ਸਿੱਖਿਆ ਵਿਭਾਗ ਦਾ ਯੂ-ਟਰਨ, ਅਧਿਆਪਕਾਂ ਦੀ ਰੈਸ਼ਨੇਲਾਈਜੇਸ਼ਨ ਦੇ ਹੁਕਮ ਕੀਤੇ ਰੱਦ
Saturday, Dec 28, 2019 - 12:15 AM (IST)
ਚੰਡੀਗਡ਼੍ਹ (ਭੁੱਲਰ)- ਪੰਜਾਬ ਸਿੱਖਿਆ ਵਿਭਾਗ ਨੇ ਅਚਨਾਕ ਯੂ-ਟਰਨ ਲੈਂਦਿਆਂ ਰਾਜ ’ਚ ਅਧਿਆਪਕਾਂ ਦੀ ਰੈਸ਼ਨੇਲਾਈਜੇਸ਼ਨ ਦੇ ਹੁਕਮ ਰੱਦ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਵਿਭਾਗ ਵਲੋਂ ਮੌਜੂਦਾ ਨੀਤੀ ਦੇ ਤਹਿਤ ਕੀਤੀ ਜਾ ਰਹੀ ਰੈਸ਼ਨੇਲਾਈਜੇਸ਼ਨ ਦਾ ਸਾਰੇ ਅਧਿਆਪਕ ਸੰਗਠਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਪੰਜਾਬ ਸਿੱਖਿਆ ਵਿਭਾਗ ਵਲੋਂ ਅੱਜ ਸਾਰੇ ਜ਼ਿਲਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਭੇਜੇ ਗਏ ਪੱਤਰ ’ਚ ਰੈਸ਼ਨੇਲਾਈਜੇਸ਼ਨ ਦੇ ਹੁਕਮ ਰੱਦ ਕਰਲ ਬਾਰੇ ਸੂਚਿਤ ਕੀਤਾ ਗਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ 10 ਸਤੰਬਰ, 2019 ਨੂੰ ਜਾਰੀ ਕੀਤੇ ਗਏ ਰੈਸ਼ਨੇਲਾਈਜੇਸ਼ਨ ਦੇ ਹੁਕਮ ਤੁਰੰਤ ਪ੍ਰਭਾਵ ਤੋਂ ਰੱਦ ਕੀਤੇ ਗਏ ਹਨ। ਅਧਿਆਪਕ ਸੰਗਠਨਾਂ ਵਲੋਂ ਰੈਸ਼ਨੇਲਾਈਜੇਸ਼ਨ ਦਾ ਵਿਰੋਧ ਕਰਦਿਆਂ ਕਿਹਾ ਗਿਆ ਸੀ ਕਿ ਇਸ ਦੇ ਤਹਿਤ ਵੱਡੀ ਗਿਣਤੀ ’ਚ ਅਧਿਆਪਕਾਂ ਨੂੰ ਇਧਰ-ਉਧਰ ਤਬਦੀਲ ਕਰਨ ਨਾਲ ਪਡ਼੍ਹਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਵੱਡੀ ਗਿਣਤੀ ’ਚ ਮਹਿਲਾ ਮੁੱਖ ਅਧਿਆਪਕਾਂ ਨੂੰ ਦੂਰਦਰਾਜ ਖੇਤਰਾਂ ’ਚ ਤਬਦੀਲ ਕਰਨ ਖਿਲਾਫ਼ ਵੀ ਰੋਸ ਜ਼ਾਹਿਰ ਕੀਤਾ ਗਿਆ ਸੀ। ਅਧਿਆਪਕ ਨੇਤਾਵਾਂ ਨੇ ਇਹ ਵੀ ਦੋਸ਼ ਲਗਾਏ ਸਨ ਕਿ ਰੈਸ਼ਨੇਲਾਈਜੇਸ਼ਨ ਨੀਤੀ ਦੇ ਤਹਿਤ ਵੱਡੀ ਗਿਣਤੀ ’ਚ ਅਧਿਆਪਕਾਂ ਦੇ ਪਦ ਖ਼ਤਮ ਕੀਤੇ ਜਾ ਰਹੇ ਹਨ। ਵਿਭਾਗ ਵਲੋਂ ਰੈਸ਼ਨੇਲਾਈਜੇਸ਼ਨ ਦੇ ਹੁਕਮ ਰੱਦ ਕਰਨ ਤੋਂ ਬਾਅਦ ਵੱਡੀ ਗਿਣਤੀ ’ਚ ਤਬਦੀਲ ਹੋਏ ਅਧਿਆਪਕਾਂ ਨੂੰ ਰਾਹਤ ਮਿਲੇਗੀ।