ਹੋਟਲ ''ਚ ਮਹਿਲਾ ਸੈਲਾਨੀ ਦਾ ਕਤਲ ਕਰ ਸ਼ਖ਼ਸ ਨੇ ਬੈਗ ''ਚ ਭਰੀ ਲਾਸ਼, ਪੁਲਸ ਨੇ ਇੰਝ ਕੀਤਾ ਦੋਸ਼ੀ ਗ੍ਰਿਫ਼ਤਾਰ

05/16/2024 2:58:18 PM

ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੀ ਸੈਰ-ਸਪਾਟਾ ਨਗਰੀ ਮਨਾਲੀ ਵਿਚ ਇਕ ਨਿੱਜੀ ਹੋਟਲ 'ਚ ਮਹਿਲਾ ਸੈਲਾਨੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਨਾਲੀ ਪੁਲਸ ਦੀ ਟੀਮ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵਲੋਂ ਹੁਣ ਦੋਸ਼ੀ ਨੌਜਵਾਨ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਮਹਿਲਾ ਦਾ ਕਤਲ ਕਿਉਂ ਕੀਤਾ ਅਤੇ ਦੋਹਾਂ ਵਿਚਾਲੇ ਕੀ ਰਿਸ਼ਤਾ ਸੀ। ਮਨਾਲੀ ਪੁਲਸ ਦੀ ਟੀਮ ਨੇ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਮਨਾਲੀ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ 13 ਮਈ ਨੂੰ ਇਹ ਦੋਵੇਂ ਮਨਾਲੀ ਆਏ ਸਨ ਅਤੇ ਇਕ ਨਿੱਜੀ ਹੋਟਲ ਵਿਚ ਠਹਿਰੇ ਹੋਏ ਸਨ। ਆਧਾਰ ਕਾਰਡ ਮੁਤਾਬਕ ਮ੍ਰਿਤਕ ਮਹਿਲਾ ਦਾ ਨਾਂ ਸ਼ੀਤਲ ਵਾਸੀ ਮੱਧ ਪ੍ਰਦੇਸ਼ ਹੈ ਅਤੇ ਦੋਸ਼ੀ ਦਾ ਨਾਂ ਵਿਨੋਦ ਹੈ, ਜੋ ਹਰਿਆਣਾ ਸੂਬੇ ਦਾ ਰਹਿਣ ਵਾਲਾ ਹੈ। ਬੀਤੀ ਸ਼ਾਮ ਦੇ ਸਮੇਂ ਜਦੋਂ ਵਿਨੋਦ ਇਕੱਲਾ ਹੀ ਹੋਟਲ ਤੋਂ ਜਾਣ ਲੱਗਾ ਤਾਂ ਉਸ ਨੇ ਵੋਲਵੋ ਬੱਸ ਸਟੈਂਡ ਜਾਣ ਲਈ ਟੈਕਸੀ ਮੰਗਵਾ ਲਈ। ਜਦੋਂ ਉਹ ਇਕ ਬੈਗ ਨੂੰ ਗੱਡੀ ਵਿਚ ਪਾ ਰਿਹਾ ਸੀ ਤਾਂ ਇਸ ਦੌਰਾਨ ਹੋਟਲ ਸਟਾਫ ਨੂੰ ਬੈਗ ਕਾਫੀ ਭਾਰੀ ਲੱਗਾ।

ਹੋਟਲ ਸਟਾਫ ਨੇ ਸ਼ੱਕ ਦੇ ਆਧਾਰ 'ਤੇ ਤੁਰੰਤ ਮਨਾਲੀ ਪੁਲਸ ਨੂੰ ਸੂਚਨਾ ਦਿੱਤੀ। ਇਸ ਦੌਰਾਨ ਦੋਸ਼ੀ ਨੂੰ ਪਤਾ ਲੱਗ ਗਿਆ ਕਿ ਹੋਟਲ ਸਟਾਫ ਨੇ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਹੈ। ਜਿਸ ਮਗਰੋਂ ਉਹ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਟੈਕਸੀ ਵਿਚ ਰੱਖੇ ਬੈਗ ਨੂੰ ਜਦੋਂ ਖੋਲ੍ਹਿਆ ਤਾਂ ਉਸ ਵਿਚ ਮਹਿਲਾ ਦੀ ਲਾਸ਼ ਬਰਾਮਦ ਹੋਈ। ਪੁਲਸ ਦੀ ਟੀਮ ਨੇ ਤੁਰੰਤ ਨਾਕਾਬੰਦੀ ਸ਼ੁਰੂ ਕਰ ਦਿੱਤੀ ਅਤੇ ਦੇਰ ਰਾਤ ਦੋਸ਼ੀ ਨੌਜਵਾਨ ਨੂੰ ਬਜੌਰਾ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ। ਕੁੱਲੂ ਦੇ SP ਡਾ. ਗੋਕੁਲ ਚੰਦਰਨ ਕਾਰਤੀਕੇਅਨ ਨੇ ਦੱਸਿਆ ਕਿ ਮਨਾਲੀ ਪੁਲਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।


Tanu

Content Editor

Related News