ਮਸਕ ਦੀ ਭਾਰਤ ਯਾਤਰਾ ਰੱਦ ਹੋਣ ਦੇ ਅਰਥ

04/23/2024 3:35:47 PM

ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਨੇ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰ ਭਾਰਤ ਦੀ ਯਾਤਰਾ ਨੂੰ ਅਚਾਨਕ ਰੱਦ ਕਰ ਦਿੱਤਾ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਹੈਰਾਨੀਜਨਕ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਚੋਣਾਂ ’ਚ ਭਾਜਪਾ ਦੀ ਹਾਰ ਨੂੰ ਦਰਸਾਉਂਦਾ ਹੈ, ਜਦੋਂ ਕਿ ਮਸਕ ਅਨੁਸਾਰ ਉਹ ਟੇਸਲਾ ਕੰਪਨੀ ਦੀਆਂ ਭਾਰੀ ਜ਼ਿੰਮੇਵਾਰੀਆਂ ਕਾਰਨ ਯਾਤਰਾ ਨੂੰ ਟਾਲ ਰਹੇ ਹਨ ਪਰ ਮਸਕ ਦੀ ਯਾਤਰਾ ਰੱਦ ਹੋਣ ਦੇ ਕਈ ਪਹਿਲੂ ਹਨ, ਜਿਨ੍ਹਾਂ ਦੀ ਪੜਤਾਲ ਜ਼ਰੂਰੀ ਹੈ।

ਮਸਕ ਆਪਣੇ ਸਨਕੀਪਨ ਲਈ ਮਸ਼ਹੂਰ ਹਨ। ਪਿਛਲੇ ਸਾਲ ਨਵੰਬਰ ’ਚ ਵਪਾਰ ਮੰਤਰੀ ਪਿਊਸ਼ ਗੋਇਲ ਜਦੋਂ ਅਮਰੀਕਾ ’ਚ ਟੇਸਲਾ ਦੇ ਦੌਰੇ ’ਤੇ ਗਏ ਸਨ ਉਦੋਂ ਵੀ ਮਸਕ ਨੇ ਉਨ੍ਹਾਂ ਦੀ ਅਗਵਾਈ ਨਹੀਂ ਕੀਤੀ ਸੀ। ਦੂਜਾ ਕਾਰਨ ਚੋਣਾਂ ਦੀ ਵਜ੍ਹਾ ਨਾਲ ਲਾਗੂ ਚੋਣ ਜ਼ਾਬਤਾ ਹੋ ਸਕਦਾ ਹੈ। ਵੱਡੇ ਕਾਰੋਬਾਰੀ ਲਾਭ ਲਈ ਭਾਰਤ ਆ ਰਹੇ ਮਸਕ ਨਾਲ ਚੋਣਾਂ ਦੇ ਸਮੇਂ ਕਿਸੇ ਸਮਝੌਤੇ ਕਾਰਨ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਬਣ ਸਕਦੀ ਸੀ। ਸੋਸ਼ਲ ਮੀਡੀਆ ਪਲੇਟਫਾਰਮ ਵਜੋਂ ਟਵੀਟਰ ਦੀ ਭਾਰਤ ’ਚ ਸਾਰੀਆਂ ਪਾਰਟੀਆਂ ਦੇ ਨੇਤਾ ਚੋਣਾਂ ’ਚ ਵੱਡੇ ਪੈਮਾਨੇ ’ਤੇ ਵਰਤੋ ਕਰ ਰਹੇ ਹਨ। ਇਸ ਲਈ ਇਹ ਹੋ ਸਕਦਾ ਹੈ ਕਿ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਮਸਕ ਆਪਣੀਆਂ ਸ਼ਰਤਾਂ ’ਤੇ ਭਾਰਤ ਆਉਣ।

