ਸਪੀਕਰ ਸੰਧਵਾਂ ਨੇ ਯੂ. ਕੇ. ਦੀਆਂ ਚੋਣਾਂ ਵਿਚ ਜਿੱਤ ਦਰਜ ਕਰਨ ਵਾਲੇ 10 ਪੰਜਾਬੀਆਂ ਨੂੰ ਦਿੱਤੀ ਵਧਾਈ

Saturday, Jul 06, 2024 - 03:59 PM (IST)

ਸਪੀਕਰ ਸੰਧਵਾਂ ਨੇ ਯੂ. ਕੇ. ਦੀਆਂ ਚੋਣਾਂ ਵਿਚ ਜਿੱਤ ਦਰਜ ਕਰਨ ਵਾਲੇ 10 ਪੰਜਾਬੀਆਂ ਨੂੰ ਦਿੱਤੀ ਵਧਾਈ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੰਗਲੈਂਡ ਦੀਆਂ ਆਮ ਚੋਣਾਂ ਵਿਚ ਜਿੱਤ ਦਰਜ ਕਰਨ ਵਾਲੇ 10 ਪੰਜਾਬੀਆਂ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਇਸ ਜਿੱਤ ਨਾਲ ਹਾਊਸ ਆਫ਼ ਕਾਮਨਜ਼ ਵਿਚ ਸਿੱਖਾਂ ਅਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਹੋਵੇਗੀ। ਅੱਜ ਇੱਥੋਂ ਜਾਰੀ ਇਕ ਪ੍ਰੈਸ ਬਿਆਨ ਜ਼ਰੀਏ ਵਧਾਈ ਸੰਦੇਸ਼ ਦਿੰਦਿਆਂ ਸੰਧਵਾਂ ਨੇ ਤਨਮਨਜੀਤ ਸਿੰਘ ਢੇਸੀ ਅਤੇ ਹੋਰਾਂ ਵੱਲੋਂ ਯੂ.ਕੇ. ਦੀਆਂ ਆਮ ਚੋਣਾਂ ਵਿਚ ਵੱਡੀਆਂ ਜਿੱਤਾਂ ਦਰਜ ਕਰਨ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਆਏ ਨਤੀਜਿਆਂ ਵਿਚ ਲੇਬਰ ਪਾਰਟੀ ਵਲੋਂ ਦਰਜ ਕੀਤੀ ਹੂੰਝਾਫੇਰੂ ਜਿੱਤ ਨਾਲ ਯੂ.ਕੇ. ਦੀ ਪਾਰਲੀਮੈਂਟ ਵਿਚ ਪੰਜਾਬੀਆਂ ਖ਼ਾਸ ਕਰ ਸਿੱਖਾਂ ਨੂੰ ਮਹੱਤਵਪੂਰਨ ਨਮਾਇੰਦਗੀ ਹਾਸਲ ਹੋਈ ਹੈ।

ਸਪੀਕਰ ਨੇ ਇਨ੍ਹਾਂ ਚੋਣਾਂ ਵਿਚ ਦਰਜ ਜਿੱਤ ਨੂੰ ਇਤਿਹਾਸਕ ਅਤੇ ਪੰਜਾਬੀ ਭਾਈਚਾਰੇ ਲਈ ਇਕ ਮੀਲ ਪੱਥਰ ਗਰਦਾਨਦਿਆਂ ਕਿਹਾ ਕਿ ਸਿੱਖ ਆਗੂਆਂ ਦੀ ਇਹ ਜਿੱਤ ਮਾਣ ਕਰਨ ਵਾਲੀ ਅਤੇ ਵਕਾਰੀ ਜਿੱਤ ਹੈ। ਉਨ੍ਹਾਂ ਕਿਹਾ ਕਿ ਬਰਤਾਨਵੀ ਪਾਰਲੀਮੈਂਟ ਲਈ ਪਹਿਲੀ ਵਾਰ 10 ਸਿੱਖ ਅਤੇ ਪੰਜਾਬੀ ਮੈਂਬਰਾਂ, ਜਿਨ੍ਹਾਂ ਵਿਚ 5 ਮਹਿਲਾਵਾਂ ਸ਼ਾਮਲ ਹਨ, ਦਾ ਚੁਣੇ ਜਾਣਾ ਇਕ ਮਿਸਾਲ ਹੈ। ਨਵੇਂ ਚੁਣੇ ਗਏ ਸੰਸਦ ਮੈਂਬਰਾਂ ਤੋਂ ਯੂ. ਕੇ. ਦੇ ਆਮ ਲੋਕਾਂ ਅਤੇ ਪੰਜਾਬੀ ਭਾਈਚਾਰੇ ਦੇ ਸਰੋਕਾਰਾਂ ਲਈ ਲਗਾਤਾਰ ਯਤਨਸ਼ੀਲ ਰਹਿਣ ਦੀ ਉਮੀਦ ਕਰਦਿਆਂ ਸੰਧਵਾਂ ਨੇ ਜੇਤੂ ਪੰਜਾਬੀਆਂ ਦੀ ਸਫ਼ਲਤਾ ਅਤੇ ਇੰਗਲੈਂਡ ਦੀ ਰਾਜਨੀਤੀ ਵਿਚ ਜ਼ਿਕਰਯੋਗ ਅਗਵਾਈ ਕਰਨ ਦੀ ਕਾਮਨਾ ਵੀ ਕੀਤੀ।


author

Gurminder Singh

Content Editor

Related News