ਪਠਾਨਕੋਟ ''ਚ ਸ਼ੱਕੀ ਬੈਗ ਮਿਲਣ ਨਾਲ ਮਚਿਆ ਹੜਕੰਪ (ਵੀਡੀਓ)

05/29/2017 7:13:30 PM

ਪਠਾਨਕੋਟ— ਪੰਜਾਬ ਦੇ ਪਠਾਨਕੋਟ ''ਚ ਲਾਵਾਰਿਸ ਬੈਗ ਮਿਲਣ ਤੋਂ ਬਾਅਦ ਹੜਕੰਪ ਮਚਿਆ ਹੋਇਆ ਹੈ। ਬੀ. ਐੱਸ. ਐੱਫ ਹਾਈ ਅਲਰਟ ''ਤੇ ਹੈ ਅਤੇ ਸਰਚ ਮੁਹਿੰਮ ਚੱਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਦੇਰ ਰਾਤ ਮੈਮੂਨ ਮਿਲਟਰੀ ਸਟੇਸ਼ਨ ਦੇ ਕੋਲ ਗਸ਼ਤੀ ਦੌਰਾਨ ਇਹ ਬੈਗ ਮਿਲਿਆ। ਜਵਾਨਾਂ ਨੇ ਤੁਰੰਤ ਬੈਗ ਨੂੰ ਕਬਜ਼ੇ ''ਚ ਲੈ ਲਿਆ ਹੈ। ਬੈਗ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ''ਚ ਫੌਜ ਦੀਆਂ 3 ਵਰਦੀਆਂ ਸਨ। ਸ਼ੱਕੀ ਬੈਗ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ, ਜਿਸ ਦੇ ਚਲਦਿਆਂ ਮਾਮੂਨ ਕੈਂਟ ਆਰਮੀ ਏਰੀਆ ਦੇ ਕੋਲ ਪੁਲਸ ਸਵੈਤ ਟੀਮ ਅਤੇ ਸੈਨੀ ਦੇ ਜਵਾਨਾਂ ਵੱਲੋਂ ਜੁਆਇੰਟ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਇਲਾਕੇ ''ਚ ਗਸ਼ਤ ਵਧਾ ਦਿੱਤੀ ਗਈ ਹੈ। ਪੁਲਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਹਰ ਆਉਣ-ਜਾਣ ਵਾਲੇ ਨਜ਼ਰ ਰੱਖੀ ਜਾ ਰਹੀ ਹੈ। ਬੁਲੇਟ ਪਰੂਫ ਗੱਡੀ ਦੇ ਨਾਲ ਵੀ ਜੰਗਲ ''ਚ ਸਰਚ ਕੀਤੀ ਜਾ ਰਹੀ ਹੈ। ਇਸ ਬਾਰੇ ਐੱਸ. ਐੱਸ. ਪੀ. ਪਠਾਨਕੋਟ ਨੇ ਦੱਸਿਆ ਕਿ ਐਤਵਾਰ ਦੀ ਦੇਰ ਰਾਤ ਇਕ ਸ਼ੱਕੀ ਬੈਗ ਬਰਾਮਦ ਕੀਤਾ ਗਿਆ, ਜਿਸ ''ਚ ਫੌਜ ਦੀਆਂ ਵਰਦੀਆਂ ਸਨ, ਜਿਸ ਦੇ ਚਲਦਿਆਂ ਉਨ੍ਹਾਂ ਨੇ ਇਲਾਕੇ ਦੀ ਸਰਚ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਪਠਾਨਕੋਟ ਏਅਰਬੇਸ ''ਤੇ ਅੱਤਵਾਦੀ ਹਮਲੇ ਤੋਂ ਬਾਅਦ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਹਮਲੇ ''ਚ ਫੌਜ ਦੇ 7 ਜਵਾਨ ਮਾਰੇ ਗਏ ਸਨ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।


Related News