ਕੋਰੋਨਾ ਅਤੇ ਲਾਕਡਾਊਨ ਦੌਰਾਨ ਜਦੋਂ ਪੂਰੀ ਦੁਨੀਆ ਦੀ ਅਰਥਵਿਵਸਥਾ ਠੱਪ ਹੋ ਗਈ ਸੀ, ਉਦੋਂ ਮਸਕ ਦੀ ਜਾਇਦਾਦ ’ਚ 10 ਗੁਣਾ ਦਾ ਇਜ਼ਾਫਾ ਹੋਇਆ ਸੀ। ਇਲੈਕਟ੍ਰਿਕ ਵ੍ਹੀਕਲ (ਈ. ਵੀ.), ਸੈਟੇਲਾਈਟ ਇੰਟਰਨੈੱਟ, ਏ. ਆਈ., ਕ੍ਰਿਪਟੋਕਰੰਸੀ ਅਤੇ ਪੁਲਾੜ ’ਚ ਨਵੀਂ ਦੁਨੀਆ ਦੇ ਕਾਰੋਬਾਰ ਨਾਲ ਨਵੇਂ ਯੁਗ ਦਾ ਸਿਕੰਦਰ ਬਣਨ ਦੀ ਮਸਕ ਦੀ ਚਾਹਤ ਹੈ।

ਅਮੇਜਨ ਕੰਪਨੀ ਦੇ ਮਾਲਕ ਜੈਫ ਬੇਜੋਸ ਨੇ ‘ਵਾਸ਼ਿੰਗਟਨ ਪੋਸਟ’ ਅਖਬਾਰ ਦੀ ਮਾਲਕੀ ’ਤੇ ਕੰਟਰੋਲ ਕੀਤਾ ਹੈ। ਉਸੇ ਤਰਜ਼ ’ਤੇ ਮਸਕ ਟਵਿਟਰ ’ਤੇ ਕਬਜ਼ਾ ਕਰ ਕੇ ਦੁਨੀਆ ’ਚ ਆਪਣੀ ਬਾਦਸ਼ਾਹਤ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਸਕ ਦੇ ਮਾਲਕੀ ਤੋਂ ਪਹਿਲਾਂ ਖੱਬੇਪੱਖੀ ਰੁਝਾਨਾਂ ਵਾਲੇ ਟਵਿਟਰ ਦੇ ਨਾਲ ਭਾਰਤ ਸਰਕਾਰ ਦੇ ਕਈ ਟਕਰਾਅ ਹੋ ਰਹੇ ਸਨ। ਵਧਦੇ ਵਿਵਾਦਾਂ ਤੋਂ ਬਾਅਦ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੀ ਕੇਂਦਰੀ ਮੰਤਰੀ ਮੰਡਲ ਤੋਂ ਅਤੇ ਪਰਾਗ ਅਗਰਵਾਲ ਦੀ ਟਵਿਟਰ ਤੋਂ ਛੁੱਟੀ ਹੋ ਗਈ ਸੀ। ਟਵਿਟਰ ਜੋ ਹੁਣ ਐਕਸ ਕਹਿਲਾਉਂਦਾ ਹੈ ਉਸ ’ਚ ਮਸਕ ਦੇ ਸਭ ਤੋਂ ਵੱਧ 17.7 ਕਰੋੜ ਫਾਲੋਅਰਜ਼ ਹਨ ਜਦੋਂ ਕਿ ਪ੍ਰਧਾਨ ਮੰਤਰੀ ਮੋਦੀ 9.7 ਕਰੋੜ ਫਾਲੋਅਰਜ਼ ਨਾਲ ਸੱਤਵੇਂ ਪਾਏਦਾਨ ’ਤੇ ਹਨ।

