਿਚ ਪਹੁੰਚਾ ਦਿੱਤੀ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Related News