ਫਿਲਮਾਂ ''ਚ ਕਲਾ ਦੇ ਕੌਤਕ ਦਿਖਾ ਤੁਰ ਗਿਆ ਕਾਕਾ ਕੌਤਕੀ

Tuesday, Nov 30, 2021 - 02:40 AM (IST)

ਮਾਨਸਾ(ਮਨਜੀਤ)- ਮਾਨਸਾ ਦੀ ਧਰਤੀ ਗੀਤਕਾਰਾਂ, ਗਾਇਕਾਂ ਅਤੇ ਕਲਾਕਾਰਾਂ ਨਾਲ ਭਰੀ ਪਈ ਹੈ।  ਪਿਛਲੇ ਸਮੇਂ ਵਿੱਚ ਗਾਇਕ ਸਿੱਧੂ ਮੂਸੇ ਵਾਲਾ, ਕੋਰਆਲਾ ਮਾਨ ਅਤੇ ਆਰ. ਨੇਤ ਨੇ ਪ੍ਰਸਿੱਧੀ ਹਾਸਲ ਕਰਕੇ ਗਾਇਕੀ ਖੇਤਰ 'ਚ ਵੱਡੀਆਂ ਮੱਲਾਂ ਮਾਰੀਆਂ। ਉੱਥੇ ਹੀ ਰੰਗ ਮੰਚ ਅਤੇ ਫਿਲਮੀ ਪਰਦੇ ਤੇ ਮਾਨਸਾ ਦੇ ਵੀਰਇੰਦਰ ਸਿੰਘ ਉਰਫ ਕਾਕਾ ਕੌਤਕੀ ਨੇ ਵੀ ਆਪਣੀ ਵੱਡੀ ਹਾਜਰੀ ਲਵਾਈ ਹੈ।  ਪੰਜਾਬੀ ਫਿਲਮਾਂ ਨੂੰ ਕਮੇਡੀ ਅਤੇ ਹੋਰ ਕਿਰਦਾਰ ਦੇਣ ਵਾਲਾ ਕਾਕਾ ਕੌਤਕੀ ਪਿਛਲੇ ਦਿਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ।  ਉਹ ਪ੍ਰਸਿੱਧ ਨਾਟਕਕਾਰ ਪ੍ਰੌ. ਅਜਮੇਰ ਔਲਖ ਦੀ ਕਲਾ ਫੁੱਲਵਾੜੀ ਦਾ ਇੱਕ ਟਹਿਕਦਾ ਫੁੱਲ ਸੀ।  ਜਿਸ ਨੇ ਪੰਜਾਬੀ ਫਿਲਮੀ ਪਰਦੇ 'ਤੇ ਆਪਣੀ ਵੱਖਰੀ ਪਛਾਣ ਦਰਜ ਕਰਵਾਈ।  ਭਲਵਾਨਾਂ ਵਰਗਾ ਸਰੀਰ ਅਤੇ ਸਰੀਰ ਦੇ ਹਰ ਰੋਮ ਵਿੱਚ ਵਸੀ ਅਦਾਕਾਰੀ ਨੇ ਉਸ ਨੂੰ ਫਿਲਮੀ ਪਰਦੇ 'ਤੇ ਜੋ ਪਹਿਚਾਣ ਦਿੱਤੀ।  ਉਹ ਇਨ੍ਹੇ ਘੱਟ ਸਮੇਂ ਵਿੱਚ ਕਿਸੇ ਹੋਰ ਦੇ ਹਿੱਸੇ ਨਹੀਂ ਆਈ।  ਉਸ ਦੀ ਪ੍ਰਸਿੱਧੀ ਪਿੱਛੇ ਉਸ ਦੇ ਸਾਲਾਂ ਦੀ ਮਿਹਨਤ ਤਪੱਸਿਆ ਅਤੇ ਅਦਾਕਾਰੀ ਹੈ। ਮਾਨਸਾ ਵਿੱਚ ਉਸ ਨੇ ਪ੍ਰਸਿੱਧ ਰੰਗ ਕਰਮੀ ਮਾਤਾ ਰਜਿੰਦਰ ਕੌਰ ਦਾਨੀ ਦੀ ਕੁੱਖੋਂ ਜਨਮ ਲਿਆ।  ਜਦ ਕਾਕਾ ਕੌਤਕੀ 6 ਸਾਲਾਂ ਦਾ ਸੀ ਤਾਂ ਰਜਿੰਦਰ ਕੌਰ ਦਾਨੀ ਨੇ ਅਜਮੇਰ ਔਲਖ ਦੇ ਨਾਟਕਾਂ ਵਿੱਚ ਰੋਲ ਕਰਨੇ ਸ਼ੁਰੂ ਕੀਤੇ। ਜਿਸ ਤੋਂ ਕਾਕਾ ਕੌਤਕੀ ਨੇ ਵੀ ਬਚਪਨ ਵਿੱਚ ਹੀ ਅਦਾਕਾਰੀ ਸਿੱਖਣੀ ਸ਼ੁਰੂ ਕਰ ਦਿੱਤੀ।  ਉਸ ਦੇ ਰੋਮ-ਰੋਮ ਵਿੱਚ ਅਦਾਕਾਰੀ ਭਰੀ ਗਈ।  ਕਾਕਾ ਕੌਤਕੀ ਨੇ ਆਪਣੀ ਮੁੱਢਲੀ ਪੜ੍ਹਾਈ ਮਾਨਸਾ ਤੋਂ ਕਰਨ ਤੋਂ ਬਾਅਦ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ ਕੀਤੀ ਅਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਯਨ ਦੀ ਐੱਮ.ਏ ਪਾਸ ਕੀਤੀ। 