ਟੈਸਲਾ ਦੇ ਪਲਾਂਟ ਲਈ ਸੂਬਿਆਂ ’ਚ ਦੌੜ : ਮਸਕ ਦੀ ਆਰਥਿਕ ਖੁਸ਼ਹਾਲੀ ਦਾ ਮੁੱਖ ਆਧਾਰ ਟੇਸਲਾ ਕੰਪਨੀ ਹੈ। 3 ਸਾਲ ਪਹਿਲਾਂ ਟੇਸਲਾ ਦਾ ਮਾਰਕੀਟ ਕੈਪ 1.2 ਟ੍ਰਿਲੀਅਨ ਡਾਲਰ ਸੀ ਜੋ ਹੁਣ 540 ਬਿਲੀਅਨ ਡਾਲਰ ਹੀ ਬਚਿਆ ਹੈ। ਚੀਨ, ਯੂਰਪ ਅਤੇ ਅਮਰੀਕਾ ਦੇ ਬਾਜ਼ਾਰ ’ਚ ਟੇਸਲਾ ਦੀ ਵਿਕਰੀ ’ਚ ਭਾਰੀ ਗਿਰਾਵਟ ਤੋਂ ਬਾਅਦ ਮਸਕ ਭਾਰਤ ਦੇ ਬਾਜ਼ਾਰ ’ਤੇ ਦਬਦਬਾ ਬਣਾ ਕੇ ਕੰਪਨੀ ਦੀ ਸਿਹਤ ਸੁਧਾਰਨਾ ਚਾਹੁੰਦੇ ਹਨ। ਭਾਰਤ ’ਚ ਟੇਸਲਾ ਦੇ ਈ. ਵੀ. ਪਲਾਂਟ ਤੋਂ 25 ਹਜ਼ਾਰ ਕਰੋੜ ਦੇ ਨਿਵੇਸ਼ ਨਾਲ ਅਰਥਵਿਵਸਥਾ ਦੀ ਮਜ਼ਬੂਤੀ ਨਾਲ ਰੋਜ਼ਗਾਰ ਵਧ ਸਕਦੇ ਹਨ ਪਰ ਪਲਾਂਟ ਲਾਉਣ ਨਾਲ ਮਸਕ ਵਾਹਨਾਂ ਦੀ ਦਰਾਮਦ ਨਾਲ ਭਾਰਤ ਦੇ ਬਾਜ਼ਾਰ ਨੂੰ ਪਰਖਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਇੰਪੋਰਟ ਡਿਊਟੀ ’ਚ ਕਮੀ ਦੀ ਮੰਗ ਕੀਤੀ ਹੈ।

ਮਾਰੀਸ਼ਸ ਅਤੇ ਸਿੰਗਾਪੁਰ ਦੇ ਨਾਲ ਭਾਰਤ ਦੇ ਟੈਕਸ ਸਮਝੌਤਿਆਂ ’ਚ ਬਦਲਾਅ ਤੋਂ ਬਾਅਦ ਇਨ੍ਹਾਂ ਦੇਸ਼ਾਂ ਤੋਂ ਐੱਫ. ਡੀ. ਆਈ. ਨਿਵੇਸ਼ ’ਤੇ ਕੈਪੀਟਲ ਗੇਨ ਟੈਕਸ ਦੀ ਛੋਟ ਦਾ ਰਾਹ ਬੰਦ ਹੋ ਗਿਆ ਹੈ। ਇਸ ਲਈ ਨਵੇਂ ਪਲਾਂਟ ਨੂੰ ਲਾਉਣ ਲਈ ਮਸਕ ਨੀਦਰਲੈਂਡ ਦੇ ਟੈਕਸ ਹੈਵਨ ਰਾਹੀਂ ਭਾਰਤ ’ਚ ਦਾਖਲ ਹੋਣਾ ਚਾਹੰੁਦੇ ਹਨ। ਇਸ ਨਾਲ ਟੇਸਲਾ ਅਤੇ ਮਸਕ ਨੂੰ ਕੈਪੀਟਲ ਗੇਨ, ਵਿਦਹੋਲਡਿੰਗ ਟੈਕਸ ਅਤੇ ਡਿਵੀਡੈਂਡ ’ਤੇ ਟੈਕਸ ’ਚ ਵੱਡੀ ਰਾਹਤ ਮਿਲ ਸਕਦੀ ਹੈ। ਮਸਕ ਨੂੰ ਟੇਸਲਾ ਕੰਪਨੀ ਤੋਂ ਲਗਭਗ 4500 ਅਰਬ ਦਾ ਪੈਕੇਜ ਮਿਲਦਾ ਹੈ।

