ਰੇਲਵੇ ਵੱਲੋਂ ਪਿਛਲੇ ਸਾਲ ਬੰਦ ਕੀਤੀਆਂ ਦੋ ਹਫਤਾਵਾਰੀ ਟਰੇਨਾਂ ਚਾਲੂ

Wednesday, Feb 07, 2018 - 07:46 AM (IST)

ਰੇਲਵੇ ਵੱਲੋਂ ਪਿਛਲੇ ਸਾਲ ਬੰਦ ਕੀਤੀਆਂ ਦੋ ਹਫਤਾਵਾਰੀ ਟਰੇਨਾਂ ਚਾਲੂ

ਪਟਿਆਲਾ, (ਪ੍ਰਤਿਭਾ)- ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਰੇਲਵੇ ਅਥਾਰਟੀ ਨੇ ਪਿਛਲੇ ਸਾਲ ਬੰਦ ਕੀਤੀਆਂ ਦੋ ਹਫਤਾਵਾਰੀ ਟਰੇਨਾਂ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਜੋਧਪੁਰ-ਹਰਿਦੁਆਰ-ਜੋਧਪੁਰ ਤੇ ਬਠਿੰਡਾ-ਵਾਰਾਨਸੀ ਦੋ ਟਰੇਨਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਵਿਚ ਜੋਧਪੁਰ-ਹਰਿਦੁਆਰ-ਜੋਧਪੁਰ 4 ਅਪ੍ਰੈਲ ਤੋਂ 26 ਜੂਨ ਤੱਕ ਚਲਾਈ ਜਾਵੇਗੀ, ਜਦੋਂ ਕਿ ਬਠਿੰਡਾ-ਵਾਰਾਨਸੀ ਟਰੇਨ 18 ਫਰਵਰੀ ਤੋਂ 25 ਜੂਨ ਤੱਕ ਚੱਲੇਗੀ। ਲੋਕਾਂ ਦੀ ਵਾਰ-ਵਾਰ ਮੰਗ ਤੋਂ ਬਾਅਦ ਹੀ ਰੇਲਵੇ ਨੇ ਇਸ ਗੱਲ ਦਾ ਫੈਸਲਾ ਕੀਤਾ ਸੀ ਕਿ ਇਨ੍ਹਾਂ ਟਰੇਨਾਂ ਨੂੰ ਫਿਰ ਤੋਂ ਚਲਾਇਆ ਜਾਵੇ। ਹਾਲਾਂਕਿ ਇਕ ਐਕਸਪੈਰੀਮੈਂਟ ਦੇ ਤੌਰ 'ਤੇ ਰੇਲਵੇ ਨੇ ਇਹ ਦੋਵੇਂ ਟਰੇਨਾਂ ਸ਼ੁਰੂ ਕੀਤੀਆਂ ਸੀ। ਇਸ ਵਿਚ ਬਠਿੰਡਾ-ਵਾਰਾਨਸੀ ਟਰੇਨ ਨੂੰ ਕਾਫੀ ਜ਼ਿਆਦਾ ਰਿਸਪਾਂਸ ਮਿਲਿਆ ਸੀ। ਇਸ ਤੋਂ ਇਲਾਵਾ ਜੋਧਪੁਰ-ਹਰਿਦੁਆਰ ਟਰੇਨ ਨੂੰ ਮੁੜ ਚਲਾਉਣ ਲਈ ਵੀ ਆਮ ਜਨਤਾ ਵੱਲੋਂ ਮੰਗ ਕੀਤੀ ਜਾ ਰਹੀ ਸੀ। ਅਜਿਹੇ ਵਿਚ ਦੋਵੇਂ ਹੀ ਟਰੇਨਾਂ ਬਜਟ ਵਿਚ ਮਨਜ਼ੂਰ ਹੋਈਆਂ ਹਨ। 
ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਸ਼ੁਰੂ ਕੀਤੀਆਂ ਜਾਂਦੀਆਂ ਹਨ ਇਹ ਟਰੇਨਾਂ
ਵਰਨਣਯੋਗ ਹੈ ਕਿ ਹੋਲੀ ਦੇ ਮੱਦੇਨਜ਼ਰ ਬਠਿੰਡਾ-ਵਾਰਾਨਸੀ ਟਰੇਨ ਸ਼ੁਰੂ ਕੀਤੀ ਜਾ ਰਹੀ ਹੈ। ਹਫਤੇ ਵਿਚ ਇਕ ਵਾਰ ਹੀ ਇਹ ਟਰੇਨ ਚਲਾਈ ਜਾਵੇਗੀ ਕਿਉਂਕਿ ਮਾਲਵਾ ਰਿਜਨ ਵਿਚ ਪ੍ਰਵਾਸੀ ਲੋਕਾਂ ਦੀ ਇਕ ਵੱਡੀ ਗਿਣਤੀ ਹੈ। ਉਨ੍ਹਾਂ ਦੀ ਸਹੂਲਤ ਦੇ ਮੱਦੇਨਜ਼ਰ ਹੀ ਇਹ ਟਰੇਨ ਸ਼ੁਰੂ ਕੀਤੀ ਜਾ ਰਹੀ ਹੈ। 
ਇਸ ਤੋਂ ਪਹਿਲਾਂ ਇਹ ਟਰੇਨ ਦੀਵਾਲੀ ਸੀਜ਼ਨ ਕਾਰਨ 2016 ਵਿਚ ਸ਼ੁਰੂ ਕੀਤੀ ਸੀ। ਰੇਲਵੇ ਨੂੰ ਇਸ ਟਰੇਨ ਤੋਂ ਕਾਫੀ ਫਾਇਦਾ ਵੀ ਹੋਇਆ। ਇਸ ਲਈ ਨਿਰਧਾਰਿਤ ਤਰੀਕ ਤੋਂ ਬਾਅਦ ਵੀ ਇਸ ਨੂੰ ਐਕਸਟੈਂਡ ਕਰਦੇ ਰਹੇ ਅਤੇ ਪਿਛਲੇ ਸਾਲ ਹੀ ਇਹ ਟਰੇਨ ਬੰਦ ਕੀਤੀ ਗਈ ਹੈ। ਇਸੇ ਤਰ੍ਹਾਂ ਜੋਧਪੁਰ-ਹਰਿਦੁਆਰ ਟਰੇਨ ਵੀ ਫੈਸਟੀਵਲ ਸੀਜ਼ਨ ਵਿਚ ਪਿਛਲੇ ਸਾਲ ਸਤੰਬਰ ਵਿਚ ਸ਼ੁਰੂ ਹੋਈ ਸੀ, ਜਿਸ ਨੂੰ 13 (ਟ੍ਰਿਪ) ਵਾਰ ਹੀ ਚਲਾਇਆ ਜਾਣਾ ਸੀ। ਉਸ ਤੋਂ ਬਾਅਦ ਇਹ ਟਰੇਨ ਬੰਦ ਕਰ ਦਿੱਤੀ ਗਈ। ਹੁਣ ਇਨ੍ਹਾਂ ਦੋਵੇਂ ਟਰੇਨਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਦੋਵੇਂ ਟਰੇਨਾਂ ਦਾ ਸਮਾਂ