 ਰੰਗਮੰਚ ਵਿੱਚ ਵਿਚਰਦਿਆਂ ਹੀ ਉਸ ਨੇ ਕਲਾ ਦੀਆਂ ਬਰੀਕੀਆਂ ਸਿੱਖੀਆਂ ਅਤੇ ਨਿਪੁੰਨਤਾ ਹਾਸਲ ਕੀਤੀ ।  ਉਸ ਨੇ ਅਨੇਕਾਂ ਦੂਰ ਦਰਸ਼ਨ ਦੇ ਸੀਰੀਅਲਾਂ ਵਿੱਚ ਕੰਮ ਕੀਤਾ।  ਸਭ ਤੋ ਪਹਿਲਾਂ ਉਹ ਫਿਲਮੀ ਪਰਦੇ ਤੇ ਫਿਲਮ “ਕਬੱਡੀ – ਇੱਕ ਮੁਹੱਬਤ” ਨਾਲ ਸਾਹਮਣੇ ਆਇਆ।  ਇਸ ਤੋਂ ਬਾਅਦ ਉਸ ਨੇ “ਵਿਆਹ 70 ਕਿ:ਮੀ:”,  “ਪੁਲਸ ਇਨ ਪਾਲੀਵੁੱਡ” ਵਿੱਚ ਕੰਮ ਕੀਤਾ ।  ਬਾਅਦ ਵਿੱਚ ਉਸ ਨੇ ਫਿਲਮ “ਭੱਜੋ ਵੀਰੋ ਵੇ” “ਸੁਰਖੀ ਬਿੰਦੀ” , “ਨਿੱਕਾ ਜੈਲਦਾਰ – 3”,  “ਅੜਬ ਮੁਟਿਆਰਾਂ”, “ਖਤਰੇ ਦਾ ਘੁੱਗੂ”,  “ਸੁਪਨਾ”,  “ਕਿਸਮਤ -2” ,  “ਪੁਆੜਾ”  ਅਤੇ “ਗੁੱਡੀਆਂ ਪਟੋਲੇ” ਵਿੱਚ ਕਲਾ ਦੇ ਜੋਹਰ ਦਿਖਾਏ।   ਉਸ ਨੇ ਫਿਲਮ “ਟੈਲੀਵਿਯਨ” ,  “ਮਿਰਜੇ” ਵਿੱਚ ਵੀ ਕੰਮ ਕੀਤਾ ਅਤੇ ਕੁਝ ਫਿਲਮਾਂ ਦੀ ਕਹਾਣੀ ਵੀ ਲਿਖੀ।   ਫਿਲਮ ਬਣਾਉਣ ਦੀ ਇੱਛਾ ਉਹ ਮਨ ਵਿੱਚ ਹੀ ਲੈ ਕੇ ਤੁਰ ਗਿਆ।   ਕਾਕਾ ਕੌਤਕੀ ਦਾ ਅਸਲ ਨਾਮ ਵੀਰਇੰਦਰ ਸਿੰਘ ਸੀ,  ਜਿਸ ਨੇ ਫਿਲਮਾਂ ਵਿੱਚ ਅਨੇਕਾਂ ਕੌਤਕ ਦਿਖਾਏ, ਜਿਸ ਦੇ ਕੌਤਕਾਂ ਨੂੰ ਦੇਖਦਿਆਂ ਉਸ ਦਾ ਨਾਮ ਕਾਕਾ ਕੌਤਕੀ ਪੱਕ ਗਿਆ।  ਫਿਲਮਾਂ ਵਿੱਚ ਕੰਮ ਕਰਨ ਵੇਲੇ ਉਹ ਖਰੜ ਵਿੱਚ ਰਹਿ ਰਿਹਾ ਸੀ ਅਤੇ ਹੁਣ ਤੱਕ ਕੁਆਰਾ ਸੀ।  ਬੀਤੇ ਦਿਨੀ ਅਚਾਨਕ ਉਹ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।  ਪੰਜਾਬੀ ਫਿਲਮੀ ਜਗਤ ਵਿੱਚ ਕਾਕਾ ਕੌਤਕੀ ਦੇ ਕੌਤਕ, ਅਦਾਕਾਰੀ, ਕਰਤੱਵ ਹਮੇਸ਼ਾ ਯਾਦ ਕੀਤੇ ਜਾਣਗੇ ਅਤੇ ਦਰਸ਼ਕਾਂ ਦੇ ਮਨਾਂ ਤੋਂ ਕਾਕਾ ਕੌਤਕੀ ਦੀ ਛਾਪ ਕਦੇ ਨਹੀਂ ਹਟੇਗੀ।


Bharat Thapa

Content Editor

Related News