ਸਰਕਾਰ ਨਾਲ ਟਕਰਾਅ ਅਤੇ ਟੈਕਸ ਤੋਂ ਬਚਣ ਲਈ ਮਸਕ ਨੇ ਟੈਕਸਾਸ ਸੂਬੇ ’ਚ ਹੈੱਡਕੁਆਰਟਰ ਨੂੰ ਸ਼ਿਫਟ ਕਰ ਲਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੇ ਕਾਰਜਕਾਲ ’ਚ 2015 ’ਚ ਅਮਰੀਕਾ ’ਚ ਮਸਕ ਨਾਲ ਮੁਲਾਕਾਤ ਕੀਤੀ ਸੀ। ਉਸ ਤੋਂ ਬਾਅਦ ਦੂਜੇ ਕਾਰਜਕਾਲ ’ਚ ਜੂਨ 2023 ’ਚ ਮਸਕ ਨੇ ਅਮਰੀਕਾ ’ਚ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਖੁਦ ਨੂੰ ਮੋਦੀ ਦਾ ਫੈਨ ਦੱਸਿਆ ਸੀ। ਪਲਾਂਟ ਦੇ ਬਾਰੇ ’ਚ ਮਸਕ ਦੇ ਪੂਰੇ ਪੱਤੇ ਖੁੱਲ੍ਹਣ ਤੋਂ ਪਹਿਲਾਂ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ, ਤੇਲੰਗਾਨਾ ਅਤੇ ਰਾਜਸਥਾਨ ਦੀਆਂ ਸਰਕਾਰਾਂ ’ਚ ਦੌੜ ਦਾ ਫਿਲਹਾਲ ਕੋਈ ਮਤਲਬ ਨਹੀਂ ਹੈ।

ਸੈਟੇਲਾਈਟ ਇੰਟਰਨੈੱਟ ’ਚ ਸੁਰੱਖਿਆ ਦੇ ਮੁੱਦੇ : ਦੁਨੀਆ ’ਚ 1414 ਸੈਟੇਲਾਈਟ ’ਚ ਲਗਭਗ 6 ਹਜ਼ਾਰ ਮਸਕ ਦੀ ਸਟਾਰਲਿੰਕ ਕੰਪਨੀ ਦੇ ਹਨ। ਸਟਾਰਲਿੰਕ ਨੇ ਭਾਰਤ ’ਚ ਸੈਟੇਲਾਈਟ ਇੰਟਰਨੈੱਟ ਦਾ ਲਾਇਸੈਂਸ ਲੈਣ ਲਈ 3 ਸਾਲ ਪਹਿਲਾਂ ਅਪੀਲ ਕੀਤੀ ਸੀ। ਫਿਲਹਾਲ ਭਾਰਤ ’ਚ ਏਅਰਟੈੱਲ ਅਤੇ ਰਿਲਾਇੰਸ ਕੋਲ ਇਸ ਬਾਰੇ ਲਾਇਸੈਂਸ ਹੈ। ਮਸਕ ਨਾਲ ਅਮੇਜਨ ਦੇ ਜੇਫ ਬੇਸੋਜ ਵੀ ਕਿਵਪਰ ਕੰਪਨੀ ਦੇ ਰਾਹੀਂ ਭਾਰਤ ’ਚ ਸੈਟੇਲਾਈਟ ਇੰਟਰਨੈੱਟ ਦਾ ਲਾਈਸੈਂਸ ਹਾਸਲ ਕਰਨ ਦੀ ਦੌੜ ’ਚ ਹਨ। ਮਸਕ ਦੀ ਸਟਾਰ ਲਿੰਕ ਕੰਪਨੀ ਦਾ ਅਮਰੀਕਾ ਦੇ ਖੁਫੀਆ ਸੰਸਥਾਨਾਂ ਨਾਲ ਗੂੜ੍ਹਾ ਸਬੰਧ ਹੈ। ਉਨ੍ਹਾਂ ਦੀ ਕੰਪਨੀ ਯੂਕ੍ਰੇਨ-ਰੂਸ ਜੰਗ ’ਚ ਵੀ ਜੰਗੀ ਭੂਮਿਕਾ ਨਿਭਾ ਰਹੀ ਹੈ। ਇਸ ਬਾਰੇ ਲਾਇਸੈਂਸ ਦੀਆਂ ਸ਼ਰਤਾਂ ਅਨੁਸਾਰ ਸਟਾਰਲਿੰਕ ਕੰਪਨੀ ਭਾਰਤ ’ਚ ਸੁਰੱਖਿਆ ਸਬੰਧੀ ਅੰਡਰਟੇਕਿੰਗ ਦੇਣ ’ਚ ਨਾਂਹ-ਨੁਕਰ ਕਰ ਰਹੀ ਹੈ। ਇਸ ਬਾਰੇ ਡਿਜੀਟਲ ਕਮਿਊਨੀਕੇਸ਼ਨ ਕਮਿਸ਼ਨ ਨੇ ਆਖਰੀ ਫੈਸਲਾ ਲੈਣਾ ਹੈ।