ਜੋਧਪੁਰ-ਹਰਿਦੁਆਰ-ਜੋਧਪੁਰ ਹਫਤਾਵਾਰੀ ਟਰੇਨ ਪਟਿਆਲਾ ਹਰ ਮੰਗਲਵਾਰ ਨੂੰ ਸਵੇਰੇ 3.15 ਵਜੇ ਪਹੁੰਚੇਗੀ ਅਤੇ 3.17 'ਤੇ ਚੱਲੇਗੀ। ਗੱਡੀ ਵਿਚ 1 ਸੈਕਿੰਡ ਏ. ਸੀ., 2 ਥਰਡ ਏ. ਸੀ., 6 ਸੈਕਿੰਡ ਕਲਾਸ, 6 ਸੈਕਿੰਡ ਕਲਾਸ ਆਮ ਸ਼੍ਰੇਣੀ ਅਤੇ 2 ਗਾਰਡ ਡੱਬਿਆਂ ਸਮੇਤ ਕੁੱਲ 17 ਡੱਬੇ ਹੋਣਗੇ, ਉਥੇ ਬਠਿੰਡਾ-ਵਾਰਾਨਸੀ ਟਰੇਨ ਹਰ ਐਤਵਾਰ ਰਾਤ 11.57 ਮਿੰਟ 'ਤੇ ਪਟਿਆਲਾ ਸਟੇਸ਼ਨ ਪਹੁੰਚੇਗੀ। 
40 ਸਾਲ 'ਚ ਪਹਿਲੀ ਵਾਰ ਰੇਲਵੇ ਲਈ 1.48 ਲੱਖ ਕਰੋੜ ਮਨਜ਼ੂਰ ਹੋਏ : ਨਵੀਨ ਸ਼ਰਮਾ
ਰੇਲਵੇ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਨਵੀਨ ਸ਼ਰਮਾ ਦਾ ਕਹਿਣਾ ਹੈ ਕਿ ਇਹ ਚੰਗੀ ਗੱਲ ਹੈ ਕਿ ਰੇਲਵੇ ਲਈ 40 ਸਾਲ ਵਿਚ ਪਹਿਲੀ ਵਾਰ ਇੰਨਾ ਜ਼ਿਆਦਾ ਬਜਟ ਮਨਜ਼ੂਰ ਹੋਇਆ ਹੈ। 1.48 ਲੱਖ ਕਰੋੜ ਰੁਪਏ ਸਰਕਾਰ ਨੇ ਮਨਜ਼ੂਰ ਕੀਤੇ ਹਨ। ਇਸ ਵਿਚ ਸੀ. ਸੀ. ਟੀ. ਵੀ., ਵਾਈ-ਫਾਈ, ਡਬਲ ਲਾਈਨ ਪ੍ਰੋਜੈਕਟ ਅਤੇ ਖਾਸ ਕਰ ਕੇ ਇਲੈਕਟ੍ਰੀਫਿਕੇਸ਼ਨ ਦੇ ਕੰਮ ਹੋਣੇ ਹਨ। ਨਵੀਂ ਟਰੇਨ ਇਸ ਵਾਰ ਨਹੀਂ ਚਲਾਈ ਜਾ ਰਹੀ ਹੈ ਪਰ ਕਿਰਾਇਆ ਵੀ ਨਹੀਂ ਵਧਾਇਆ ਗਿਆ ਹੈ। ਇਹ ਵੀ ਆਮ ਲੋਕਾਂ ਲਈ ਚੰਗੀ ਗੱਲ ਹੈ। ਉਂਝ ਤਾਂ ਵਾਈ-ਫਾਈ 'ਤੇ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਜਾ ਰਿਹਾ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਸਿਰਫ ਅੱਧਾ ਘੰਟਾ ਹੀ ਵਾਈ-ਫਾਈ ਮੁਫਤ ਹੈ, ਉਸ ਤੋਂ ਬਾਅਦ ਤਾਂ ਚਾਰਜ ਲੱਗਣੇ ਸ਼ੁਰੂ ਹੋ ਜਾਣਗੇ, ਉਥੇ ਸੀ. ਸੀ. ਟੀ. ਵੀ. ਕੈਮਰੇ ਲੱਗਣੇ ਤਾਂ ਸਭ ਤੋਂ ਜ਼ਰੂਰੀ ਹੈ। 


Related News