ਛੁੱਟੀ ਰੱਦ ਹੋਣ ਦੇ ਬਾਵਜੂਦ ਗੈਰ-ਹਾਜ਼ਰ ਰਹੇ ਇੰਪਰੂਵਮੈਂਟ ਟਰੱਸਟ ਦੇ 10 ਕਰਮਚਾਰੀ

03/18/2018 11:45:58 AM

ਜਲੰਧਰ (ਪੁਨੀਤ)— ਸਰਕਾਰ ਵੱਲੋਂ ਨੋਟਿਸ ਭੇਜ ਕੇ ਸ਼ਨੀਵਾਰ ਦੀ ਛੁੱਟੀ ਰੱਦ ਕਰਨ ਦੇ ਬਾਵਜੂਦ ਇੰਪਰੂਵਮੈਂਟ ਟਰੱਸਟ ਦੇ 10 ਕਰਮਚਾਰੀ ਗੈਰ-ਹਾਜ਼ਰ ਰਹੇ, ਜਿਸ ਤੋਂ ਸਾਬਤ ਹੁੰਦਾ ਹੈ ਕਿ ਟਰੱਸਟ ਕਰਮਚਾਰੀ ਸਰਕਾਰ ਦੇ ਹੁਕਮਾਂ ਨੂੰ ਨਹੀਂ ਮੰਨਦੇ। 
ਵਿਧਾਨ ਸਭਾ ਸੈਸ਼ਨ ਚੱਲਣ ਦੇ ਕਾਰਨ ਸਰਕਾਰ ਨੇ ਕਈ ਸਰਕਾਰੀ ਦਫਤਰਾਂ ਵਿਚ ਹੁਕਮ ਭੇਜ ਕੇ ਸਾਰੇ ਕਰਮਚਾਰੀਆਂ ਨੂੰ ਦਫਤਰ 'ਚ ਮੌਜੂਦ ਰਹਿਣ ਦੇ ਹੁਕਮ ਦਿੱਤੇ ਸਨ, ਜਿਸ ਦੇ ਬਾਅਦ ਟਰੱਸਟ ਦੇ ਈ. ਓ. ਵੱਲੋਂ ਸ਼ੁੱਕਰਵਾਰ ਨੂੰ ਸਬੰਧਤ ਕਰਮਚਾਰੀਆਂ ਲਈ ਦਫਤਰੀ ਹੁਕਮ ਜਾਰੀ ਕੀਤਾ ਗਿਆ। ਇਸ 'ਚ ਸਾਫ ਲਿਖਿਆ ਸੀ ਕਿ ਕੋਈ ਵੀ ਕਰਮਚਾਰੀ ਦਫਤਰ ਤੋਂ ਗੈਰ-ਹਾਜ਼ਰ ਨਾ ਰਹੇ ਪਰ ਇਸਦੇ ਬਾਵਜੂਦ ਵੀ ਕਈ ਕਰਮਚਾਰੀਆਂ ਦੇ ਸਿਰ 'ਤੇ ਜੂੰ ਨਹੀਂ ਸਰਕੀ। 10 ਦੇ ਕਰੀਬ ਕਰਮਚਾਰੀਆਂ ਨੇ ਦਫਤਰ ਆਉਣਾ ਉਚਿਤ ਨਹੀਂ ਸਮਝਿਆ।
ਪਬਲਿਕ ਨੂੰ ਹੁੰਦੀ ਹੈ ਪਰੇਸ਼ਾਨੀ: ਜ਼ਿਕਰਯੋਗ ਹੈ ਕਿ ਟਰੱਸਟ ਕਰਮਚਾਰੀਆਂ ਦੀ ਮਨਮਰਜ਼ੀ ਕਾਰਨ ਪਬਲਿਕ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਇਸ ਸਬੰਧ 'ਚ ਬੀਤੇ ਦਿਨੀਂ ਚੇਅਰਮੈਨ ਨੂੰ ਮੰਗ ਪੱਤਰ ਸੌਂਪ ਕੇ ਕੰਮ ਵਿਚ ਤੇਜ਼ੀ ਲਿਆਉਣ ਦੀ ਮੰਗ ਰੱਖੀ ਸੀ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਜਿਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਅੱਜ ਛੁੱਟੀ ਰੱਦ ਹੈ, ਉਹ ਆਪਣੇ ਕੰਮ ਨਾਲ ਸਬੰਧਤ ਉਥੇ ਪਹੁੰਚੇ ਪਰ ਲੋਕਾਂ ਨੂੰ ਉਥੋਂ ਵਾਪਸ ਜਾਣਾ ਪਿਆ। 
ਸਾਰਿਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ: ਈ. ਓ. ਚੌਧਰੀ : ਇਸ 'ਤੇ ਟਰੱਸਟ ਦੇ ਈ. ਓ. ਰਾਜੇਸ਼ ਚੌਧਰੀ ਨੇ ਵੱਡਾ ਐਕਸ਼ਨ ਲੈਂਦੇ ਹੋਏ ਉਕਤ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਗੱਲਬਾਤ ਦੌਰਾਨ ਚੌਧਰੀ ਨੇ ਕਿਹਾ ਕਿ ਉਕਤ ਕਰਮਚਾਰੀਆਂ ਵੱਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧ 'ਚ ਉਕਤ ਕਰਮਚਾਰੀਆਂ ਵੱਲੋਂ ਜੋ ਜਵਾਬ ਦਿੱਤਾ ਜਾਵੇਗਾ, ਉਸ 'ਤੇ ਰਿਪੋਰਟ ਬਣਾ ਕੇ ਸਬੰਧਤ ਅਧਿਕਾਰੀਆਂ ਨੂੰ ਭੇਜੀ ਜਾਵੇਗੀ।


Related News