ਸੰਸਦ ’ਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਨੇ ਦਸੰਬਰ 2023 ’ਚ ਨਵੇਂ ਟੈਲੀਕਾਮ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਸੀ। ਸੈਟੇਲਾਈਟ ਇੰਟਰਨੈੱਟ ਲਈ ਨਿਲਾਮੀ ਦੀ ਬਜਾਏ ਪ੍ਰਸ਼ਾਸਨਿਕ ਮਾਧਿਅਮ ਨਾਲ ਸਪੈਕਟ੍ਰਮ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਹੇ ਹਨ। ਕੇਂਦਰ ਸਰਕਾਰ ਨੇ ਇਸ ਬਾਰੇ ਖੁੱਲ੍ਹੇ ਬਾਜ਼ਾਰ ਦੀ ਨੀਤੀ ਅਪਣਾਈ ਤਾਂ ਫਿਰ ਕਾਨੂੰਨ-ਵਿਵਸਥਾ ਦੇ ਨਾਲ ਰਾਸ਼ਟਰੀ ਸੁਰੱਖਿਆ ਪੱਖੋਂ ਕਈ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ।

ਟੈਲੀਕਾਮ ਕੰਪਨੀ ਵੋਡਾਫੋਨ ਭਾਰਤ ’ਚ ਨੀਦਰਲੈਂਡ ਦੇ ਰਸਤੇ ਆਈ ਸੀ, ਉਸ ਤੋਂ ਬਾਅਦ ਵਿਵਾਦ ਹੋਣ ’ਤੇ ਵੋਡਾਫੋਨ ਨੇ ਭਾਰਤ ਸਰਕਾਰ ਖਿਲਾਫ ਟੈਕਸ ਤੋਂ ਛੋਟ ਦਾ ਵੱਡਾ ਮੁਕੱਦਮਾ ਜਿੱਤਿਆ ਸੀ। ਮਸਕ ਨੇ ਚੈਟ ਜੀ. ਪੀ. ਟੀ. ਦੇ ਸੀ. ਈ. ਓ. ਸੈਮ ਆਲਟਮੈਨ ਖਿਲਾਫ ਅਮਰੀਕਾ ’ਚ ਮੁਕੱਦਮਾ ਦਾਇਰ ਕੀਤਾ ਸੀ। ਮਸਕ ਅਨੁਸਾਰ ਓਪਨ ਸੋਰਸ ਰੱਖਦੇ ਹੋਏ ਜਨ ਕਲਿਆਣ ਲਈ ਬਣਾਈ ਗਈ ਓਪਨ ਏ.ਆਈ.ਕੰਪਨੀ ਨੂੰ ਆਲਟਮੈਨ ਨੇ ਵੱਡੇ ਮੁਨਾਫੇ ਦਾ ਹਥਿਆਰ ਬਣਾ ਲਿਆ।

ਜਨ ਕਲਿਆਣ ਅਤੇ ਪੌਣ ਪਾਣੀ ਤਬਦੀਲੀ ਰਾਖਵੇਂ ਦੀ ਆੜ ’ਚ ਭਾਰਤ ਰਾਹੀਂ ਦੁਨੀਆ ’ਚ ਕਬਜ਼ੇ ਦਾ ਸੁਪਨਾ ਦੇਖਣ ਵਾਲੇ ਮਸਕ, ਕਿਸ ਦੇਸ਼ ਦੇ ਰਾਹ ਅਤੇ ਕਿਹੜੀਆਂ ਸ਼ਰਤਾਂ ’ਤੇ ਭਾਰਤ ’ਚ ਨਿਵੇਸ਼ ਕਰਦੇ ਹਨ, ਉਸ ਅਨੁਸਾਰ ਹੀ, ਭਾਰਤੀ ਅਰਥਵਿਵਸਥਾ ਦੀ ਦਿਸ਼ਾ ਨਾਲ ਵੋਕਲ ਫਾਰ ਲੋਕਲ ਦੀ ਅਮਲੀ ਦਸ਼ਾ ਦਾ ਨਿਰਧਾਰਨ ਹੋਵੇਗਾ।


ਵਿਰਾਗ ਗੁਪਤਾ (ਐਡਵੋਕੇਟ, ਸੁਪਰੀਮ ਕੋਰਟ)


Rakesh

Content Editor

Related News