ਦੋਸਤਾਂ ਨਾਲ ਨਹਾਉਣ ਗਏ ਦੋ ਨੌਜਵਾਨ ਨਹਿਰ ''ਚ ਡੁੱਬੇ
Monday, Jun 22, 2020 - 10:07 AM (IST)
ਮੋਗਾ (ਆਜ਼ਾਦ)— ਥਾਣਾ ਚੜਿੱਕ ਅਧੀਨ ਪੈਂਦੇ ਇਲਾਕੇ ਪਿੰਡ ਮੰਡੀਰਾ ਵਾਲੀ ਨਹਿਰ 'ਚ ਦੋਸਤ ਨਾਲ ਨਹਾਉਣ ਗਏ 2 ਨੌਜਵਾਨਾਂ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ ਹੈ। ਇਕ ਨੌਜਵਾਨ ਦੀ ਲਾਸ਼ ਨੂੰ ਪਿੰਡ ਦੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ, ਜਿਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਗਾ ਪਹੁੰਚਾ ਦਿੱਤਾ ਗਿਆ, ਜਦਕਿ ਦੂਜੇ ਲੜਕੇ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਚੜਿੱਕ ਦੇ ਮੁਖੀ ਥਾਣੇਦਾਰ ਸੁਖਜਿੰਦਰ ਸਿੰਘ ਹੋਰ ਪੁਲਸ ਕਰਮਚਾਰੀਆਂ ਸਣੇ ਘਟਨਾ ਸਥਾਨ 'ਤੇ ਪੁੱਜੇ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਬਾਅਦ ਦੁਪਹਿਰ 15-16 ਦੇ ਕਰੀਬ ਨੌਜਵਾਨ ਲੜਕੇ ਜੋ ਮੋਗਾ ਅਤੇ ਆਸ-ਪਾਸ ਦੇ ਖੇਤਰ ਦੇ ਸਨ, ਨਹਿਰ 'ਤੇ ਬੈਠੇ ਹੋਏ ਸਨ ਅਤੇ ਨਹਾਉਣ ਦੀ ਤਿਆਰੀ 'ਚ ਸਨ, ਜਿਸ 'ਤੇ ਪਿੰਡ ਦੇ ਕੁਝ ਲੜਕੇ ਉਥੇ ਆ ਗਏ ਅਤੇ ਉਨ੍ਹਾਂ ਉਕਤ ਨੌਜਵਾਨ ਲੜਕਿਆਂ ਨੂੰ ਇਥੋਂ ਚਲੇ ਜਾਣ ਨੂੰ ਕਿਹਾ ਅਤੇ ਉਨ੍ਹਾਂ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਕਿ ਨਹਿਰ ਦਾ ਪਾਣੀ ਦੂਸ਼ਿਤ ਹੈ ਅਤੇ ਡੂੰਘਾ ਹੈ, ਕੋਈ ਅਣਹੋਣੀ ਘਟਨਾ ਹੋ ਹੋ ਜਾਵੇ, ਜਿਸ 'ਤੇ ਉਕਤ ਸਾਰੇ ਲੜਕੇ ਉਥੋਂ ਆਪਣੇ-ਆਪਣੇ ਮੋਟਰਸਾਈਕਲਾਂ 'ਤੇ ਇਕ ਕਿਲੋਮੀਟਰ ਅੱਗੇ ਚਲੇ ਗਏ ਅਤੇ ਨਹਾਉਣ ਲੱਗੇ।
ਇਸ ਦੌਰਾਨ ਪਿੰਡ ਮੰਡੀਰਾਂ ਦੇ ਲੋਕਾਂ ਨੂੰ ਪਤਾ ਲੱਗਾ ਕਿ ਨਹਾਉਂਦੇ ਸਮੇਂ ਨਹਿਰ 'ਚ 2 ਲੜਕੇ ਡੁੱਬ ਗਏ ਹਨ, ਜਿਸ 'ਤੇ ਪਿੰਡ ਦੇ ਸਰਪੰਚ ਜੱਗਾ ਸਿੰਘ ਅਤੇ ਹੋਰ ਲੋਕ ਉਥੇ ਪਹੁੰਚੇ ਅਤੇ ਉਕਤ ਲੜਕਿਆਂ ਨੂੰ ਜੋ ਨਹਿਰ 'ਚ ਡੁੱਬੇ ਸਨ, ਉਨ੍ਹਾਂ ਨੂੰ ਮੋਟੇ ਰੱਸਿਆਂ ਅਤੇ ਪੌੜੀਆਂ ਰਾਹੀਂ ਨਹਿਰ 'ਚ ਪਾ ਕੇ ਬਚਾਉਣ ਦਾ ਯਤਨ ਕੀਤਾ। ਲੜਕਿਆਂ ਨੇ ਇਕ ਡੁੱਬੇ ਹੋਏ ਲੜਕੇ ਨੂੰ ਬਾਹਰ ਕੱਢ ਲਿਆ, ਜਿਸ ਦੀ ਪਛਾਣ ਗਗਨਦੀਪ ਸਿੰਘ ਉਰਫ ਅਕਸ਼ੈ (25) ਨਿਵਾਸੀ ਪਿੰਡ ਸੇਖਾਂ ਕਲਾਂ ਜੋ ਆਪਣੇ ਨਾਨਕੇ ਮੋਗਾ ਆਇਆ ਹੋਇਆ ਸੀ, ਦੇ ਤੌਰ 'ਤੇ ਹੋਈ ਹੈ, ਜਦਕਿ ਗੁਰਜੀਤ ਸਿੰਘ (21) ਨਿਵਾਸੀ ਨਿਗਾਹਾ ਰੋਡ ਮੋਗਾ ਦੀ ਲਾਸ਼ ਬਰਾਮਦ ਹੋਈ, ਜਿਸ ਨੂੰ ਬਰਾਮਦ ਕਰਨ ਦਾ ਲੋਕਾਂ ਵੱਲੋਂ ਯਤਨ ਕੀਤਾ ਜਾ ਰਿਹਾ ਹੈ।
ਜਦ ਇਸ ਸਬੰਧ 'ਚ ਉਥੇ ਮੌਜੂਦ ਥਾਣਾ ਚੜਿੱਕ ਦੇ ਮੁਖੀ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਲੜਕੇ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਆਉਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ, ਜਦਕਿ ਦੂਸਰੇ ਲੜਕੇ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਜੋ ਲੜਕੇ ਉਥੇ ਮੌਜੂਦ ਸਨ, ਉਨ੍ਹਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ, ਤਾਂਕਿ ਸਾਰੀ ਅਸਲੀਅਤ ਦਾ ਪਤਾ ਲੱਗ ਸਕੇ। ਥਾਣਾ ਮੁਖੀ ਨੇ ਦੱਸਿਆ ਕਿ ਹਰੀਕੇ ਤੋਂ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ ਹੈ।